November 12, 2011 admin

‘ਸੰਦਲ ਦਾ ਸ਼ਰਬਤ’ : ਪੰਨੂ ਦੀ ਕਹਾਣੀ ਦੀ ਮੁੜ-ਸੁਰਜੀਤੀ

       ਪੰਜਾਬੀ ਦੇ ਚਰਚਿਤ ਆਧੁਨਿਕ ਕਹਾਣੀਕਾਰਾਂ ਵਿਚੋਂ ਚਰਨਜੀਤ ਸਿੰਘ ਪੰਨੂ ਦੀ ਇਹ ਹੱਥਲੀ ਪੁਸਤਕ ਉਸ ਦਾ ਤੀਜਾ ਕਹਾਣੀ-ਸੰਗ੍ਰਹਿ ਹੈ। ਉਸ ਦੀ ਸਾਹਿਤ ਸਿਰਜਣਾ ਦਾ ਸਫਰ, ਪੁਸਤਕ ਰੂਪ ਵਿਚ 1969 ਈ: ਵਿਚ ‘ਨਾਨਕ ਰਿਸ਼ਮਾ’ ਕਾਵਿ ਸੰਗ੍ਰਹਿ ਨਾਲ ਆਰੰਭ ਹੋਇਆ ਸੀ ਅਤੇ ਇਸ ਦੇ ਪਿਛੋਂ ਉਸ ਨੇ ‘ਭਟਕਦੀ ਰਾਤ’ 1978 ਅਤੇ ‘ਪੀੜ੍ਹੀਆ ਦਾ ਫਾਸਲਾ – 1979, ਦੋ ਕਹਾਣੀ-ਸੰਗ੍ਰਹਿ ਪੰਜਾਬੀ ਮਾਂ-ਬੋਲੀ ਨੂੰ ਅਰਪਿਤ ਕੀਤੇ ਸਨ। ਪਿਛਲੇ ਤਿੰਨ ਦਹਾਕਿਆਂ ਤੋਂ  ਉਸ ਦੀ ਕੋਈ ਵੀ ਪੁਸਤਕ ਪ੍ਰਕਾਸ਼ਿਤ ਨਹ ਹੋਈ, ਭਾਵੇਂ ਉਹ ਮੱਠੀ ਚਾਲੇ ਕੁਝ ਨਾ ਕੁਝ ਲਿਖਦਾ ਰਿਹਾ, ਛਪਦਾ ਰਿਹਾ  ਅਤੇ ਸਾਹਿਤਕ ਸਭਾਵਾਂ ਜਾਂ ਹੋਰ ਅਜਿਹੀਆਂ ਸੰਸਥਾਵਾਂ ਨਾਲ ਜੁੜਿਆ ਰਿਹਾ ਹੈ। ਕੁਝ ਸਮੇਂ ਤੋਂ ਉਹ ਮਹਿਸੂਸ ਕਰਨ ਲੱਗਾ ਕਿ ਜਿਵੇਂ ਉਹ ਸਾਹਿਤਕ ਜਗਤ ਵਿਚ ਪਛੜ ਗਿਆ ਹੋਵੇ, ਪਰ ਅਜਿਹਾ ਨਹ ਹੈ। ਇਸ ਸਮਾਂ-ਕਾਲ ਖੰਡ’ਚ ਉਸ ਦੀ ਵਿਚਲੀ ਸਾਹਿਕਤਾ ਆਪਣਾ ਪੁਖ਼ਤ ਮੁਹਾਂਦਰਾ (ਅੰਦਰੋ ਅੰਦਰੀ) ਘੜਦੀ ਰਹੀ ਹੈ। ਜਿਸਦੇ ਸਿੱਟੇ ਵਜੋ; ‘ਸੰਦਲ ਦਾ ਸ਼ਰਬਤ’ ਕਹਾਣੀ ਸੰਗ੍ਰਹਿ ਨਾਲ ਉਹ ਮੁੜ ਆਪਣੇ ਪਾਠਕਾਂ ਨਾਲ ਸਾਂਝ ਸਥਾਪਿਤ ਕਰਨ ਵਿਚ ਕਾਮਯਾਬ ਰਿਹਾ ਹੈ।

       ਹੱਥਲੇ ਕਹਾਣੀ ਸੰਗ੍ਰਹਿ ਵਿਚ ਪੰਨੂ ਸਾਹਿਬ ਨੇ ਪੰਦਰਾਂ ਕਹਾਣੀਆਂ ਸਮਿਲਤ ਕੀਤੀਆਂ ਹਨ। ਸਮੁੱਚੇ ਰੂਪ ਵਿਚ ਇਹਨਾਂ ਕਹਾਣੀਆਂ ਵਿਚ ਸਾਡੇ ਕਹਾਣੀਕਾਰ ਨੇ ਪੰਜਾਬੀ ਸਮਾਜਕ, ਸਭਿਆਚਾਰਕ, ਆਰਥਿਕ, ਰਾਜਨੀਤਕ, ਪ੍ਰਸ਼ਾਸਨਿਕ, ਧਾਰਮਿਕ ਅਤੇ ਨੈਤਿਕ ਵਰਤਾਰੇ ਨੂੰ ਯਥਾਰਥਵਾਦੀ ਦਿ੍ਰਸ਼ਟੀ ਤੋਂ ਗ੍ਰਹਿਣ ਕਰਨ ਦਾ ਉਪਰਾਲਾ ਕੀਤਾ ਹੈ। ਉਹ ਅਜੋਕੇ  ਮਨੁੱਖ ਦੀ ਹੋਣੀ, ਭਾਵੀ ਅਤੇ ਸੰਤਾਪ ਦੀ ਹੋਂਦ-ਸਥਿਤੀ ਨੂੰ ਤੀਖਣ ਅਨੁਭਵ ਨਾਲ ਆਪਣੇ ਅੰਦਰ ਸੰਚਿਤ ਕਰਕੇ, ਉਸ ਦਾ ਪੁਖੁਤਗੀ ਸਹਿਤ ਨਿਰੂਪਣ ਕਰਦਾ ਹੋਇਆ ਪ੍ਰਤੀਤ ਹੋਇਆ ਹੈ। ਉਸ ਦੀਆਂ ਕਹਾਣੀਆਂ ਦੇ ਪਾਤਰ ਵਧੇਰੇ ਕਰਕੇ ਮੱਧ-ਸ਼੍ਰੇਣੀ ਅਤੇ ਨਿਮਨ ਸ਼੍ਰੇਣੀ ਦੇ ਕਿਸਾਨ, ਕਿਰਤੀ, ਔਰਤਾਂ ਅਤੇ ਬੱਚੇ ਹਨ ਜਿਹੜੇ ਆਪਣੇ ਸਾਂਸA533;ਿਤਕ ਮੁੱਲ-ਵਿਧਾਨ ਨਾਲ ਪੀਡੀ ਗੰਢ ਪਾ ਕੇ ਜੁੜੇ ਹੋਏ ਵੀ ਹਨ ਅਤੇ ਆਪਣੀ ਤਕਦੀਰ ਘੜਨ ਲਈ ਸਥਾਪਿਤ ਅਸੰਗਤੀਆਂ ਨਾਲ ਜੂਝਦੇ ਵੀ ਹਨ, ਸੰਘਰਸ਼ ਵੀ ਕਰਦੇ ਹਨ ਅਤੇ ਕਦੇ ਕਦੇ ਹਾਰ-ਹੰਭ  ਕੇ ਟੁੱਟ-ਭੱਜ ਵੀ ਜਾਂਦੇ ਹਨ।

       ਇਸ ਕਹਾਣੀਕਾਰ ਦੀ ਸਿਰਜਨਾਤਮਕ ਖੂਬੀ ਇਹ ਹੈ ਕਿ ਉਸਨੇ ਕਿਤੇ ਵੀ ਭਾਂਜਵਾਦੀ ਰਸਤੇ ਨੂੰ ਨਹ ਅਪਨਾਇਆ, ਸਗੋਂ ਟਕਰਾਉ ਅਤੇ ਸੰਘਰਸ਼ ਦੇ ਜ਼ਰੀਏ ਜੀਵਨ ਪੰਧ ਤੇ ਚਲਣ ਦੀ ਉਸਾਰੂ ਨੀਤੀ ਨੂੰ ਧਾਰਨ ਕੀਤਾ ਹੈ। ਪੰਜਾਬੀਆਂ ਦੇ ਆਪਸੀ ਰਿਸ਼ਤਿਆਂ ਦਾ ਪੇਚੀਦਾ  ਤਾਣਾ ਬਾਣਾ, ਪੁਸ਼ਤ ਦਰ ਪੁਸ਼ਤ ਮਿੱਟੀ ਦਾ ਮੋਹ, ਪ੍ਰਸ਼ਾਸਨਿਕ #ੱਟ-ਖ਼ਸੁੱਟ, ਸਮਾਜ ਵਿਚ ਪੱਸਰਿਆ ਭਿ੍ਰਸ਼ਟਾਚਾਰ ਅਤੇ ਪ੍ਰਦੂਸ਼ਣ ਆਦਿ ਅਜਿਹੇ ਮੁੱਖ ਵਿਸ਼ੇ ਹਨ, ਜੋ ਵਿਚਾਰਾਧਾਰਕ ਪੱਧਰ ਤੇ ਸਫ਼ਲਤਾ ਪੂਰਵਕ ਨਿਭਾਏ ਗਏ ਹਨ।

       ‘ਸੰਦਲ ਦਾ ਸ਼ਰਬਤ’ ਵਿਚਲੀਆਂ ਕਹਾਣੀਆਂ ਦੀ ਭਾਸ਼ਾ ਜਾਂ ਸ਼ਬਦਾਵਲੀ  ਦੀ ਮੁੱਖ ਸੁਰ ਮਾਝੀ ਉਪਬੋਲੀ ਰਹੀ ਹੈ, ਪਰੰਤੂ ਵਧੇਰੇ ਵਾਕਾਂ ਦੇ ਅੰਤ ਤੇ ਦੁਆਬੀ ਉਪਬੋਲੀ ਭਾਰੂ ਹੋਈ  ਪ੍ਰਤੀਤ ਹੋਈ ਹੈ।  ਫਿਰ ਵੀ ਭਾਸ਼ਾ ਦੀ ਸਰਲਤਾ ਇਹਨਾਂ ਕਹਾਣੀਆਂ ਦੀ ਪ੍ਰਾਪਤੀ ਦਾ ਮੁੱਖ ਗੁਣ-ਲੱਛਣ ਹੈ। ਹਲਕੀ-ਫੁਲਕੀ ਗੱਲ ਬਾਤ ਵਿਚ ਵਿਅੰਗ ਸਿਰਜ ਜਾਣਾ ਵੀ ਪੰਨੂ ਦੀ ਕਹਾਣੀ ਦੀ ਪ੍ਰਾਪਤੀ ਹੈ।

       ਆਰੰਭ ਤੋਂ ਲੈ ਕੇ ਅੰਤ ਤਕ ਕਹਾਣੀ ਵਿਚ ਵਹਾਓ, ਰਸਕਤਾ, ਇਕਾਗਰਤਾ ਅਤੇ ਲੀਨਤਾ ਬਰਕਰਾਰ ਰਹਿੰਦੀ ਹੈ। ਇਕ ਦੋ ਕਹਾਣੀਆਂ ਛੱਡ ਕੇ ਬਾਕੀ ਸਭਨਾਂ ਕਹਾਣੀਆਂ ਦਾ ਪਲਾਟ ਇਕਹਿਰਾ ਹੈ ਭਾਵੇਂ ਕਿ ਸਥਿਤੀਆਂ ਸਿਰਜਣ ਜਾਂ ਮੌਕਾ-ਮੇਲ ਪੈਦਾ ਕਰਨ ਜਿਹੀ ਜੁਗਤ ਨੂੰ ਵਿਸ਼ੇਸ਼ ਤੌਰ ਤੇ ਧਾਰਨ ਕੀਤਾ ਗਿਆ ਮਿਲਦਾ ਹੈ। ਆਧੁਨਿਕ ਨਿੱਕੀ ਕਹਾਣੀ ਦੇ ਬਾਰੀਕ ਕਲਾਤਮਕ ਪਹਿਆਂ ਵੱਲ ਭਾਵੇਂ ਅਜੇ ਹੋਰ ਧਿਆਨ ਅਤੇ ਮਿਹਨਤ ਦੀ ਲੋੜ ਹੈ, ਪਰੰਤੂ ਫਿਰ ਵੀ ਇਹ ਕਹਾਣੀ ਸੰਗ੍ਰਹਿ ਪੰਜਾਬੀ ਕਹਾਣੀ ਦਾ ਅਜੋਕਾ ਮੁਹਾਂਦਰਾ ਸਥਾਪਿਤ ਕਰਨ ਵਿਚ ਸਫ਼ਲ ਯਤਨ ਹੈ। ਉਮੀਦ ਹੈ ਕਿ ਸਾਡਾ ਇਹ ਕਹਾਣੀਕਾਰ ਹੁਣ ਨਿਰੰਤਰ ਇਸ ਵਿਧਾ ਨਾਲ ਜੁੜਿਆ ਰਹੇਗਾ। ਕਹਾਣੀਕਾਰ ਨੂੰ ਖੁਸ਼ ਆਮਦੀਦ ਆਖਦਾ ਹੋਇਆ-ਪਾਠਕ ਵਰਗ ਨੂੰ ਇਨ੍ਹਾਂ ਕਹਾਣੀਆਂ ਦੇ ਗਹਿਣ-ਅਧਿਐਨ ਦੀ ਅਪੀਲ ਕਰਦਾ ਹਾਂ। ਡਾ| ਜਗੀਰ ਸਿੰਘ ਨੂਰ

ਗੁਰੂ ਨਾਨਕ ਕਾਲਜ, ਸੁਖ ਚੈਨਆਣਾ ਸਾਹਿਬ,

ਮਿਤੀ : 11-11-2000    ਫਗਵਾੜਾ – 144 401 (ਪੰਜਾਬ)

Translate »