November 12, 2011 admin

77 ਹਜ਼ਾਰ ਕਰੋੜ ਖ਼ਰਚੀਲੀਆਂ ਖੇਡਾਂ ਦਾ ਭਲਾ ਭਾਰਤ ਨੂੰ ਕੀ ਲਾਭ?

ਡਾ|ਚਰਨਜੀਤ ਸਿੰਘ ਗੁਮਟਾਲਾ

      ਦਿੱਲੀ ਵਿਖੇ 3 ਅਕਤੂਬਰ ਤੋਂ 14 ਅਕਤੂਬਰ 2010 ਨੂੰ ਹੋਣ ਵਾਲੀਆਂ ਕਾਮਨ ਵੈਲਥ ਖੇਡਾਂ ਭਾਰਤ ਦੀ ਸ਼ਾਨ ਬਨਣ ਦੀ ਥਾਂ ‘ਤੇ ਬਦਨਾਮੀ ਦਾ ਕਾਰਨ ਬਣ ਰਹੀਆਂ ਹਨ ਤੇ ਜਿਸ ਤੇ 77 ਹਜ਼ਾਰ ਕਰੋੜ ਰੁਪਏ ਖ਼ਰਚ ਆਇਆ ਹੈ। ਭਾਰਤ ਦੀ ਇੰਨ੍ਹਾਂ ਖੇਡਾਂ ਵਿੱਚ ਕੀ ਕਾਰਗੁਜਾਰੀ ਰਹੇਗੀ, ਇਹ ਤਾਂ ਖੇਡਾਂ ਦੇ ਨਤੀਜੇ ਆਉਣ ਤੇ ਪਤਾ ਲੱਗੇਗਾ, ਪਰ ਖੇਡਾਂ ਦੀ ਜਿੰਮੇਵਾਰੀ ਲੈਣ ਸਮਂੇ ਭਾਰਤ ਦੇ ਬੁਧੀਜੀਵੀਆਂ ਦਾ ਇਕ ਵਰਗ ਇਸ ਦੀ ਵਿਰੋਧਤਾ ਇਸ ਕਰਕੇ ਕਰਦਾ ਆ ਰਿਹਾ ਹੈ ਕਿ ਭਾਰਤੀ ਖੇਡਾਂ ਦਾ ਪਿਛੋਕੜ ਇਹ ਦੱਸਦਾ ਹੈ ਕਿ ਭਾਰਤ ਖੇਡਾਂ ਵਿੱਚ ਫਾਡੀ  ਹੈ ਤੇ ਭਾਰਤ ਵਰਗੇ ਗ਼ਰੀਬ ਦੇਸ਼ ਨੂੰ  ਏਡੀ ਵੱਡੀ ਰਾਸ਼ੀ ਖੇਡਾਂ ਦੀ ਥਾਂ ‘ਤੇ ਲੋਕ ਭਲਾਈ ਅਤੇ ਖੇਡਾਂ ਦੇ ਬੁਨੀਆਦੀ ਢਾਂਚੇ ਦੀ ਉਸਾਰੀ ਤੇ ਲਾਉਣੀ ਚਾਹੀਦੀ ਹੈ ਤਾਂ ਜੋ ਅਸੀ ਖੇਡਾਂ ਵਿੱਚ ਆਪਣੀ ਚੰਗੀ ਕਾਰਗੁਜਾਰੀ ਵਿਖੇ ਸਕੀਏ। ਭਾਰਤੀਆਂ ਲਈ ਇਹ ਕਿੰਨੀ ਸ਼ਰਮਨਾਕ ਗਲ ਹੋਵੇਗੀ ਕਿ ਜਦ ਕਿ ਭਾਰਤ ਦੀ ਧਰਤੀ ਤੇ ਵਿਦੇਸ਼ੀ ਝੰਡੇ ਝੁਲਾਏ ਜਾਣਗੇ ਅਤੇ ਵਿਦੇਸ਼ੀ ਰਾਸ਼ਟਰੀ ਗੀਤ ਗਾਏ ਜਾਣਗੇ ਪਰ ਭਾਰਤੀ ਝੰਡਾ ਸ਼ਾਇਦ ਹੀ ਵੇਖਣ ਨੂੰ ਮਿਲੇ ਪਰ ਉਨ੍ਹਾਂ ਦੀਆਂ ਦਲੀਲਾਂ ਵੱਲ ਕਿਸੇ ਧਿਆਨ ਨਹੀਂ ਦਿੱਤਾ।

      ਭਾਰਤ ਨੂੰ ਚਾਹੀਦਾ ਸੀ ਕਿ ਚਾਰ ਸਾਲ ਪਹਿਲਾਂ ਅਲਾਟ ਹੋਈਆਂ ਇੰਨ੍ਹਾਂ ਖੇਡਾਂ ਵਿੱਚ ਭਾਰਤੀ ਖਿਡਾਰੀਆਂ ਦੀ ਵਧੀਆ ਪ੍ਰਦਰਸ਼ਨੀ ਲਈ ਜੰਗੀ ਪੱਧਰ ਤੇ ਤਿਆਰੀ ਕਰਵਾਈ ਜਾਂਦੀ, ਪਰ ਇੰਨ੍ਹਾਂ ਨੇ ਕੁੱਝ ਨਹੀ ਕੀਤਾ। ਖੇਡਾਂ ਦੇ ਮੈਦਾਨ ਵਿੱਚ ਖਿਡਾਰੀਆਂ ਦੇ ਰਹਿਣ ਲਈ ਖੇਡ ਪਿੰਡ, ਸਟੇਡੀਅਮ, ਵਗੈਰਾ ਸਮੇਂ ਸਿਰ ਉਸਾਰੇ ਜਾਣੇ ਚਾਹੀਦੇ ਸਨ ਪਰ ਇਥੋਂ ਦੀ ਅਫਸਰਸ਼ਾਹੀ ਨੇ ਇੰਨ੍ਹਾਂ ਨੂੰ ਗੰਭੀਰਤਾ ਨਾਲ ਨਾ ਲਿਆ। ਪਹਿਲਾਂ ਤਾਂ ਕੰਮ ਕਰਨ ਵਾਲੀਆਂ ਕੰਪਨੀਆਂ ਨੂੰ ਕੰਮ ਦੇਣ ਲਈ ਭਾਰੀ ਰਿਸ਼ਵਤ ਦੇ ਚਰਚੇ ਨੇ ਭਾਰਤੀ ਅਕਸ ਨੂੰ ਖਰਾਬ ਕੀਤਾ ਤੇ ਵੱਖ ਵੱਖ ਅਧਿਕਾਰੀਆਂ ਉਪਰ ਰਿਸ਼ਵਤਖੋਰੀ ਦੇ ਇਲਜ਼ਾਮ ਲੱਗਣੇ ਸ਼ੁਰੂ ਹੋਏ। ਹਾਰ ਕਿ ਪ੍ਰਧਾਨ ਮੰਤਰੀ ਨੇ ਉਸਾਰੀ ਦੇ ਕੰਮ ਦੀ ਜਿੰਮੇਵਾਰੀ ਆਪਣੇ ਹੱਥ ਲੈ ਲਈ ਤੇ ਕਿਹਾ ਗਿਆ ਕਿ ਖੇਡਾਂ ਦੇ ਬਾਅਦ ਰਿਸ਼ਵਤਖੋਰੀ ਦੇ ਦੋਸ਼ਾਂ ਦੀ ਪੜਤਾਲ ਕਰਵਾਈ ਜਾਵੇਗੀ ਤੇ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਦਿੱਤੀਆਂ ਜਾਣਗੀਆਂ।

      ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਨੇ ਨਿੱਜੀ ਦਿਲਚਸਪੀ ਲੈ ਕੇ ਉਸਾਰੀ ਦੇ ਕੰਮ ਨੂੰ ਸਿਰੇ ਚੜਾਇਆ ਪਰ 21 ਸਤੰਬਰ ਨੂੰ ਜਵਾਹਰ ਲਾਲ ਨਹਿਰੂ ਸਟੇਡੀਅਮ ਤੇ ਅਥਲੀਟਾਂ ਦੀ ਕਾਰ ਪਾਰਕ ਨੂੰ ਜੋੜਦੇ ਹੋਏ ਪੁੱਲ ਦੇ ਡਿਗਣ ਅਤੇ ਮੁੱਖ ਸਟੇਡੀਅਮ ਦੀ ਛਤ ਦੀਆਂ ਟਾਈਲਾਂ ਡਿਗਣ ਦੀ ਖ਼ਬਰ ਅਤੇ ਬੀ ਬੀ ਸੀ ਵੱਲੋ 6500 ਅਥਲੀਟਾਂ ਦੇ ਠਹਿਰਨ ਲਈ ਬਣੇ ਖੇਡ ਪਿੰਡ ਦੀ ਸਫ਼ਾਈ ਨੂੰ ਲੈ ਕੇ ਜਾਰੀ ਕੀਤੀਆਂ ਤਸਵੀਰਾਂ ਨੇ ਮੀਡੀਆ ਵਿੱਚ ਇੰਨ੍ਹਾਂ ਖੇਡਾਂ ਵਿਰੁੱਧ ਲਹਿਰ ਪੈਦਾ ਕਰ ਦਿੱਤੀ। ਰਹਿੰਦੀ ਖੁੰਦੀ ਕਸਰ ਅਸਟਰੇਲੀਆ ਦੇ ਇਕ ਚੈਨਲ ਨੇ ਇਹ ਦਰਸਾ ਕਿ ੳੱੁਥੇ ਸੁਰੱਖਿਆ ਦਾ ਕੋਈ ਪ੍ਰਬੰਧ ਨਹੀ, ਪੂਰੀ ਕਰ ਦਿੱਤੀ। ਚੈਨਲ ਨੇ ਇਕ ਸਟਰਿੰਗ ਅਪਰੇਸ਼ਨ ਰਾਹੀ ਦਰਸਾਇਆ ਕਿ ਉਸ ਦਾ ਪੱਤਰਕਾਰ ਅਟੈਚੀ ਲੈ ਕੇ ਫਿਰਦਾ ਰਿਹਾ ਪਰ ਕਿਸੇ ਨੇ ਉਸ ਦੀ ਤਲਾਸ਼ੀ ਨਹੀਂ ਲਈ। ਇਸ ਤਰ੍ਹਾਂ ਸੁਰੱਖਿਆ ਅਤੇ ਸਫ਼ਾਈ ਦੀ ਮਾੜੀ ਹਾਲਤ ਦੇ ਮੱਦੇ ਨਜ਼ਰ ਇਹ ਖੇਡਾਂ ਵਿਸ਼ਵ ਭਰ ਦੀਆਂ ਅਖਬਾਰਾਂ ਦੀਆਂ ਸੁਰਖੀਆਂ ਬਣ ਗਈਆਂ। ਬਹੁਤ ਸਾਰੇ ਖਿਡਾਰੀਆਂ ਨੇ ਆਉਣ ਤੋਂ ਇਨਕਾਰ ਕਰ ਦਿੱਤਾ। 24 ਸਤੰਬਰ ਨੂੰ ਪ੍ਰਧਾਨ ਮੰਤਰੀ ਨੇ ਖੁੱਦ ਦਖ਼ਲ ਦੇ ਕੇ ਮੌਕਾ ਸੰਭਾਲਿਆ ਤੇ ਸਫ਼ਾਈ ਵਗੈਰਾ ਦਾ ਕੰਮ ਦਿੱਲੀ ਸਰਕਾਰ ਨੂੰ ਸੌਂਪਿਆ ਗਿਆ, ਜਿਸ ਨੇ ਕਿ ਪੰਜ ਤਾਰਾ ਹੋਟਲਾਂ ਅਤੇ ਪ੍ਰਾਈਵੇਟ ਕੰਪਨੀਆਂ ਦੀ ਸਹਾਇਤਾ ਇਸ ਕੰਮ ਲਈ  ਜੁਟਾਈ। ਸੁਰੱਖਿਆ ਦੇ ਮਸਲੇ ਨੂੰ ਲੈ ਕੇ ਕਿਹਾ ਗਿਆ ਕਿ ਸਰਕਾਰ ਨੇ ਹੈਲੀਕਪਟਰਾਂ ਤੋਂ ਇਲਾਵਾ 80 ਹਜ਼ਾਰ ਪੁਲਿਸ ਕਰਮਚਾਰੀ ਇਸ ਕੰਮ ਲਈ ਲਗਾਏ ਹਨ।

      ਦਿੱਲੀ ਦੀ ਮੁੱਖ ਮੰਤਰੀ ਸ੍ਰੀਮਤੀ ਸ਼ੀਲਾ ਦੀਕਸ਼ਤ ਵੱਲੋਂ ਮੀਡੀਆ ਤੇ ਦੋਸ਼ ਲਾਇਆ ਗਿਆ ਕਿ ਉਸ ਨੇ ਵਧਾ ਚੜ੍ਹਾਅ ਕੇ ਖ਼ਬਰਾਂ ਪੇਸ਼ ਕੀਤੀਆਂ ਹਨ ਤੇ ਇਸ ਮਸਲੇ ਨੂੰ ਉਛਾਲਿਆ ਹੈ। ਇਸ ਦੋਸ਼ ਨੂੰ ਲੈ ਕੇ ਹਿੰਦੁਸਤਾਨ ਟਾਇਮਜ਼ ਤੇ ਟਾਇਮਜ਼ ਆਫ ਇੰਡੀਆ ਨੇ ਬਗੈਰ ਅਗਾਊ ਸੂਚਨਾ ਦਿੱਤਿਆਂ ਪਾਠਕਾਂ ਪਾਸੋਂ ਆਨ ਲਾਇੰਨ ਜੁਆਬ ਮੰਗੇ। ਟਾਇਮਜ ਆਫ ਇੰਡੀਆ ਦੀ ਵੈਬਸਾਇਟ ਤੇ 22 ਸਤੰਬਰ ਨੂੰ ਦੁਪਹਿਰ ਬਾਦ ਪਾਠਕਾਂ ਦੀ ਰਾਇ ਮੰਗੀ ਗਈ। ਅੱਠ ਘੰਟਿਆਂ ਵਿੱਚ 17500 ਪਾਠਕਾਂ ਨੇ ਵੋਟਾਂ ਵਿੱਚ ਹਿੱਸਾ ਲਿਆ। ਇੰਨ੍ਹਾਂ ਵਿਚੋ 97 ਪ੍ਰਤੀਸ਼ਤ ਦਾ ਕਹਿਣਾ ਸੀ ਕਿ ਕੇਂਦਰੀ ਸਰਕਾਰ, ਦਿੱਲੀ ਦੀ ਸਰਕਾਰ ਅਤੇ ਪ੍ਰਬੰਧਕੀ ਕਮੇਟੀ ਨੇ ਭਾਰਤ ਦਾ ਅਕਸ ਖ਼ਰਾਬ ਕੀਤਾ ਹੈ। ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸੁਰੇਸ਼ ਕਲਮਾਂਡੀ ਨੇ ਕਿਹਾ ਸੀ ਕਿ ਇਹ ਖੇਡਾਂ ਹੁਣ ਤੀਕ ਹੋਈਆਂ ਖੇਡਾਂ ਨਾਲੋਂ ਸਭ ਤੋਂ ਵਧੀਆ ਹੋਣਗੀਆਂ ਤੇ ਇਥੋਂ ਦਾ ਸਾਜੋ ਸਮਾਨ ਬੀਜਿੰਗ ਓਲੰਪਿਕ ਨਾਲੋਂ ਵਧੀਆ ਹੋਵੇਗਾ। ਪੁੱਲ ਤੇ ਛੱਤਾਂ ਦਾ ਡਿਗਣਾ ਸਰਕਾਰ ਅਤੇ ਪ੍ਰਬੰਧਕੀ ਕਮੇਟੀ ਲਈ ਮਾਮੂਲੀ ਘਟਨਾਵਾਂ ਹਨ ਪਰ 73 ਪ੍ਰਤੀਸ਼ਤ ਦਾ ਕਹਿਣਾ ਹੈ ਕਿ ਇਹ ਸਥਿਤੀ ਬੜੀ ਖ਼ਤਰਨਾਕ ਹੈ ਤੇ ਇਸ ਨਾਲ ਸਮਝੋਤਾ ਨਹੀਂ ਕੀਤਾ ਜਾ ਸਕਦਾ। ਖੇਡਾਂ ਦੇ ਖ਼ਰਾਬ ਹਾਲਾਤ ਲਈ ਕੌਣ ਜਿੰਮੇਵਾਰ ਹੈ? 73 ਪ੍ਰਤੀਸ਼ਤ ਨੇ ਕਲਮਾਂਡੀ ਨੂੰ ਦੋਸ਼ੀ ਠਹਿਰਾਇਆ ਤੇ ਐਸ|ਐਮ|ਐਸ ਰਾਹੀਂ ਉਸ ਸੰਬੰਧੀ ਕਈ ਲਤੀਫੇ ਭੇਜੇ ਜਿਹੜੇ ਕਿ ਅਖ਼ਬਾਰ ਅਨੁਸਾਰ ਛਾਪੇ ਨਹੀਂ ਜਾ ਸਕਦੇ। 19 ਪ੍ਰਤੀਸ਼ਤ ਨੇ ਸ਼ੀਲਾ ਦੀਕਸ਼ਤ ਨੂੰ, 5 ਪ੍ਰਤੀਸ਼ਤ ਨੇ ਡਾ| ਮਨੋਹਰ ਸਿੰਘ ਗਿੱਲ ਨੂੰ ਤੇ 3 ਪ੍ਰਤੀਸ਼ਤ ਨੇ ਜੈ ਪਾਲ ਰੈਡੀ ਨੂੰ ਦੋਸ਼ੀ ਠਹਿਰਾਇਆ। ਇਕ ਮੂਲ ਪ੍ਰਸ਼ਨ ਸੀ ਕਿ ਭਾਰਤ ਵਿੱਚ ਖੇਡਾਂ ਕਰਾਉਣ ਦੀ ਕੋਈ ਤੁਕ ਹੈ? 59 ਪ੍ਰਤੀਸ਼ਤ ਦਾ ਉਤਰ ਨਹੀਂ ਵਿੱਚ ਸੀ। ਭਾਰਤ ਨੇ ਇੰਨ੍ਹਾਂ ਖੇਡਾਂ ਦੀ ਤਿਆਰੀ ਲਈ 77 ਹਜ਼ਾਰ ਕਰੋੜ ਖਰਚ ਕੀਤੇ ਹਨ, ਜੋ ਕਿ ਸਭ ਤੋਂ ਜ਼ਿਆਦਾ ਹਨ। ਕੀ ਇਹ ਇਸ ਨਾਲੋਂ ਚੰਗਾ ਨਹੀ ਸੀ ਕਿ ਇਹ ਰਕਮ ਸਿੱਖਿਆ, ਸਿਹਤ ਅਤੇ ਖੇਡਾਂ ਦੇ ਮੁਢਲੇ ਢਾਂਚੇ ਉਪਰ ਖਰਚ ਕੀਤੀ ਜਾਂਦੀ? 78 ਦਾ ਉਤਰ ਹਾਂ ਵਿੱਚ ਸੀ।

      ਇਸ ਤਰ੍ਹਾਂ ਦੇ ਨਤੀਜੇ ਹੀ ਹਿੰਦੁਸਤਾਨ ਟਾਇਮਜ ਵੱਲੋਂ ਕਰਵਾਈ ਗਈ ਆਨਲਾਇਨ ਵੋਟਿੰਗ ਦੇ ਹਨ। ਦਿੱਲੀ ਦੇ 68 ਪ੍ਰਤੀਸ਼ਤ ਦਾ ਕਹਿਣਾ ਹੈ ਕਿ ਉਹ ਮਹਿਸੂਸ ਕਰਦੇ ਹਨ ਕਿ ਇਹ ਖੇਡਾਂ ਸ਼ਰਮ ਦਾ ਸਾਧਨ ਬਣ ਗਈਆਂ ਹਨ। ਦੋ ਤਿਹਾਈ ਇਸ ਦਾ ਦੋਸ਼ ਪ੍ਰਬੰਧਕ ਕਮੇਟੀ ਨੂੰ ਦਿੰਦੇ ਹਨ ਤੇ ਕੇਵਲ 40 ਪ੍ਰਤੀਸ਼ਤ ਦਿੱਲੀ ਵਾਲੇ ਕਹਿੰਦੇ ਹਨ ਕਿ ਉਹ ਇਹ ਖੇਡਾਂ ਵੇਖਣਗੇ। ਆਸਟਰੇਲੀਆ ਦੀ ਕਾਮਨ ਵੈਲਥ ਗੇਮਜ਼ ਦੇ ਇੰਚਾਰਜ ਦਾ ਕਹਿਣਾ ਹੈ ਕਿ ਇਹ ਖੇਡਾਂ ਭਾਰਤ ਨੂੰ ਦੇਣੀਆਂ ਹੀ ਨਹੀਂ ਚਾਹੀਦੀਆਂ ਸਨ।

      ਅਜੇ ਤਾਂ ਖੇਡਾਂ ਦੀ ਸ਼ੁਰੂਆਤ ਹੀ ਨਹੀਂ ਹੋਈ ਕਿ ਭਾਰਤ ਦੀ ਬਦਨਾਮੀ ਸ਼ੁਰੂ ਹੋ ਗਈ ਹੈ। ਇੰਨ੍ਹਾਂ ਖੇਡਾਂ ਵਿੱਚ ਏਨੀ ਵੱਡੀ ਰਕਮ ਖਰਚ ਕੇ ਭਾਰਤ ਕਿੰਨੀ ਉਸਤਤ ਅਤੇ ਕਿੰਨੀ ਬਦਨਾਮੀ ਖੱਟਦਾ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਅਮਰੀਕਾ ਵੱਲੋਂ ਇੰਨ੍ਹਾਂ ਖੇਡਾਂ ਨੂੰ ਅੱਤਵਾਦੀਆਂ ਦੇ ਖ਼ਤਰੇ ਦੀ ਚਿਤਾਵਨੀ ਨੇ ਭਾਰਤ ਦੀ ਸੁਰੱਖਿਆ ਨੂੰ ਦਾਅ ਤੇ ਲਗਾਇਆ ਹੈ। ਭਾਵਂੇ ਕਿ ਹੁਣ ਇਹ ਖੇਡਾਂ 3 ਅਕਤੂਬਰ ਨੂੰ ਨਿਰਧਾਰਿਤ ਮਿਤੀ ਤੇ ਹੀ ਹੋਣਗੀਆਂ ਪਰ ਸਫਾਈ ਅਤੇ ਸੁਰੱਖਿਆ ਦੇ ਮੱਦੇ ਨਜ਼ਰ ਬਹੁਤ ਸਾਰੇ ਇਨਾਮੀ ਖਿਡਾਰੀ ਨਹੀਂ ਆ ਰਹੇ ਤੇ  ਖਿਡਾਰੀਆਂ ਦੀਆਂ ਸ਼ਕਾਇਤਾਂ ਆ ਰਹੀਆਂ ਹਨ ਕਿ ਸਫਾਈ ਤੇ ਟਰੈਫਿਕ ਦਾ ਬਹੁਤ ਮਾੜਾ ਹਾਲ ਹੈ। ਇਕ ਅਫਰੀਕੀ ਖਿਡਾਰੀ ਨੇ ਕਿਹਾ ਕਿ ਉਸ ਨੇ ਸੱਪ ਵੇਖਿਆ ਸੀ। ਪੁਲਿਸ ਨੇ ਜਿਨਾਂ ਪਾਸ ਦਿੱਲੀ ਦੇ ਪਤੇ ਨਹੀ ਹਨ, ਉਨ੍ਹਾਂ ਮਜ਼ਦੂਰਾਂ ਤੇ ਲੋਕਾਂ ਨੂੰ ਦਿੱਲੀ ਤੋਂ ਬਾਹਰ ਭੇਜ ਦਿੱਤਾ ਹੈ।ਇੰਨ੍ਹਾਂ ਖੇਡਾਂ ਦੇ ਪ੍ਰਬੰਧਕੀ ਢਾਂਚੇ ਦੀ ਪੋਲ ਖੋਲ ਦਿੱਤੀ ਹੈ ਕਿ ਸਾਡੇ ਸਿਆਸਤਦਾਨ ਓਨੇ ਸੂਝਵਾਨ ਨਹੀ ਹਨ ਜਿੰਨੇ ਕਿ ਹੋਣੇ ਚਾਹੀਦੇ ਹਨ। ਇਹੋ ਕਾਰਨ ਹੈ ਕਿ ਭਾਰਤ ਸਮੱਸਿਆਵਾਂ ਨਿੱਤ ਨਵੀਆਂ ਸਮੱਸਿਅਵਾਂ ਵਿੱਚ ਉਲਝ ਰਿਹਾ ਹੈ।

 

Translate »