–6 ਮਹੀਨੇ ਅਤੇ 1 ਸਾਲ ਦੇ ਕੋਰਸਾਂ ਲਈ ਜਨਵਰੀ, 2012 ਤੋਂ ਆਨ-ਲਾਈਨ ਦਾਖ਼ਲੇ ਸ਼ੁਰੂ
–ਸਰਕਾਰ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਵਿੱਚ ਯੋਗਦਾਨ ਪਾਉਣ ਵਾਲੀਆਂ ਸ਼ਖਸ਼ੀਅਤਾਂ ਦਾ ਮਾਣ-ਸਤਿਕਾਰ ਕਰਨ ਲਈ ਹਮੇਸ਼ਾ ਤਤਪਰ
ਲਧਿਆਣਾ – ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਰਾਜ ਵਿੱਚ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਵਿੱਚ ਯੋਗਦਾਨ ਪਾਉਣ ਵਾਲੀਆਂ ਸ਼ਖਸ਼ੀਅਤਾਂ ਦਾ ਮਾਣ-ਸਤਿਕਾਰ ਕਰਨ ਲਈ ਹਰ ਸੰਭਵ ਉਪਰਾਲੇ ਕਰ ਰਹੀ ਹੈ।
ਇਹ ਪ੍ਰਗਟਾਵਾ ਸ. ਹੀਰਾ ਸਿੰਘ ਗਾਬੜੀਆ ਜੇਲ੍ਹਾਂ, ਸੈਰ-ਸਪਾਟਾ, ਸੱਭਿਆਚਾਰਕ ਮਾਮਲੇ ਅਤੇ ਛਪਾਈ ਤੇ ਲਿਖਣ ਸਮੱਗਰੀ ਮੰਤਰੀ ਪੰਜਾਬ ਨੇ ਬੱਚਤ ਭਵਨ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ।
ਸ. ਗਾਬੜੀਆ ਨੇ ਦੱਸਿਆ ਕਿ ਸਵਰਗੀ ਇਸ਼ਮੀਤ ਸਿੰਘ ਨੇ ਛੋਟੀ ਉਮਰ ਵਿੱਚ ਹੀ ਸੰਗੀਤ ਤੇ ਖੇਤਰ ਵਿੱਚ ਨਵੀਆਂ ਬੁਲੰਦੀਆਂ ਨੂੰ ਸਰ ਕੀਤਾ ਅਤੇ ਉਹ ਇਤਿਹਾਸ ਦੇ ਪੰਨਿਆਂ ਦਾ ਸ਼ਿੰਗਾਰ ਬਣਿਆ। ਉਹਨਾਂ ਦੱਸਿਆ ਕਿ ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ, ਜਂੋ ਇਸ ਸੰਸਥਾ ਦੇ ਚੇਅਰਮੈਨ ਵੀ ਹਨ 13 ਨਵੰਬਰ ਨੂੰ ਰਾਜਗੁਰੂ ਨਗਰ (ਪਿੱਛੇ ਐਮ.ਬੀ.ਡੀ ਮਾਲ) ਲੁਧਿਆਣਾ ਵਿਖੇ 12.50 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ
‘ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ‘ ਦਾ ਉਦਘਾਟਨ ਕਰਨਗੇ ਅਤੇ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਵੀ ਸਮਾਗਮ ਵਿੱਚ ਸ਼ਿਰਕਤ ਕਰਨਗੇ। ਉਹਨਾਂ ਕਿਹਾ ਕਿ ਇਹ ਸੰਸਥਾ ਭਾਰਤ ਦੀ ਪਹਿਲੀ ਮਿਊਜ਼ਿਕ ਸੰਸਥਾ ਹੈ, ਜਿਸ ਵਿੱਚ 180 ਸੀਟਾਂ ਵਾਲਾ ਆਡੀਟੋਰੀਅਮ, ਸਾਊਂਡ ਰਿਕਾਰਡਿੰਗ ਸਟੂਡੀਓ, ਰਿਆਜ਼ ਕੈਬਿਨ, ਡਿਜ਼ੀਟਲ ਲਾਇਬਰੇਰੀ, ਆਧੁਨਿਕ ਵਾਤਾਨਕੂਲ ਕਲਾਸ-ਰੂਮ ਤੇ ਲਾਇਬਰੇਰੀ ਆਦਿ ਸਹੂਲਤਾਂ ਉਪਲੱਭਦ ਹੋਣਗੀਆਂ। ਉਹਨਾਂ ਕਿਹਾ ਕਿ ਇਸ ਵਿਲੱਖਣ ਸੰਸਥਾ ਵਿੱਚ ਘੱਟ ਖਰਚੇ ਤੇ ਸੰਗੀਤ ਸਿੱਖਣ ਵਾਲਾ ਕਿਸੇ ਵੀ ਉਮਰ ਦਾ ਵਿਅੱਕਤੀ ਦਾਖਲਾ ਲੈ ਸਕੇਗਾ। ਉਹਨਾਂ ਦੱਸਿਆ ਕਿ ਇਸ ਸੰਸਥਾ ਵਿੱਚ ਸੰਗੀਤ ਸਿੱਖਣ ਦੇ ਚਾਹਵਾਨ ਸਿਖਿਆਰਥੀਆਂ ਨੂੰ 6 ਮਹੀਨੇ ਅਤੇ 1 ਸਾਲ ਦੇ ਕੋਰਸ ਕਰਵਾਏ ਜਾਣਗੇ ਅਤੇ ਸ੍ਰੀ ਗੌਤਮ ਮੁਖ਼ਰਜੀ ਤੇ ਆਨੰਦ ਸ਼ਰਮਾ ਆਦਿ ਵਰਗੇ ਨਾਮਵਰ ਸੰਗੀਤ ਮਾਹਿਰ ਸਿਖਿਆਰਥੀਆਂ ਨੁੰ ਸੰਗੀਤ ਦੀ ਸਿਖਲਾਈ ਦੇਣਗੇ। ਉਹਨਾਂ ਦੱਸਿਆ ਕਿ ਉਦਘਾਟਨੀ ਸਮਾਗਮ ਵਿੱਚ ਉੱਘੇ ਕਲਾਕਾਰ ਵੀ ਸ਼ਾਮਲ ਹੋਣਗੇ।
ਸੰਸਥਾ ਦੇ ਡਾਇਰੈਕਟਰ ਡਾ. ਚਰਨਕਮਲ ਸਿੰਘ ਨੇ ਦੱਸਿਆ ਕਿ ਇਹ ਸੰਸਥਾ 2.15 ਏਕੜ ਜ਼ਮੀਨ ਵਿੱਚ ਬਣਾਈ ਗਈ ਹੈ ਅਤੇ ਇਸ ਵਿੱਚ ਜਨਵਰੀ, 2012 ਤੋਂ ਆਨ-ਲਾਈਨ ਦਾਖ਼ਲੇ ਸ਼ੁਰੂ ਹੋ ਜਾਣਗੇ।ਉਹਨਾਂ ਦੱਸਿਆ ਕਿ ਸੰਸਥਾ ਵੱਖ-ਵੱਖ ਪੱਧਰਾਂ ਤੇ 400 ਤੋਂ 500 ਵਿਦਿਆਰਥੀਆਂ ਨੂੰ ਸਿੱਖਿਆ ਦੇਣ ਦੇ ਸਮਰੱਥ ਹੈ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ. ਸੁਖਦੇਵ ਸਿੰਘ ਮੰਡੇਰ ਜਨਰਲ ਸਕੱਤਰ ਸ੍ਰੋਮਣੀ ਅਕਾਲੀ ਦਲ(ਬ), ਸੰਸਥਾ ਦੇ ਡਾਇਰੈਕਟਰ ਡਾ. ਚਰਨਕਮਲ ਸਿੰਘ ਅਤੇ ਸਵ. ਇਸ਼ਮੀਤ ਸਿੰਘ ਦੇ ਪਿਤਾ ਸ੍ਰ ਗੁਰਪਿੰਦਰ ਸਿੰਘ ਹਾਜ਼ਰ ਸਨ।