November 13, 2011 admin

ਸਿੱਖਣਾਂ ਬਾਕੀ ਹੈ

ਮੌਸਮ ਕੋਲੋਂ ਅਸਾਂ ਨਹੀਂ ਸਿੱਖਿਆ, ਹਾਲਾਤਾਂ ਵਿਚ ਢਲਣਾਂ
ਬਿਰਖ ਦੇ ਕੋਲੋਂ ਵੀ ਨਹੀਂ ਸਿੱਖਿਆ, ਸੱਚ ਦੇ ਉਪਰ ਖੜ੍ਹਣਾਂ

ਅਸੀ ਨ੍ਹਾਂ ਸਿੱਖਿਆ ਧਰਤੀ ਕੋਲੋਂ, ਸਦਾ ਹੀ ਵਿੱਛੇ ਰਹਿਣਾਂ
ਪਾਣੀਂ ਕੋਲੋਂ ਕਦੇ ਨਹੀਂ ਸਿੱਖਿਆ, ਨੀਵੀਂ ਥਾਂ ਤੇ ਬਹਿਣਾਂ

ਸ਼ੀਸ਼ੇ ਕੋਲੋਂ ਸਿੱਖ ਨਹੀਂ ਸੱਕੇ, ਅਸੀਂ ਸੱਚੋ ਸੱਚ ਦਰਸਾਣਾਂ
ਅਸੀਂ ਸਿੱਖਿਆ ਨਹੀਂ ਘੜੀ ਦੇ ਕੋਲੋਂ, ਹਰਦਮ ਚਲਦੇ ਜਾਣਾਂ

ਸੂਰਜ ਕੋਲੋਂ ਅਸਾਂ ਨਹੀਂ ਸਿੱਖਿਆ, ਸੱਭ ਨੂੰ ਰੋਸ਼ਨ ਕਰਨਾਂ
ਚੰਨ ਕੋਲੋਂ ਵੀ ਨਹੀਂ ਏ ਸਿੱਖਿਆ, ਠੰਡਕ ਸੱਭ ਵਿਚ ਭਰਨਾਂ

ਸਿੱਖਆ ਨਹੀਂ ਕੁੱਤੇ ਦੇ ਕੋਲੋਂ, ਅਸੀਂ ਮਾਲਿਕ ਦਾ ਹੋ ਜਾਣਾਂ
ਕਛੂਏ ਕੋਲੋਂ ਅਸੀਂ ਨਹੀਂ ਸਿੱਖਿਆ, ਸਹਿਜੇ ਟੁਰ ਜਿੱਤ ਜਾਣਾਂ

ਫ਼ੁਲ ਕੋਲੋਂ ਨ੍ਹਾਂ ਸਿੱਖਿਆ ਵਿਚ ਕੰਡਿਆਂ ਦੇ ਖਿੜਿਆ ਰਹਿਣਾਂ
ਸਿੱਖਿਆ ਨਹੀਂ ਵੇਲ ਦੇ ਕੋਲੋਂ, ਸੰਗ ਪ੍ਰੀਤਮ ਲਿਪਟੇ ਰਹਿਣਾਂ

ਸਿੱਖਣਾਂ ਹੈ ਅਜੇ ਅੱਗ ਦੇ ਕੋਲੋਂ, ਅਸਾਂ ਨਿੱਘ ਕਿਸੇ ਨੂੰ ਦੇਣੀਂ
ਬਰਫ਼ ਦੇ ਕੋਲੋਂ ਵੀ ਸਿੱਖਣਾਂ ਹੈ, ਅਸੀਂ ਠੰਢ ਕਲੇਜੇ ਪਾਣੀਂ

ਨਦੀ ਦੇ ਕੋਲੋਂ ਨ੍ਹਾਂ ਸਿੱਖ ਸਕੇ, ਤਾਂਘ ਪ੍ਰੀਤਮ ਕੋਲ ਜਾਣ ਦੀ
ਨ੍ਹਾਂ ਸਿੱਖੀ ਏ ਸਾਗਰ ਕੋਲੋਂ, ਤੜਪ ਵਿਛੜਿਆਂ ਨੂੰ ਪਾਣ ਦੀ

ਅਸੀਂ ਨਹੀਂ ਸਿੱਖਿਆ ਪੱਥਰ ਕੋਲੋਂ, ਨਿਸਚਾ ਪੱਕਾ ਕਰਨਾਂ
ਲੋਹੇ ਕੋਲੋਂ ਨਹੀਂ ਸਿੱਖਿਆ ਅੰਦਰ, ਫ਼ੌਲਾਦੀ ਜਜ਼ਬਾ ਭਰਨਾਂ

ਲਕੜੀ ਕੋਲੋਂ ਕਿਸੇ ਦੇ ਤਾਂਈਂ, ਨਹੀਂ ਸਿੱਖਿਆ ਕੱਟ ਜਾਣਾਂ
ਫ਼ਲਦਾਰ ਟਹਿਣੀਂ ਤੋਂ ਅਸੀਂ, ਸਿੱਖਿਆ ਨਹੀਂ ਝੁਕ ਜਾਣਾਂ

ਕਦੋਂ ਸਿੱਖਾਂਗੇ ਸੱਭ ਕੁਝ ਅਸੀਂ, ਇਹ ਸਮਾਂ ਖਿਸਕਦਾ ਜਾਏ
ਮਿਲਿਐ ਜਨਮ ਮਨੁੱਖੀ ਉੱਤਮ, ਐਵੇਂ ਬਿਰਥਾ ਲੰਘੀ ਜਾਏ

ਵਂਡਕੇ ਪਿਆਰ ਜਗਤ ਦੇ ਅੰਦਰ, ਲਈਏ ਖੁਸ਼ੀ ਹਰ ਇਕ ਤੋਂ
ਸੱਚ ਦੇ ਮਾਰਗ ਨੂੰ ਅਪਨਾਈਏ, ਡਰੀਏ ਸਿਰਫ਼ ਇਕ ਰੱਬ ਤੋਂ

ਕਾਮ ਕ੍ਰੋਧ ਹੰਕਾਰ ਨੂੰ ਤੱਜੀਏ, ਲੋਭ ਮੋਹ ਸੱਭ ਕਰੀਏ ਦੂਰ
ਨੀਵੇਂ ਹੋ ਰਹੀਏ ਜਗ ਅੰਦਰ,ਆਕੜ ਮਾਣ ਦਾ ਕਰੀਏ ਚੂਰ

ਜੀਵਨ ਹੋਵੇ ਸੁਥਰਾ ਸਾਡਾ, ਕਰੀਏ ਕਿਰਤ ਸੱਚੀ ਤੇ ਸੁੱਚੀ
ਸੱਚ ਧਰਮ ਤੇ ਸੇਵਾ ਸਿਮਰਨ, ਇਨ੍ਹਾਂ ‘ਚ ਹੋਵੇ ਸਾਡੀ ਰੁਚੀ

ਬੋਲ ਅਸਾਡੇ ਹੋਵਣ ਮਿੱਠੇ, ਕਰੀਏ ਮਾਣ ਤੇ ਆਦਰ ਸੱਭ ਦਾ
ਨਾਲ ਪਿਆਰ ਦੇ ਜਿੱਤੀਏ ਅਸੀਂ, ਦਿਲ ਜਗਤ ਵਿਚ ਸੱਭਦਾ

ਇਕ ਅਰਦਾਸ "ਜੀਤ" ਇਹ ਰੱਬ ਨੂੰ, ਆਓ ਮਿਲਕੇ ਕਰੀਏ
ਹੋਵੇ ਜਨਮ ਇਹ ਸਫ਼ਲ ਅਸਾਡਾ, ਭਉਜਲ ਪਾਰ ਉਤਰੀਏ

 

( ਬਿਕਰਮਜੀਤ ਸਿੰਘ ‘ਜੀਤ’ )

Translate »