ਦਲਿਤ ਅਧਿਆਪਕ ਜਥੇਬੰਦੀਆਂ ਵਲੋਂ ਪੰਜਾਬ ਵਿਚ ਮੁੜ ਅਕਾਲੀ ਭਾਜਪਾ ਸਰਕਾਰ ਲਿਆਉਣ ਦਾ ਸੱਦਾ : ਪ੍ਰਧਾਨ ਸ੍ਰ.ਗੁਰਮੇਲ ਸਿੰਘ ਚੰਦੜ
ਜਲੰਧਰ – ਸਰਕਾਰੀ ਸਕੂਲਾਂ ਵਿਚ ਸਕੂਲ ਪ੍ਰਿੰਸੀਪਲਾਂ,ਹੈਡਮਾਸਟਰਾਂ ਅਤੇ ਲੈਕਚਰਾਰਾਂ ਦੀਆਂ ਖਾਲੀ ਅਸਾਮੀਆਂ 15 ਨਵੰਬਰ ਤੱਕ ਪਦ ਉਨਤ ਕਰਕੇ ਭਰੀਆਂ ਜਾਣਗੀਆਂ ਅਤੇ ਇਸ ਦੇ ਨਾਲ ਹੀ ਸਰਕਾਰੀ ਕਾਲਜਾਂ ਵਿਚ ਸਟਾਫ ਦੀ ਘਾਟ ਨੂੰ ਪੂਰਾ ਕੀਤਾ ਜਾਵੇਗਾ ਤੇ ਇਨ੍ਹਾਂ ਤਰੱਕੀਆਂ ਨਾਲ 15 ਨਵੰਬਰ ਤੋਂ ਬਾਅਦ ਕਿਸੇ ਵੀ ਸਰਕਾਰੀ ਸਕੂਲ ਵਿਚ ਪ੍ਰਿੰਸੀਪਲ,ਹੈਡਮਾਸਟਰਾਂ ਅਤੇ ਲੈਕਚਰਾਰ ਦੀ ਕੋਈ ਅਸਾਮੀ ਖਾਲੀ ਨਹੀਂ ਰਹੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰ.ਸੇਵਾ ਸਿੰਘ ਸੇਖਵਾਂ ਸਿੱਖਿਆ ਅਤੇ ਭਾਸ਼ਾ ਮੰਤਰੀ ਪੰਜਾਬ ਨੇ ਅਨੁਸੂਚਿਤ ਜਾਤੀ ਇੰਪਲਾਈਜ਼ ਜੁਆਇੰਟ ਐਕਸ਼ਨ ਕਮੇਟੀ ਪੰਜਾਬ ਵਲੋਂ ਅਨੁਸੂਚਿਤ ਜਾਤੀ ਵਰਗ ਦੇ ਅਧਿਆਪਕਾਂ ਨੂੰ ਪ੍ਰਿੰਸੀਪਲਾਂ ਦੀਆਂ ਤਰੱਕੀਆਂ ਵਿਚ ਬਣਦੀ ਪ੍ਰਤੀਨਿੱਧਤਾ ਦੇਣ ਤੇ ਉਨ੍ਹਾਂ ਦੇ ਧੰਨਵਾਦ ਵਿਚ ਅੰਬੇਦਕਰ ਭਵਨ ਜਲੰਧਰ ਵਿਖੇ ਰੱਖੇ ਗਏ ਸਮਾਗਮ ਵਿਚ ਇਕ ਭਰਵੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਬਤੌਰ ਸਿੱਖਿਆ ਮੰਤਰੀ ਹੋਣ ਤੇ ਇਕ ਸਾਲ ਦੇ ਅਰਸੇ ਵਿਚ ਸਿੱਖਿਆ ਦੇ ਸੁਧਾਰ ਲਈ ਵੱਡੀਆਂ ਪਹਿਲ ਕਦਮੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਅਪਣੇ ਮੌਜੂਦਾ ਕਾਰਜ ਕਾਲ ਵਿਚ 54000 ਨਵੇਂ ਅਧਿਆਪਕ ਭਰਤੀ ਕੀਤੇ ਜਿਸ ਨਾਲ ਸਕੂਲਾਂ ਵਿਚ ਲੰਮੇ ਸਮੇਂ ਤੋਂ ਖਾਲੀ ਪਈਆਂ ਅਸਾਮੀਆਂ ਭਰਨ ਉਪਰੰਤ ਸਿੱਖਿਆ ਦੇ ਮਿਆਰ ਵਿਚ ਵੱਡੇ ਪੱਧਰ ਤੇ ਸੁਧਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਸਿੱਖਿਆ ਦੇ ਖੇਤਰ ਵਿਚ 14ਵੇਂ ਸਥਾਨ ਤੋਂ ਚੌਥੇ ਸਥਾਨ ਤੇ ਪਹੁੰਚ ਚੁੱਕਿਆ ਹੈ ਅਤੇ ਆਉਣ ਵਾਲੇ ਸਮੇਂ ਵਿਚ ਸਿੱਖਿਆ ਪਖੋਂ ਪੰਜਾਬ ਦੇਸ਼ ਦਾ ਮੋਹਰੀ ਸੂਬਾ ਹੋਵੇਗਾ।
ਸ੍ਰ.ਸੇਖਵਾਂ ਨੇ ਇਹ ਵੀ ਦੱਸਿਆ ਕਿ ਪੰਜਾਬ ਵਿਚ ਉਚੇਰੀ ਸਿੱਖਿਆ ਦੇ ਸੁਧਾਰ ਵਾਸਤੇ ਸਰਕਾਰੀ ਕਾਲਜਾਂ ਵਿਚ ਖਾਲੀ ਪਈਆਂ 17 ਪ੍ਰਿੰਸੀਪਲਾਂ ਦੀਆਂ ਅਸਾਮੀਆਂ ਪਦ ਉਨੱਤ ਕਰਕੇ ਭਰੀਆਂ ਗਈਆਂ ਹਨ ਅਤੇ ਪੰਜਾਬ ਵਿਚ 17 ਸਰਕਾਰੀ ਕਾਲਜ ਸੁਰੂ ਕੀਤੇ ਗਏ ਹਨ ਅਤੇ ਸਰਕਾਰੀ ਕਾਜਲਾਂ ਵਿਚ 275 ਪਾਰਟ ਟਾਈਮ ਲੈਕਚਰਾਰ ਪੱਕੇ ਕੀਤੇ ਗਏ ਹਨ। ਸਿੱਖਿਆ ਮੰਤਰੀ ਪੰਜਾਬ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਦੀ ਸਿੱਖਿਆ ਨੀਤੀ ਵੀਜ਼ਨ 2025 ਨੂੰ ਜਲਦੀ ਪ੍ਰਵਾਨਗੀ ਦਿੱਤੀ ਜਾ ਰਹੀ ਹੈ ਜਿਸ ਨਾਲ ਪੰਜਾਬ ਵਿਚ ਸਿੱਖਿਆ ਦੇ ਖੇਤਰ ਵਿਚ ਵੱਡੇ ਪੱਧਰ ਤੇ ਸੁਧਾਰ ਹੋਵੇਗਾ। ਉਨ੍ਹਾਂ ਕਿਹਾ ਕਿ ਨਵੀਂ ਸਿੱਖਿਆ ਨੀਤੀ ਦੇ ਅਨੁਸਾਰ ਸਕੂਲਾਂ ਵਿਚ ਅਧਿਆਪਕਾਂ ਦੀਆਂ ਖਾਲੀ ਹੋਣ ਵਾਲੀਆਂ ਪੋਸਟਾਂ ਸਿੱਖਿਆ ਰਿਕਰੂਟਮੈਂਟ ਬੋਰਡ ਵਲੋਂ 1 ਸਾਲ ਪਹਿਲਾਂ ਭਾਰੀਆਂ ਜਾਣਗੀਆਂ ਅਤੇ ਸਕੂਲਾਂ ਵਿਚ ਅਧਿਆਪਕਾਂ ਦੀ ਅਸਾਮੀ ਨੂੰ ਇਕ ਦਿਨ ਵੀ ਖਾਲੀ ਨਹੀਂ ਰਹਿਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਿੱਖਿਆ ਦਾ ਅਜਿਹਾ ਪੈਟਰਨ ਅਪਣਾਇਆ ਜਾਵੇਗਾ ਕਿ ਬੱਚੇ ਸੀ.ਬੀ.ਐਸ਼.ਈ ਅਤੇ ਆਈ.ਸੀ.ਐਸ.ਈ. ਦੇ ਪੈਟਰਨ ਨੂੰ ਅਪਣਾਉਣ ਦੀ ਥਾਂ ਤੇ ਪੰਜਾਬ ਦੇ ਪੈਟਰਨ ਨੂੰ ਪੜਨ ਲਈ ਸਰਕਾਰੀ ਸਕੂਲਾਂ ਵੱਲ ਨੂੰ ਵਧੇਰੇ ਰੁਚੀ ਦਿਖਾਉਣਗੇ ਅਤੇ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਪੜ੍ਹੇ ਬੱਚਿਆ ਦੀ ਦੇਸ਼ ਵਿਦੇਸ਼ ਵਿਚ ਨੌਕਰੀਆਂ ਵਿਚ ਪਲੇਸਮੈਂਟ ਪਹਿਲ ਦੇ ਅਧਾਰ ਤੇ ਹੋਵੇਗੀ। ਉਨ੍ਹਾਂ ਦਲਿਤ ਅਧਿਆਪਕ ਜਥੇਬੰਦੀਆਂ ਵਲੋਂ ਉਨ੍ਹਾਂ ਨੂੰ ਦਿੱਤੇ ਜਾ ਰਹੇ ਸਨਮਾਨ ਲਈ ਧੰਨਵਾਦ ਕੀਤਾ ਅਤੇ ਇਸ ਗੱਲ ਲਈ ਸ਼ਲਾਘਾ ਵੀ ਕੀਤੀ ਕਿ ਉਹ ਪੰਜਾਬ ਦੀਆਂ ਸਾਰੀਆਂ ਦਲਿਤ ਮੁਲਾਜਮ ਜੱਥੇਬੰਦੀਆਂ ਇਕ ਪਲੇਟਫਾਰਮ ਤੇ ਇਕੱਠੀਆਂ ਹੋਈਆਂ ਹਨ ਅਤੇ ਉਨ੍ਹਾਂ ਨੇ ਅਪਣੀਆਂ ਮੰਗਾਂ ਸਰਕਾਰ ਦੇ ਧਿਆਨ ਵਿਚ ਲਿਆਂਦੀਆਂ ਹਨ ਜਿੰਨਾਂ ਨੂੰ ਸਰਕਾਰ ਵਲੋਂ ਪੂਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਦਲਿਤ ਹਿਤੈਸ਼ੀ ਸਰਕਾਰ ਹੈ ਜਿਸ ਨੇ ਦਲਿਤ ਮੁਲਾਜਮਾਂ ਦੀਆਂ ਮੰਗਾਂ ਮੰਨਣ ਦੇ ਨਾਲ ਨਾਲ ਦਲਿਤਾਂ ਦੀ ਭਲਾਈ ਲਈ ਹੋਰ ਬਹੁਤ ਸਾਰੀਆਂ ਸਕੀਮਾਂ ਲਾਗੂ ਕੀਤੀਆਂ ਹਨ।
ਇਸ ਮੌਕੇ ਤੇ ਸ੍ਰੀ ਪਵਨ ਕੁਮਾਰ ਟੀਨੂੰ ਚੇਅਰਮੈਨ ਅਨੁਸੂਚਿਤ ਜਾਤੀ,ਭੋਂ ਵਿਕਾਸ ਤੇ ਵਿੱਤ ਕਾਰਪੋਰੇਸ਼ਨ ਪੰਜਾਬ ਅਤੇ ਡਾ.ਹਰਜਿੰਦਰ ਸਿੰਘ ਜੱਖੂ ਸੀਨੀਅਰ ਅਕਾਲੀ ਲੀਡਰ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਮੌਜੂਦਾ ਅਕਾਲੀ ਭਾਜਪਾ ਸਰਕਾਰ ਵਲੋਂ ਦਲਿਤਾਂ ਦੀ ਭਲਾਈ ਲਈ ਸੁਰੂ ਕੀਤੀਆਂ ਗਈਆਂ ਵਿਕਾਸ ਸਕੀਮਾਂ ਦੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਪੰਜਾਬ ਵਿਚ ਮੁੜ ਅਕਾਲੀ ਭਾਜਪਾ ਸਰਕਾਰ ਲਿਆਉਣ ਲਈ ਆਉਂਦੀਆਂ ਚੋਣਾਂ ਵਿਚ ਗਠਜੋੜ ਸਰਕਾਰ ਅਤੇ ਸਹਿਯੋਗੀ ਪਾਰਟੀਆਂ ਨੂੰ ਸਮਰਥਨ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਸੂਬੇ ਵਿਚ ਜਦੋਂ ਵੀ ਅਕਾਲੀ ਸਰਕਾਰ ਹੋਂਦ ਵਿਚ ਆਈ ਹੈ ਉਸ ਨੇ ਦਲਿਤਾਂ ਨੂੰ ਬਣਦਾ ਮਾਣ ਸਨਮਾਨ ਦਿੱਤਾ ਹੈ ਅਤੇ ਉਨ੍ਹਾਂ ਦੇ ਜੀਵਨ ਪੱਧਰ ਨੂੰ ਉਚੱਾ ਚੁੱਕਣ ਦੇ ਉਪਰਾਲੇ ਕੀਤੇ ਹਨ।
ਇਸ ਮੌਕੇ ਅਨੁਸੂਚਿਤ ਜਾਤੀ ਇੰਪਲਾਈਜ਼ ਜੁਆਇੰਟ ਐਕਸ਼ਨ ਕਮੇਟੀ ਪੰਜਾਬ ਦੇ ਪ੍ਰਧਾਨ ਸ੍ਰੀ ਗੁਰਮੇਲ ਸਿੰਘ ਚੰਦੜ ਨੇ ਸਿੱਖਿਆ ਮੰਤਰੀ ਵਲੋਂ ਅਨੁਸੂਚਿਤ ਜਾਤੀ ਵਰਗ ਨੂੰ ਸਿੱਖਿਆ ਵਿਭਾਗ ਵਿਚ ਕੀਤੀਆਂ ਗਈਆਂ ਤਰੱਕੀਆਂ ਵਿਚ ਬਣਦੀ ਪ੍ਰਤੀਨਿੱਧਤਾ ਦੇਣ ਤੇ ਧੰਨਵਾਦ ਕੀਤਾ ਅਤੇ ਹੋਰ ਰਹਿ ਗਏ 23 ਸੀਨੀਅਰ ਲੈਕਚਰਾਰਾਂ ਨੂੰ ਤਰੱਕੀਆਂ ਦੇਣ ਦੀ ਮੰਗ ਕੀਤੀ। ਉਨ੍ਹਾਂ ਦਲਿਤ ਮੁਲਾਜਮਾਂ ਨੂੰ ਸੱਦਾ ਦਿੱਤਾ ਕਿ ਪੰਜਾਬ ਵਿਚ ਮੁੜ ਅਕਾਲੀ ਭਾਜਪਾ ਸਰਕਾਰ ਬਣਾਉਣ ਵਾਸਤੇ ਇਕ ਮੁੱਠ ਹੋਕੇ ਗਠਜੋੜ ਪਾਰਟੀਆਂ ਨੂੰ ਹਮਾਇਤ ਕਰਨ। ਇਸ ਮੌਕੇ ਤੇ ਸ੍ਰੀ ਮਲਾਗਰ ਸਿੰਘ ਅਤੇ ਸ੍ਰੀ ਜੋਗਿੰਦਰ ਦਾਸ ਮੰਡਲ ਸਿੱਖਿਆ ਅਫਸਰ ਅਤੇ ਜਥੇਬੰਦੀ ਦੇ ਹੋਰ ਆਗੂਆਂ ਨੇ ਵੀ ਅਪਣੇ ਵਿਚਾਰ ਪੇਸ਼ ਕਰਦਿਆਂ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਅਨੁਸੂਚਿਤ ਜਾਤੀ ਮੁਲਾਜਮਾਂ ਦੀਆਂ ਅਧੂਰੀਆਂ ਮੰਗਾਂ ਪੂਰੀਆਂ ਕਰਨ ਦੀ ਮੰਗ ਕੀਤੀ। ਇਸ ਮੌਕੇ ਤੇ ਅਨੁਸੂਚਿਤ ਜਾਤੀ ਇੰਪਲਾਈਜ਼ ਜੁਆਇੰਟ ਐਕਸਨ ਕਮੇਟੀ ਪੰਜਾਬ ਵਲੋਂ ਸ੍ਰ.ਸੇਵਾ ਸਿੰਘ ਸੇਖਵਾਂ ਸਿੱਖਿਆ ਮੰਤਰੀ ਪੰਜਾਬ ਨੂੰ ਸਨਮਾਨਿਤ ਕੀਤਾ ਗਿਆ।