November 12, 2011 admin

ਸਵਾਲ

ਅਮਿਤ ਦਾ ਨੰਬਰ ਆਉਂਦਿਆਂ ਹੀ ਉਹ ਇੰਟਰਵਿਊ ਵਾਲੇ ਕਮਰੇ ਵਿਚ ਚਲਾ ਗਿਆ। ਚੋਣ ਕਮੇਟੀ ਦੇ ਚੇਅਰਮੈਨ ਨੇ ਵਾਰੀ-ਵਾਰੀ ਕਈ ਸਵਾਲ ਅਮਿਤ ਤੋਂ ਪੁੱਛੇ।

"ਬਈ ਤੂੰ ਤਾਂ ਸਾਰੇ ਸਵਾਲਾਂ ਦੇ ਸਹੀ ਜਵਾਬ ਦਿੱਤੇ ਹਨ। ਬਸ ਇਕ ਹੀ ਸਵਾਲ ਹੈ ਜੇ ਤੂੰ ਉਸ ਦਾ ਠੀਕ ਜਵਾਬ ਦੇ ਦਿੱਤਾ ਤਾਂ ਤੇਰੀ ਨੌਕਰੀ ਪੱਕੀ।" ਚੇਅਰਮੈਨ ਨੇ ਖ਼ੁਸ਼ੀ ਨਾਲ ਕਿਹਾ।

ਅਮਿਤ ਨੇ ਮੁਸਕਰਾਉਂਦਿਆਂ ਪੁੱਛਿਆ, "ਜੀ, ਉਹ ਕਿਹੜਾ ਪ੍ਰਸ਼ਨ ਹੈ?"

ਚੋਣ ਕਮੇਟੀ ਦੇ ਚੇਅਰਮੈਨ ਨੇ ਅੰਗੂਠੇ ਨੂੰ ਚਾਰ ਉਂਗਲਾਂ `ਤੇ ਘੁਮਾਣਾ ਸ਼ੁਰੂ ਕਰ ਦਿੱਤਾ। ਅਮਿਤ ਨੇ ਹੈਰਾਨੀ ਨਾਲ ਕਿਹਾ, "ਜੀ ਮੈਂ ਸਮਝਿਆ ਨਹੀਂ।" ਉਹਨਾਂ ਨੇ ਫਿਰ ਤੋਂ ਆਪਣੇ ਹੱਥ ਦੀਆਂ ਉਂਗਲਾਂ `ਤੇ ਅੰਗੂਠੇ ਨੂੰ ਤੇਜ਼ੀ ਨਾਲ ਘਸਾਉਣਾ ਸ਼ੁਰੂ ਕੀਤਾ।

"ਪਲੀਜ਼, ਜੀ ਜ਼ਰਾ ਵਿਸਥਾਰ ਨਾਲ ਦੱਸੋ, ਮੈਂ ਅਜੇ ਵੀ ਨਹੀਂ ਸਮਝਿਆ।"

ਚੇਅਰਮੈਨ ਸਾਹਿਬ ਨੇ ਛਿੱਥੇ ਪੈਂਦਿਆਂ ਕਿਹਾ, "ਓਏ, ਜੇ ਅਜੇ ਵੀ ਨਹੀਂ ਸਮਝ ਸਕਦਾ ਤਾਂ ਨੌਕਰੀ ਸੁਆਹ ਦੀ ਕਰੇਂਗਾ।" ਤੇ ਉਹਨਾਂ  ਨੇ ਅਗਲਾ ਨੰਬਰ ਬੋਲ ਦਿੱਤਾ।

-ਮਨਪ੍ਰੀਤ ਕੌਰ ਭਾਟੀਆ

194, ਆਜ਼ਾਦ ਨਗਰ, ਫਿਰੋਜ਼ਪੁਰ-152002

Translate »