"ਸੁਣੋ ਜੀ, ਹੁਣ ਤਾਂ ਮੈਂ ਬਸ ਅੱਕੀ ਪਈ ਆਂ। ਕੁਝ ਕਰਨਾ ਈ ਪੈਣੈ ਹੁਣ ਸ਼ੀਲਾ ਦਾ।"
"ਕੀ ਹੋ ਗਿਐ ਹੁਣ?" ਰਾਮ ਚੰਦ ਨੇ ਆਪਣੀ ਪਤਨੀ ਰਸ਼ਮੀ ਦੇ ਮੱਥੇ `ਤੇ ਉੱਭਰੇ ਹੋਏ ਵੱਟ ਦੇਝਦੇ ਹੀ ਕਿਹਾ।
"ਹੋਣਾ ਕੀ ਐ, ਮੁੰਡੇ ਨੂੰ ਪੜ੍ਹਾਉਣ-ਲਿਖਾਉਣ `ਤੇ ਅਸੀਂ ਲੱਖਾਂ ਰੁਪਏ ਖਰਚ ਕਰ ਦਿੱਤੇ ਤੇ ਉਹਦੇ ਸਹੁਰਿਆਂ ਨੇ ਕੌਡੀ ਮੁੱਲ ਨਹੀਂ ਪਾਇਆ ਉਹਦਾ। ਕਦੇ ਕੋਈ ਚੱਜ ਦੀ ਚੀਜ਼ ਆਈ ਦੇਖੀ ਏ ਉਹਦੇ ਸਹੁਰਿਆਂ ਤੋਂ? ਭੁੱਖ ਦੇ ਮਾਰੇ ਹੋਏ ਨਾ ਹੋਣ ਤਾਂ। ਤੇ ਉਪਰੋਂ ਇਹ ਸ਼ੀਲਾ…ਘਰ ਦਾ ਪੂਰਾ ਕੰਮ ਵੀ ਨਹੀਂ ਕਰਦੀ ਤੇ ਕਈ ਗੱਲਾਂ `ਚ ਮੇਰੇ ਵਿਰੁੱਧ ਜਾਣ ਦੀ ਕੋਸ਼ਿਸ਼ ਵੀ ਕਰਦੀ ਏ। ਬੱਸ ਬਹੁਤ ਹੋ ਗਿਆ ਹੁਣ।"
"ਫੇਰ ਕੀ ਕਰੀਏ… ਰਾਮ ਚੰਦ ਗੰਭੀਰਤਾ ਨਾਲ ਬੋਲਿਆ।
"ਕੁਝ ਬੋਲਣਾ ਨਾ…ਬੱਸ ਧਿਆਨ ਨਾਲ ਮੇਰੀ ਗੱਲ ਸੁਣੋ…ਮੈਂ ਤੇ ਰਮੇਸ਼ ਨੇ ਮਿਲ ਕੇ ਯੋਜਨਾ ਬਣਾਈ ਏ।"
"ਕੀ?"
"ਬੱਸ ਇਹੀ ਕਿ ਕੱਲ੍ਹ ਹਮੇਸ਼ਾਂ ਵਾਂਗ ਤੁਸੀਂ ਤੇ ਰਮੇਸ਼ ਦਫ਼ਤਰ ਚਲੇ ਜਾਇਓ ਤੇ ਕੰਮ ਵਾਲੀ ਦੇ ਜਾਂਦਿਆਂ ਹੀ ਸ਼ੀਲਾ ਨੂੰ ਕਿਸੇ ਕੰਮ ਲਗਾ ਬਾਰ੍ਹਾਂ ਕੁ ਵਜੇ ਦੇ ਕਰੀਬ ਮੈਂ ਗੈਸ ਖੁੱਲ੍ਹੀ ਛੱਡ ਕੇ ਰਸੋਈ ਦੇ ਬੂਹੇ-ਬਾਰੀਆਂ ਤੇ ਬੱਤੀ ਬੰਦ ਕਰ ਛੱਡੂੰ। ਕੁਝ ਦੇਰ ਬਾਅਦ ਬਹੂ ਨੂੰ ਕਹਿੰਦੀ ਜਾਊਂ ਕਿ ਰੋਟੀ-ਸਬਜ਼ੀ ਬਣਾ ਲਈਂ ਤੇ ਆਪ ਕਿਸੇ ਘਰ ਚਲੀ ਜਾਊਂ। ਪਿੱਛੋਂ ਆਪੇ ਇਕੱਲੀ ਸੜ੍ਹ ਮਰੇਗੀ ਤੇ ਕਿਸੇ ਨੂੰ ਸਾਡੇ `ਤੇ ਛੱਕ ਵੀ ਨਹੀਂ ਹੋਵੇਗਾ।"
…ਤੇ ਅਗਲੀ ਸਵੇਰ ਬਿਲਕੁਲ ਉਵੇਂ ਹੀ ਰਸ਼ਮੀ ਕਿਸੇ ਜਾਣ-ਪਛਾਣ ਵਾਲੇ ਘਰ ਚਲੀ ਗਈ। ਉਥੇ ਵਕਤ ਬਤੀਤ ਰਿਹਾ ਸੀ, ਉਹ ਹੈਰਾਨ ਸੀ। ਉਸ ਨੂੰ ਆਇਆਂ ਇਕ ਘੰਟਾ ਬੀਤ ਗਿਆ ਪਰ ਕੋਈ ਖ਼ਬਰ ਈ ਨੀਂ ਆਈ।… ਘਰ ਆ ਕੇ ਅੱਗੋਂ ਜੰਦਰਾ ਲੱਗਾ ਦੇਖ ਕੇ ਉਹ ਹੈਰਾਨ ਦੀ ਹੈਰਾਨ ਰਹਿ ਗਈ। ਕਿਸੇ ਨੇ ਇੰਨਾ ਹੀ ਦੱਸਿਆ ਕਿ ਸ਼ੀਲਾ ਬਹੁਤ ਘਬਰਾਈ ਹੋਈ ਕਿਧਰੇ ਗਈ ਐ। ਇੰਨੇ ਨੂੰ ਰਾਮ ਚੰਦ ਬੇਹੱਦ ਘਬਰਾਇਆ ਹੋਇਆ ਆਇਆ ਤੇ ਭਰੇ ਗਲੇ ਨਾਲ ਮਸਾਂ ਬੋਲਿਆ, "ਛੇਤੀ ਚੱਲ…ਰਮੇਸ਼ ਦਾ ਅੇਕਸੀਡੈਂਟ ਹੋ ਗਿਐ…ਉਹ… ਹਸ…ਪ…ਤਾਲ `ਚ…।" ਤੇ ਉਹਦੀਆਂ ਗੱਲਾਂ `ਤੇ ਹੰਝੂ ਉਤਰ ਆਏ। ਰਸ਼ਮੀ ਘਬਰਾਈ ਹੋਈ ਪਤੀ ਨਾਲ ਸਕੂਟਰ ਪਿੱਛੇ ਬੈਠ ਕੇ ਹਸਪਤਾਲ ਪਹੁੰਚੀ।
"ਡਾਕਟਰ ਸਾਹਿਬ…ਸਾਡਾ ਬੇਟਾ…" ਰਸ਼ਮੀ ਹਾਉਕੇ ਭਰਦੀ ਬੋਲ ਨਾ ਸਕੀ।
"ਸੱਟ ਲੱਗਣ ਕਾਰਨ ਤੁਹਾਡੇ ਬੇਟੇ ਦਾ ਖ਼ੂਨ ਬਹੁਤ ਈ ਜ਼ਿਆਦਾ ਵਹਿ ਗਿਆ ਸੀ ਤੇ ਉਸ ਦਾ ਦੁਰਲੱਭ ਬਲੱਡ ਗਰੁੱਪ ਹੋਣ ਕਾਰਨ ਅਸੀਂ ਬਹੁਤ ਚਿੰਤਾਤੁਰ ਹੋ ਗਏ ਸੀ। ਪਰ ਹੁਣ ਤੁਸੀਂ ਫ਼ਿਕਰ ਨਾ ਕਰੋ। ਫ਼ੋਨ ਸੁਣਦੇ ਹੀ ਬਿਲਕੁਲ ਵਕਤ `ਤੇ ਤੁਹਾਡੀ ਨੂੰਹ ਸ਼ੀਲਾ ਪਹੁੰਚ ਗਈ। ਕੁਦਰਤੀ ਦੋਵਾਂ ਪਤੀ-ਪਤਨੀ ਦਾ ਬਲੱਡ ਗਰੁੱਪ ਇਕੋ ਸੀ, ਇਸ ਲਈ ਮੁਸ਼ਕਿਲ ਨਹੀਂ ਹੋਈ। ਨਹੀਂ ਤਾਂ ਕੁਝ ਵੀ…। ਹੁਣ ਉਹ ਖ਼ਤਰੇ ਤੋਂ ਬਾਹਰ ਹੈ।"
ਉਹਨਾਂ ਛੇਤੀ ਨਾਲ ਅੰਦਰ ਜਾ ਕੇ ਵੇਖਿਆ। ਰਮੇਸ਼ ਬੇਹੋਸ਼ ਸੀ ਤੇ ਕੋਲ ਦੂਸਰੇ ਬੈੱਡ `ਤੇ ਪਈ ਸ਼ੀਲਾ ਉਹਨਾਂ ਨੂੰ ਦੇਖ ਕੇ ਮੁਸਕਰਾ ਪਈ। ਸ਼ਰਮਸਾਰ ਹੋਏ ਰਸ਼ਮੀ ਤੇ ਰਾਮ ਚੰਦ ਤੋਂ ਕੁਝ ਨਾ ਬੋਲਿਆ ਗਿਆ। ਪਸ਼ਚਾਤਾਪ ਦੇ ਹੰਝੂ ਕੇਰਦਿਆਂ ਬਸ ਉਹਨਾਂ ਨੇ ਸ਼ੀਲਾ ਦੇ ਸਿਰ `ਤੇ ਹੱਥ ਫੇਰ ਦਿੱਤਾ।
ਮਨਪ੍ਰੀਤ ਕੌਰ ਭਾਟੀਆ