November 12, 2011 admin

ਸੇਵਾ ਦਾ ਫਲ ਮਿੱਠਾ ਹੁੰਦਾ ਹੈ

ਇਕ ਵਾਰ ਦੀ ਗੱਲ ਹੈ ਕਿ ਇਕ ਸਾਧੂ ਮਹਾਤਮਾ ਕਿਸੇ ਤੀਰਥ ਯਾਤਰਾ ਤੇ ਜਾ ਰਿਹਾ ਸੀ। ਉਸਦਾ ਸਫ਼ਰ ਬੜਾ ਲੰਬਾ ਸੀ। ਅਤੇ ਉਸਨੂੰ ਰਾਹ ਵਿਚ ਹੀ ਸ਼ਾਮ ਪੈ ਗਈ। ਜਦੋਂ ਉਹ ਇਕ ਪਿੰਡ ਕੋਲੋਂ ਗੁਜ਼ਰ ਰਿਹਾ ਸੀਤਾਂ ਕਾਫੀ ਹਨੇਰਾ ਹੋ ਚੁੱਕਾ ਸੀ। ਸਾਧੂ ਮਹਾਤਮਾ ਨੇ ਸੋਚਿਆ ਕਿ ਉਸਨੂੰ ਇਸੇ ਪਿੰਡ ਵਿਚ ਰਾਤ ਕੱਟ ਲੈਣੀ ਚਾਹੀਦੀ ਹੈ। ਇਸ ਲਈ ਉਸਨੇ ਇਕ ਘਰ ਦਾ ਦਰਵਾਜ਼ਾ ਖੜਕਾਇਆ। ਉਸ ਘਰ ਦੀ ਮਾਲਕਿਨ ਨੇ ਦਰਵਾਜ਼ਾ ਖੋਲਿ੍ਹਆ। ਜਦੋਂ ਉਸ ਮਾਲਕਿਨ ਨੇ ਸਾਧੂ ਮਹਾਤਮਾ ਨੂੰ ਵੇਖਿਆ ਤਾਂ ਗੁੱਸੇ ਵਿਚ ਉਸਨੇ ਪੁਛਿੱਆ “ਕੀ ਗੱਲ ਹੈ?” ਸਾਧੂ ਮਹਾਤਮਾ ਨੇ ਕਿਹਾ ਕਿ ਮੈਂ ਤੀਰਥ ਯਾਤਰਾ ਤੇ ਜਾ ਰਿਹਾ ਹਾਂ। ਰਾਤ ਪੈਣ ਕਰਕੇ ਮੈਂ ਇਥੇ ਹੀ ਰਾਤ ਕੱਟਣੀ ਚਾਹੁੰਦਾ ਹਾਂ। ਉਸ ਮਾਲਕਿਨ ਨੇ ਗੁੱਸੇ ਵਿਚ ਉਤੱਰ ਦਿਤਾ ਕਿ ਕੀ ਇੱਥੇ ਕੋਈ ਸਰ੍ਹਾਂ ਹੈਜਿਥੇ ਕਿ ਤੁਹਾਨੂੰ ਰਾਤ ਰਹਿਣ ਦਿਤਾ ਜਾਵੇ। ਸਾਧੂ ਮਹਾਤਮਾ ਬਿਨਾਂ ਕੁਝ ਕਹੇ ਅੱਗੇ ਤੁਰ ਪਿਆ। ਥੋੜ੍ਹੀ ਦੂਰ ਜਾ ਕੇ ਸਾਧੂ ਨੇ ਉਸੇ ਪਿੰਡ ਦੇ ਬਾਹਰ ਇਕ ਝੋਂਪੜੀ ਦਾ ਦਰਵਾਜ਼ਾ ਖੜਕਾਇਆ। ਝੋਂਪੜੀ ਵਿਚੋਂ ਇਕ ਗਰੀਬ ਔਰਤ ਨੇ ਦਰਵਾਜ਼ਾ ਖੋਲਿ੍ਹਆ ਅਤੇ ਸਾਧੂ ਮਹਾਤਮਾ ਨੂੰ ਵੇਖ ਕੇ ਬੜੇ ਸਤਿਕਾਰ ਨਾਲ ਪੇਸ਼ ਆਈ। ਜਦੋਂ ਸਾਧੂ ਮਹਾਤਮਾ ਨੇ ਆਪਣੇ ਆਉਣ ਦਾ ਕਾਰਨ ਦੱਸਿਆ ਤਾਂ ਉਸ ਗਰੀਬ ਔਰਤ ਨੇ ਬੜੇ ਸਤਿਕਾਰ ਨਾਲ ਕਿਹਾ ਕਿ ਧੰਨ ਭਾਗ ਸਾਡੇ ਜੋ ਆਪ ਜੈਸੇ ਮਹਾਂਪੁਰਸ਼ਾਂ ਦੇ ਚਰਨ ਪਏ ਹਨ।ਉਸ ਔਰਤ ਨੇ ਸਾਧੂ ਮਹਾਤਮਾ ਨੂੰ ਬੜੀ ਸ਼ਰਧਾ ਨਾਲ ਮੰਜਾ ਬਿਸਤਰਾ ਦਿਤਾ, ਰਹਿਣ ਲਈ ਜਗ੍ਹਾ ਦਿਤੀ ਅਤੇ ਪਿਆਰ ਨਾਲ ਭੋਜਨ ਛਕਾਇਆ। ਉਸ ਔਰਤ ਦੇ ਛੋਟੇ- ਛੋਟੇ ਦੋ ਬੱਚੇ ਸਨ। ਉਸ ਔਰਤ ਦਾ ਪਤੀ ਸਵਰਗਵਾਸ ਹੋ ਚੁੱਕਾ ਸੀ। ਤੇ ਉਹ ਮਿਹਨਤ ਮਜ਼ਦੂਰੀ ਕਰਕੇ ਬੱਚਿਆਂ ਦੀ ਪਾਲਣਾ ਕਰਦੀ ਸੀ। ਦੂਜੀ ਸਵੇਰ ਨੂੰ ਜਦੋਂ ਸਾਧੂ ਮਹਾਤਮਾ ਜੀ ਉੱਠੇ ਤਾਂ ਉਸ ਔਰਤ ਨੇ ਉਹਨਾਂ ਦੀ ਚਾਹ ਪਾਣੀ ਨਾਲ ਸੇਵਾ ਕੀਤੀ। ਸਾਧੂ ਮਹਾਤਮਾ ਨੇ ਉਸ ਔਰਤ ਤੋਂ ਉਸ ਦੇ ਪਤੀ ਬਾਰੇ ਪੁਛਿੱਆ ਤਾਂ ਉਸ ਔਰਤ ਨੇ ਸਾਰੀ ਵਿਥਿਆ ਸੁਣਾਈ। ਸਾਧੂ ਮਹਾਤਮਾ ਨੂੰ ਉਸ ਤੇ ਬੜਾ ਤਰਸ ਆਇਆ। ਉਸ ਔਰਤ ਦਾ ਸੇਵਾ ਭਾਵ ਦੇਖ ਕੇ ਸਾਧੂ ਮਹਾਤਮਾ ਨੇ ਉਸਨੂੰ ਆਸ਼ੀਰਵਾਦ ਦਿਤਾ ਕਿ ਤੂੰ ਜਿਹੜਾ ਕੰਮ ਸਵੇਰੇ ਸ਼ੁਰੂ ਕਰੇ , ਸ਼ਾਮ ਤੱਕ ਕਰਦੀ ਰਹੇਂ।ਇਹ ਆਸ਼ੀਰਵਾਦ ਦੇ ਕੇ ਸਾਧੂ ਉਥੋਂ ਚਲਾ ਗਿਆ। ਸਾਧੂ ਮਹਾਤਮਾ ਦੇ ਜਾਣ ਤੋਂ ਬਾਅਦ ਉਸ ਔਰਤ ਨੇ ਆਪਣੇ ਪਿਛਲੇ ਦਿਨ ਦੀ ਮਜ਼ਦੂਰੀ ਦੇ ਪੈਸੇ ਗਿਣਨੇ ਸ਼ੁਰੂ ਕੀਤੇ। ਤਾਂ ਪੈਸੇ ਵੱਧਦੇ ਗਏ ਅਤੇ ਸ਼ਾਮ ਤੱਕ ਉਹ ਪੈਸੇ ਗਿਣਦੀ ਰਹੀ।ਉਸ ਕੋਲ ਬਹੁਤ ਧੰਨ ਹੋ ਗਿਆ। ਉਹ ਔਰਤ ਗਰੀਬ ਤੋਂ ਅਮੀਰ ਹੋ ਗਈ। ਆਪਣੇ ਬੱਚਿਆਂ ਨੂੰ ਸਕੂਲ ਪੜ੍ਹਨੇ ਪਾ ਦਿਤਾ ਤੇ ਸੁਖੀ ਜੀਵਨ ਬਤੀਤ ਕਰਨ ਲੱਗੀ।

ਸਿੱਖਿਆ- ਸੇਵਾ ਦਾ ਫਲ ਮਿੱਠਾ ਹੁੰਦਾ ਹੈ।

Translate »