November 13, 2011 admin

ਹਥੀਂ ਸੁਰਗ ਸਜਾਉਣਾ ਪੈਂਦਾ

ਹਥੀਂ ਸੁਰਗ ਸਜਾਉਣਾ ਪੈਂਦਾ

       
1          
ਰਗੜ ਕੇ ਮੱਥੇ ਸੁੱਖ ਹੀ ਭਾਲੇ, ਇਹ ਬੰਦੇ ਦੀ ਜੂਨ ਨਹੀਂ ਹੈ ।    
ਵੀਟ੍ਹ ਸਮੁੱਚੀ ਜਿੰਦਗੀ ਮਿਲਦਾ, ਇਹ ਸੌਦਾ ਪ੍ਰਚੂਨ ਨਹੀਂ ਹੈ ।    
2
ਲਾਲਚ ਖਾਤਿਰ ਵਿਕਿਆ ਬੰਦਾ, ਬੈਠਾ ਅਣਖ ਜ਼ਮੀਰ ਵੇਚ ਕੇ,
ਖਾਏ ਉਬਾਲੇ ਗੈਰਤ ਅੰਦਰ, ਇਸ ਦੇ ਵਿਚ ਉਹ ਖੂਨ ਨਹੀਂ ਹੈ ।
3
ਖਾਧਾ ਇਸ ਨੂੰ ਹੀਣ ਭਾਵਨਾ, ਇਹ ਤਾਂ ਲਿਫ ਕੇ ਹੋਇਆ ਦੋਹਰਾ,      
ਅਣਖ ਈਮਾਨ ਦਾ ਇਸ ਦੇ ਅੰਦਰ, ਲਗਦਾ ਰਤਾ ਜਨੂਨ ਨਹੀਂ ਹੈ ।  
4
ਤੱਕ ਕੇ ਹਾਸਾ ਉਪਮਾ ਕਿਧਰੇ, ਇਹ ਤਾਂ ਸੜਦਾ ਬਲਦਾ ਭੁੱਜਦਾ,      
ਏਸ ਧੁਆਂਖੇ ਦਿਲ ‘ਚ ਕਿਧਰੇ, ਦਿਸਦਾ ਰਤਾ ਸਕੂਨ ਨਹੀਂ ਹੈ ।  
5
ਬੇਹਿੱਸ ਹਿਰਦੇ ਲਾਸ਼ਾਂ ਨਿਰੀਆਂ, ਚੰਮ ਖੁਸ਼ੀਆਂ ਦੇ ਇਹ ਤਾਂ ਪੁਤਲੇ,
ਆਪਣੀ ਖਾਤਿਰ ਹੀ ਤਾਂ ਜੀਣਾ, ਬੰਦੇ ਦੀ ਕੋਈ ਜੂਨ ਨਹੀਂ ਹੈ ।  
6
ਦੇ ਕੇ ਸਿਰ ਸਰਦਾਰੀ ਲੈਣੀ, ਜੀਵਦਿਆਂ ਹੀ ਮਰ ਕੇ ਜੀਊਣਾ,  
ਇਸ ਤੋਂ ਵਡਾ ਜੀਵਨ ਖਾਤਿਰ, ਜ਼ਿੰਦਗੀ ਦਾ ਕਾਨੂੰਨ ਨਹੀ ਹੈ ।        
7  
ਖਲਕਤ ਸੇਵਾ ਵਤਨ ਪ੍ਰਸਤੀ, ਕਹਿਣੀ ਕਰਨੀ ਤੇ ਕੁਰਬਾਨੀ,  
ਮੰਜ਼ਲ ਦੇ ਇਸ ਆਸ਼ੇ ਉੱਪਰ, ਹੋਰ ਕੋਈ ਮਜ਼ਮੂਨ ਨਹੀਂ ਹੈ ।
8
ਅਰਸ਼ੀ ਪੀਂਘ ਦੇ ਸੁਹਜਾਂ ਜੇਹਾ, ਪੈਂਦਾ ਹੱਥੀਂ ਸੁਰਗ ਸਜਾਉਣਾ,      
ਸਾਡੇ ਲਈ ਕੋਈ ਥਾਲ ਪਰੋਸੀ, ਫਿਰਦਾ ਅਫਲਾਤੂਨ ਨਹੀੰ ਹੈ ।  

ਗਿਆਨ ਸਿੰਘ ਕੋਟਲੀ ਵੈਨਕੂਵਰ
(604 5027151)    
  

Translate »