ਦਾਰਸ਼ਨਿਕ, ਖ਼ੋਜ ਬਿਰਤੀ ਦੇ ਧਾਰਨੀ, ਸਦਾ ਬਹਾਰ, ਸਿਦਕਵਾਨ, ੪੦ ਸਾਲ ਪਹਿਲਾਂ ‘ਫ਼ਿਲਾਸਫ਼ੀ ਆਫ਼ ਮਾਈਂਡ ਇਨ ਦਾ ਪੋਇਟਰੀ ਆਫ਼ ਗੁਰੂ ਨਾਨਕ’ ਵਿਸ਼ੇ ਤੇ ਪੰਜਾਬੀ ਵਿੱਚ ਪੀਐਚ.ਡੀ. ਕਰਨ ਵਾਲੇ ਪੰਜਾਬੀ, ਹਿੰਦੀ ਤੇ ਅੰਗ੍ਰੇਜ਼ੀ ਵਿੱਚ ੪੭ ਪੁਸਤਕਾਂ ਦੇ ਰਚੈਤਾ ਡਾ. ਅਜੀਤ ਸਿੰਘ ਸਿੱਕਾ ਦਾ ੩੧ ਜਨਵਰੀ ਨੂੰ ਅਚਾਨਕ ਵਿਛੋੜਾ ਨਾ ਕੇਵਲ ਪੰਜਾਬੀ ਸਗੋਂ ਅੰਗ੍ਰੇਜ਼ੀ ਤੇ ਹਿੰਦੀ ਸਾਹਿਤ ਜਗਤ ਲਈ ਨਾ ਪੂਰਾ ਕੀਤਾ ਜਾਣ ਵਾਲਾ ਘਾਟਾ ਹੈ। ਉਹ ਕੁੱਝ ਚੋਣਵੇਂ ਪੰਜਾਬੀ ਦੇ ਉਨ੍ਹਾਂ ਵਿਦਵਾਨਾਂ ਵਿੱਚ ਸ਼ਾਮਿਲ ਸਨ, ਜਿੰਨ੍ਹਾਂ ਦੀ ਅੰਗ੍ਰੇਜ਼ੀ ਅਤੇ ਹਿੰਦੀ ਵਿੱਚ ਵੀ ਓਨੀ ਪਕੜ ਸੀ, ਜਿੰਨੀ ਕਿ ਪੰਜਾਬੀ ਵਿੱਚ। ਉਹ ਸ਼ਾਇਦ ਪਹਿਲੇ ਵਿਦਵਾਨ ਸਨ, ਜਿੰਨ੍ਹਾਂ ਨੇ ਪੰਜਾਬੀ ਦੇ ਅਧਿਆਪਕ ਹੁੰਦੇ ਹੋਏ ਅੰਗ੍ਰੇਜ਼ੀ ਵਿੱਚ ਪੰਜਾਬੀ ਨਾਲੋਂ ਵੱਧ ਕਿਤਾਬਾਂ ਲਿਖੀਆਂ।
ਉਨ੍ਹਾਂ ਦੀਆਂ ੧੫ ਪੁਸਤਕਾਂ ਅੰਗ੍ਰੇਜ਼ੀ ਕਵਿਤਾ ਵਿੱਚ ਪ੍ਰਕਾਸ਼ਿਤ ਹੋ ਚੁੱਕੀਆਂ ਹਨ, ਜਿੰਨ੍ਹਾਂ ਵਿੱਚ ‘ਫੌਰਟੀ ਬੈਲਡਜ਼ ਅਬਾਊਟ ਗੁਰੂ ਗੋਬਿੰਦ ਸਿੰਘ, ‘ਫਸਟ ਮਾਸਟਰ ਆਫ਼ ਸਿੱਖ਼ ਫੇਥ (ਐਨ ਏਪਿਕ)’, ‘ਇਨਵਿਜੀਬਲ ਖ਼ਾਲਸਾ (ਐਨ ਏਪਿਕ)’, ‘ਸੌਂਗ਼ਜ਼ ਆਫ਼ ਪਲੀਅਰਜ਼ ਐਂਡ ਪੇਨਜ਼ ਆਫ਼ ਲਵ’ (੬੦ ਸੌਂਗ਼ਜ਼), ‘ਲੋਨਲੀਨੈੱਸ ਆਫ਼ ਏ ਵੂਮੈਨ’ (੬੩ ਸੋਨੇਟ), ‘ਗੁਰੂ ਅੰਗਦ ਦੇਵ (ਐਨ ਐਪਿਕ)’, ‘ਦਾ ਸਾਗ਼ਾ ਆਫ਼ ਸਾਰਾਗੜ੍ਹੀ’ ਆਦਿ ਸ਼ਾਮਿਲ ਹਨ।
ਉਨ੍ਹਾਂ ਨੇ ਅੰਗ੍ਰੇਜ਼ੀ ਵਿੱਚ ਤਿੰਨ ਵਾਰਤਕ ਦੀਆਂ ਪੁਸਤਕਾਂ ‘ਫੇਸਟਸ ਆਫ਼ ਗੁਰੂ ਨਾਨਕ’ਸ ਥਾਉਟ’, ‘ਫ਼ਿਲਾਸਫ਼ੀ ਆਫ਼ ਮਾਈਂਡ ਇਨ ਦਾ ਪੋਇਟਰੀ ਆਫ਼ ਗੁਰੂ ਨਾਨਕ’ ਅਤੇ ‘ਬੈਕਨਜ਼ ਆਫ਼ ਲਾਇਟ’ ਲਿਖੀਆਂ। ਹਿੰਦੀ ਵਿੱਚ ਉਨ੍ਹਾਂ ਦੀ ਪੁਸਤਕ ‘ਵਾਣੀ ਸ਼ੇਖ਼ ਫ਼ਰੀਦ’ ਦੀ ਪ੍ਰਕਾਸ਼ਨਾ ਲਈ ਰਾਜ ਸਰਕਾਰ ਨੇ ੫ ਹਜ਼ਾਰ ਰੁਪਏ ਅਨੁਦਾਨ ਦਿੱਤਾ।
ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਉਨ੍ਹਾਂ ਦੀ ਲੇਖਣੀ ਦਾ ਦਾਇਰਾ ਬਹੁਤ ਵਿਸ਼ਾਲ ਸੀ। ਉਨ੍ਹਾਂ ਦੀਆਂ ਪੁਸਤਕਾਂ ‘ਤੇ ਪ੍ਰਸਿੱਧ ਅਲੋਚਕਾਂ ਨੇ ਲੇਖ ਲਿਖੇ। ਉਨ੍ਹਾਂ ਦੇ ਕਈ ਖਰੜੇ ਪ੍ਰਕਾਸ਼ਨਾਂ ਹਿੱਤ ਪਏ ਹਨ। ਉਨ੍ਹਾਂ ਦੇ ਸਾਹਿਤਕ ਕਾਰਜ ਵਿੱਚ ਉਨ੍ਹਾਂ ਦੀ ਪਤਨੀ ਅਮਰਜੀਤ ਕੌਰ, ਉਨ੍ਹਾਂ ਦੇ ਲੜਕੇ ਗੁਰਪਾਲ ਸਿੰਘ ਸਿੱਕਾ (ਵਕੀਲ), ਮਨਦੀਪ ਸਿੰਘ (ਵਪਾਰੀ) ਤੇ ਉਨ੍ਹਾਂ ਦੀ ਬੇਟੀ ਸੰਦੀਪ ਕੌਰ ਦਾ ਵਿਸ਼ੇਸ਼ ਸਹਿਯੋਗ ਰਿਹਾ ਹੈ।
ਇਸ ਅਸੀਮ ਬੌਧਿਕ ਰੁਚੀ ਦੇ ਮਾਲਕ ਨੂੰ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੋਸਾਇਟੀ ਲਿਮਟਿਡ, ਸਾਈਂ ਮੀਆਂ ਮੀਰ ਮੈਮੋਰੀਅਲ ਟਰੱਸਟ, ਅਲੱਗ ਸ਼ਬਦ ਯੱਗ, ਇੰਟਰਨੈਸ਼ਨਲ ਚੈਰੀਟੇਬਲ ਟਰੱਸਟ ਲੁਧਿਆਣਾ, ਦਾ ਅਮਬੈਸਡਰ ਮਿਊਜੀਕਲ ਸੋਸਾਇਟੀ, ਅਖਿਲ ਭਾਰਤੀ ਜੋਤਿਸ਼ ਪੱਤਰਕਾਰ ਸੰਘ ਮੋਦੀ ਨਗਰ, ਵਿਸ਼ਵ ਜੋਤਿਸ਼ ਸੰਮੇਲਨ ਆਦਿ ਵੱਲੋਂ ਵੱਖ ਵੱਖ ਸਨਮਾਨ ਦੇ ਕੇ ਉਨ੍ਹਾਂ ਦਾ ਅਭਿਨੰਦਨ ਕੀਤਾ ਗਿਆ।
ਅੱਜ ਉਨ੍ਹਾਂ ਦੇ ਪਰਿਵਾਰ ਅਤੇ ਸਾਹਿਤ ਪ੍ਰੇਮੀਆਂ ਵੱਲੋਂ ਉਨ੍ਹਾਂ ਦੀ ਅੰਤਿਮ ਅਰਦਾਸ ਮੌਕੇ ਤੇ ੬ ਫਰਵਰੀ ਨੂੰ ਦੁਪਹਿਰ ੧:੦੦ ਵਜੇ ਤੋਂ ੨:੩੦ ਵਜੇ ਦੇ ਤੀਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਮਾਡਲ ਗ੍ਰਾਮ, ਲੁਧਿਆਣਾ ਵਿਖੇ ਸ਼ਰਧਾਂਜਲੀ ਭੇਂਟ ਕੀਤੀ ਜਾ ਰਹੀ ਹੈ। ਉਨ੍ਹਾਂ ਵੱਲੋਂ ਰਚੇ ਸਾਹਿਤ ਕਰਕੇ ਉਨ੍ਹਾਂ ਦਾ ਨਾਮ ਪੰਜਾਬੀ, ਅੰਗ੍ਰੇਜ਼ੀ ਅਤੇ ਹਿੰਦੀ ਸਾਹਿਤ ਜਗਤ ਵਿੱਚ ਇੱਕ ਸਿਤਾਰੇ ਦੀ ਤਰ੍ਹਾਂ ਟਿਮ ਟਿਮਾਉਂਦਾ ਰਹੇਗਾ।