ਪੰਜਾਬੀ ਸਾਹਿਤ ਦੇ ਇਤਿਹਾਸ ਤੇ ਝਾਤ ਮਾਰਿਆਂ ਪਤਾ ਲੱਗਦਾ ਹੈ ਕਿ ਪੰਜਾਬੀ ਦਾ ਪ੍ਰਥਮ ਕਵੀ ਗੋਰਖ ਨਾਥ ਸੀ। ਡਾਕਟਰ ਮੋਹਨ ਸਿੰਘ ਦੀਵਾਨਾ ਉਸ ਦਾ ਕਾਲ 809 ਈ: ਮੰਨਦੇ ਹਨ। ਪਰ ਗੋਰਖ ਨਾਥ ਦੀ ਭਾਸ਼ਾ ਅੱਜ ਦੀ ਪੰਜਾਬੀ ਭਾਸ਼ਾ ਨਾਲੋਂ ਅਪਭ੍ਰੰਸ਼ ਦੇ ਜ਼ਿਆਦਾ ਨੇੜੇ ਹੈ। ਇਸੇ ਤਰ੍ਹਾਂ ਬਾਕੀ ਨਾਥਾਂ ਦੀ ਰਚਨਾ ਵੀ ਆਧੁਨਿਕ ਭਾਸ਼ਾ ਨਾਲੋਂ ਬਹੁਤ ਵੱਖਰੇਵੇਂ ਵਾਲੀ ਹੈ। ਫ਼ਰੀਦ ਦੀ ਬਾਣੀ ਹੀ ਲਿਖਤੀ ਰੂਪ ਵਿੱਚ ਮਿਲਦੀ ਹੈ ਜੋ ਪੰਜਾਬੀ ਨੂੰ ਚਾਰ ਚੰਨ ਲਾਉਂਦੀ ਹੈ। ਗੁਰੂ ਨਾਨਕ ਦੇਵ ਜੀ ਨੇ ਪੰਜਾਬੀ ਸਾਹਿਤ ਵਿੱਚ ਗਿਣਾਤਮਕ ਤੇ ਗੁਣਾਤਮਕ ਪੱਖੋਂ ਨਿਗਰ ਵਾਧਾ ਕੀਤਾ। ਆਪਦੀ ਬਾਣੀ ਜਿੱਥੇ ਸਮਾਜ ਲਈ ਚਾਨਣ ਮੁਨਾਰਾ ਬਣੀ, ਉੱਥੇ ਆਉਣ ਵਾਲੇ ਲੇਖਕਾਂ ਲਈ ਮਾਰਗ-ਦਰਸ਼ਕ ਸਿੱਧ ਹੋਈ।
ਗੁਰੂ ਜੀ ਨੇ ਅੰਧਕਾਰ ਵਿੱਚ ਭਟਕ ਰਹੀ ਲੋਕਾਈ ਨੂੰ ਸੇਧ ਦੇਣ ਲਈ ਨਾ ਕੇਵਲ ਹਿੰਦੁਸਤਾਨ ਦੀ ਯਾਤਰਾ ਕੀਤੀ ਸਗੋਂ ਗੁਰੂ ਜੀ ਤਿੱਬਤ, ਲੰਕਾ ਅਤੇ ਅਰਬ ਦੇਸ਼ਾਂ ਵਿੱਚ ਵੀ ਗਏ। ਉੱਘੇ ਧਰਮ ਅਸਥਾਨਾਂ ਵਿੱਚ ਜਾ ਕੇ ਪੰਡਤਾਂ, ਮੁਲਾਣਿਆਂ ਅਤੇ ਆਮ ਲੋਕਾਂ ਨੂੰ ਅਸਲੀ ਧਰਮ ਦੀ ਸੋਝੀ ਕਰਵਾਈ। ਸੰਸਾਰ ਦੇ ਧਾਰਮਿਕ ਆਗੂਆਂ ਵਿਚੋਂ ਸਭ ਤੋਂ ਵੱਧ ਸਫਰ ਕਰਨ ਵਾਲੇ ਆਪ ਹੀ ਸਨ। ਆਪ ਨੇ ਬਾਣੀ ਰਾਹੀਂ ਥਾਂ-ਥਾਂ ਤੇ ਪ੍ਰਚਾਰ ਕੀਤਾ। ਆਪ ਨੇ ਕਾਵਿ ਰਚਨਾ ਬਚਪਨ ਤੋਂ ਹੀ ਆਰੰਭ ਕਰ ਦਿੱਤੀ ਸੀ। 1475 ਈ: ਵਿੱਚ ਆਪ ਨੂੰ ਗੋਪਾਲ ਪੰਡਿਤ ਕੋਲ ਪੜ੍ਹਨ ਭੇਜਿਆ ਗਿਆ। ਪੰਡਿਤ ਨਾਲ ਹੋਏ ਵਿਚਾਰ ਵਟਾਂਦਰੇ ਨੂੰ ਆਪ ਨੇ ਆਪਣੀ ਰਚਨਾ ‘ਪੱਟੀ’ ਵਿੱਚ ਦਰਜ਼ ਕੀਤਾ ਹੈ। 1478 ਈ: ਵਿੱਚ ਪੰਡਿਤ ਬ੍ਰਿਜਨਾਥ ਸ਼ਰਮਾ ਪਾਸ ਸੰਸਕ੍ਰਿਤ ਪੜ੍ਹਨ ਭੇਜਿਆ ਗਿਆ। ਉਸ ਨੂੰ ਵੀ ਗੁਰੂ ਜੀ ਨੇ ਵਿਚਾਰ ਵਟਾਂਦਰੇ ਨਾਲ ਨਿਹਾਲ ਕਰ ਦਿੱਤਾ। 1480 ਈ: ਵਿੱਚ ਫ਼ਾਰਸੀ ਪੜ੍ਹਨ ਲਈ ਕੁਤਬ ਦੀਨ ਮੌਲਾਨਾ ਪਾਸ ਭੇਜਿਆ ਗਿਆ। ਕਿਹਾ ਜਾਂਦਾ ਹੈ ਕਿ ਇਸ ਸਮੇਂ ਆਪ ਨੇ ‘ਸੀਹਰਫੀ’ ਉਚਾਰੀ ਜੋ ਜਨਮ ਸਾਖੀਆਂ ਵਿੱਚ ਮਿਲਦੀ ਹੈ। 1480 ਈ: ਵਿੱਚ ਹੀ ਉਪਨਯਨ ਸੰਸਕਾਰ ਲਈ ਬੁਲਾਏ ਗਏ ਪ੍ਰੋਹਤ ਨੂੰ ਗੁਰੂ ਜੀ ਨੇ ਜੰਝੂ ਬਾਰੇ ਗਿਆਨ ਦਿੱਤਾ। ਇਸ ਤਰ੍ਹਾਂ ਬਚਪਨ ਤੋਂ ਆਪ ਦਾ ਕਾਵਿ ਸਫਰ ਆਰੰਭ ਹੁੰਦਾ ਹੈ ਤੇ ਸਮਾਂ ਬੀਤਣ ਨਾਲ ਇਸ ਦਾ ਵਿਕਾਸ ਹੁੰਦਾ ਹੈ।
ਗੁਰੂ ਜੀ ਦੀਆਂ ਰਚਨਾਵਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ। ਇੱਕ ਉਹ ਜੋ ਆਦਿ ਗ੍ਰੰਥ (ਸ੍ਰੀ ਗੁਰੂ ਗ੍ਰੰਥ ਸਾਹਿਬ) ਵਿੱਚ ਦਰਜ਼ ਹਨ। ਦੂਜੀਆਂ ਉਹ ਜੋ ਆਦਿ ਗ੍ਰੰਥ ਵਿੱਚ ਸ਼ਾਮਿਲ ਨਹੀਂ।
ਆਦਿ ਗ੍ਰੰਥ ਵਿੱਚ ਸ਼ਾਮਿਲ ਬਾਣੀ ਵਿੱਚ ਜਪੁਜੀ, ਪੱਟੀ, ਬਿਤੀ, ਦੱਖਣੀ ਓਅੰਕਾਰ, ਸਿੱਧ ਗੋਸ਼ਟਿ, ਬਾਰਹਮਾਹਾ, ਮਾਝ, ਆਸਾ ਅਤੇ ਮਲਾਰ ਦੀਆਂ ਤਿੰਨ ਵਾਰਾਂ ਲੰਮੇਰੀਆਂ ਰਚਨਾਵਾਂ ਹਨ। ਇਹਨਾਂ ਤੋਂ ਇਲਾਵਾ ਚਉਪਦੇ, ਅਸ਼ਟਪਦੀਆਂ, ਛੰਤ, ਪਹਰੇ ਤੇ ਸ਼ਲੋਕ ਵੀ ਮਿਲਦੇ ਹਨ।
ਗੁਰੂ ਗ੍ਰੰਥ ਸਾਹਿਬ ਤੋਂ ਬਾਹਰਲੀਆਂ ਰਚਨਾਵਾਂ ਵਿੱਚ ਸੀਹਰਫ਼ੀ, ਪੂਰਬ ਦੀ ਉਦਾਸੀ ਵਿੱਚ ਉਚਾਰੇ ਕੁਝ ਸ਼ਬਦ ਤੇ ਸ਼ਲੋਕ, ਦੱਖਣ ਦੀ ਉਦਾਸੀ ਵਿੱਚ ਉਚਾਰੇ ਕੁਝ ਸ਼ਬਦ ਤੇ ਸ਼ਲੋਕ, ਉੱਤਰ ਵਿੱਚ ਜੋਗੀਆਂ ਪ੍ਰਤੀ ਉਚਾਰੇ ਕੁਝ ਬਚਨ, ਪੱਛਮ ਵਿੱਚ ਮੁਸਲਮਾਨਾਂ ਪ੍ਰਤੀ ਉਚਾਰੇ ਨਾਮੇ ਆਦਿ, ਦੱਖਣ ਦੀ ਉਦਾਸੀ ਸਮੇਂ ਸੰਗਲਾਦੀਪ ਵਿੱਚ ਤਿਆਰ ਕੀਤੀ ਗਈ “ਪ੍ਰਾਣ ਸੰਗਲੀ” ਤੇ ਹੋਰ ਰਚਨਾਵਾਂ ਸ਼ਾਮਿਲ ਹਨ। ਇਹ ਰਚਨਾਵਾਂ ਜਨਮ ਸਾਖੀਆਂ ਦੇ ਵੱਖ-ਵੱਖ ਨੁਸਖਿਆਂ ਵਿੱਚ ਮਿਲਦੀਆਂ ਹਨ, ਜਿਹਨਾਂ ਦੇ ਲਿਖਣਹਾਰਿਆਂ ਦੇ ਸੋਮਿਆਂ ਦਾ ਪਤਾ ਨਹੀਂ ਚਲਦਾ। ਆਦਿ ਗ੍ਰੰਥ ਤੋਂ ਬਾਹਰਲੀਆਂ ਰਚਨਾਵਾਂ ਬਾਰੇ ਸ਼ੰਕਾ ਪ੍ਰਗਟ ਕੀਤਾ ਜਾਂਦਾ ਹੈ ਕਿ ਇਹ ਗੁਰੂ ਨਾਨਕ ਦੇਵ ਦੀਆਂ ਨਹੀਂ ਕਿਉਂਕਿ ਗੁਰੂ ਅਰਜਨ ਦੇਵ ਜੀ ਨੇ ਇਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਨਹੀਂ ਕੀਤਾ।
‘ਜਪੁਜੀ’, ਗੁਰੂ ਜੀ ਦਾ ਸ਼ਾਹਕਾਰ ਹੈ। ਇਸਨੂੰ ਸਾਰੀਆਂ ਬਾਣੀਆਂ ਵਿਚੋਂ ਪਹਿਲੀ ਥਾਂ ਪ੍ਰਾਪਤ ਹੈ। ਆਦਿ ਗ੍ਰੰਥ ਦਾ ਸਾਰਾ ਦਰਸ਼ਨ ਇਸ ਵਿੱਚ ਮੌਜੂਦ ਹੈ। ਇਸ ਵਿੱਚ ਗੁਰਮਤਿ ਦੇ ਸਿਧਾਂਤਾ ਦਾ ਪ੍ਰਗਟਾਉ ਕੀਤਾ ਗਿਆ ਹੈ। ਇਹ ਬਾਣੀ ਗੁਰੂ ਜੀ ਨੇ ਜ਼ਿੰਦਗੀ ਦੇ ਅੰਤਲੇ ਭਾਗ ਵਿੱਚ ਰਚੀ। ਇਹ ਨਿਤਨੇਮ ਦੀ ਬਾਣੀ ਹੈ। ‘ਆਸਾ ਦੀ ਵਾਰ’ ਵਿੱਚ ਦਾਰਸ਼ਨਿਕ ਵਿਚਾਰਾਂ ਦੇ ਨਾਲ ਉਸ ਸਮੇਂ ਦੀ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਹਾਲਤ ਦਾ ਵਰਨਣ ਕੀਤਾ ਗਿਆ ਹੈ। ਮੁਸਲਮਾਨੀ ਰਾਜ ਦੇ ਜਬਰ ਅਤੇ ਜੁਲਮ ਨੂੰ ਨੰਗਾ ਕੀਤਾ ਹੈ ਤੇ ਇਸਤਰੀ ਦੇ ਹੱਕ ਵਿੱਚ “ਸੋ ਕਿਉ ਮੰਦਾ ਆਖੀਐ ਜਿਤ ਜੰਮਹਿ ਰਾਜਾਨ” ਕਹਿ ਕੇ ਆਵਾਜ਼ ਉਠਾਈ ਹੈ। ‘ਸਿੱਧ ਗੋਸ਼ਟਿ’ ਵੀ ਦਾਰਸ਼ਨਿਕ ਰਚਨਾ ਹੈ ਜੋ ਅਚਲ ਵਟਾਲੇ ਸਿੱਧਾਂ ਨਾਲ ਗੋਸ਼ਟੀ ਸਮੇਂ ਉਚਾਰੀ ਗਈ।‘ਬਾਰਾ ਮਾਹਾ ਰਾਗ ਤੁਖਾਰੀ’ ਪੰਜਾਬੀ ਸਾਹਿਤ ਦਾ ਪਹਿਲਾ ਪ੍ਰਾਪਤ ਹੋਇਆ ਭੰਡਾਰ ਵਿੱਚ ਸੰਸਕ੍ਰਿਤ, ਪ੍ਰਾਕ੍ਰਿਤ, ਅਪਭ੍ਰੰਸ਼, ਸੰਤ ਭਾਸ਼ਾ, ਅਰਬੀ, ਫ਼ਾਰਸੀ, ਪੂਰਬੀ ਪੰਜਾਬੀ ਤੇ ਲਹਿੰਦੀ ਦੇ ਸ਼ਬਦ ਬਹੁਤ ਮੌਜੂਦ ਹਨ। ਗੁਰੂ ਜੀ ਨੇ ਦੂਜੀਆਂ ਭਾਸ਼ਾਵਾਂ ਦੇ ਤਤਸਮ ਤੇ ਤਦਭਵ ਦੋਹਾਂ ਪ੍ਰਕਾਰ ਦੇ ਸ਼ਬਦਾਂ ਦੀ ਵਰਤੋਂ ਕੀਤੀ। ਗੁਰੂ ਜੀ ਨੇ ਜੈਨੀਆਂ, ਬੋਧੀਆਂ, ਮੁਸਲਮਾਨਾਂ, ਸ਼ੈਵਾਂ, ਜੋਗੀਆਂ ਤੇ ਵੈਸ਼ਨਵਾਂ ਆਦਿ ਧਰਮਾਂ ਦੇ ਸ਼ਬਦਾਂ ਦੀ ਵੀ ਵਰਤੋਂ ਕੀਤੀ। ਇਸ ਤਰ੍ਹਾਂ ਗੁਰੂ ਜੀ ਨੇ ਪੰਜਾਬੀ ਦੇ ਸ਼ਬਦ ਭੰਡਾਰ ਵਿੱਚ ਅਦੁਤੀ ਵਾਧਾ ਕੀਤਾ।
ਇਸ ਤਰ੍ਹਾਂ ਗੁਰੂ ਜੀ ਦੀ ਬਾਣੀ ਵਿਸ਼ਾਲ ਅਨੁਭਵ ਦੀ ਲਖਾਇਕ ਹੈ। ਪੰਜਾਬੀ ਕਵਿਤਾ ਦੇ ਖੇਤਰ ਵਿੱਚ ਜਿਹੜੀਆਂ ਲੀਹਾਂ ਗੁਰੂ ਨਾਨਕ ਦੇਵ ਜੀ ਨੇ ਪਾਈਆਂ, ਉਹਨਾਂ ਤੇ ਮਗਰਲੇ ਗੁਰੂ ਸਾਹਿਬਾਨ ਤੁਰੇ ਤੇ ਵਿਰਸੇ ਨੂੰ ਅਮੀਰ ਕੀਤਾ। ਪੰਜਾਬੀ ਵਿੱਚ ਸਾਹਿਤਿਕ ਪੱਖ ਤੋਂ ਗੁਰੂ ਜੀ ਦੀ ਬਾਣੀ ਇੱਕ ਮੀਲ ਪੱਥਰ ਹੈ। ਗੁਰਮਤਿ ਸਾਹਿਤ ਦੀ ਉਤਪਤੀ ਵਿੱਚ ਪਹਿਲਾ ਸਥਾਨ ਇਸ ਦਾ ਹੀ ਰਹੇਗਾ।