November 13, 2011 admin

ਸੁਨਾਮੀ ਦੀ ਤਬਾਹੀ




1
 ਪਰਲੋ ਦੀ ਇਹ ਦਰਦ ਕਹਾਣੀ, ਇਸ ਦਾ ਪਾਰਾਵਾਰ ਨਹੀਂ ਹੈ ।
 ਇਹ ਹੈ ਦੁੱਖੜਾ ਸ੍ਰਬਨਾਸ਼ ਦਾ, ਇਸ ਦਾ ਅੰਤ ਸ਼ੁਮਾਰ ਨਹੀੰ ਹੈ ।    
2
 ਏਸ ਅਫਾਤ ਦੇ ਵਹਿਣਾਂ ਅੰਦਰ, ਵਹਿ ਗਏ ਲੱਖਾਂ  ਕੱਖਾਂ ਵਾਂਗੂੰ ,           
 ਕਿਸ ਥਾਂ ਹੋਇਆ ਨਹੀਂ ਉਜਾੜਾ, ਹੋਇਆ ਕੀ ਸੰਘਾਰ ਨਹੀਂ ਹੈ ।    
3
 ਮੁਰਦੇਹਾਣੀ ਛਾਈ ਹਰ ਥਾਂ, ਸੋਗ ਦੀ ਘੋਰ ਵੀਰਾਨੀ ਅੰਦਰ,            
 ਕਿਹੜੇ ਥਾਂ ਦਾ ਮਲਬਾ ਜਿੱਥੇ,  ਲੋਥਾਂ ਦੀ ਭਰਮਾਰ ਨਹੀਂ ਹੈ ।
4
 ਵਹਿਣਾ ਵਾਂਗੂੰ ਵਹਿ ਗਏ ਸਾਰੇ, ਆਸ ਉਮੀਦਾਂ ਸੁੰਦਰ ਸੁਪਨੇ,   
 ਕਿਹੜਾ ਸੁਪਨਾ ਬਾਕੀ ਬਚਿਆ, ਰੋਂਦਾ ਜ਼ਾਰੋ ਜ਼ਾਰ ਨਹੀਂ ਹੈ ।
5
 ਕਿਹੜੇ ਮਣਕੇ ਨਹੀਓਂ ਟੁੱਟੇ, ਕਿਹੜੇ ਮੋਤੀ ਨਹੀਓੰ ਬਿਖਰੇ,
 ਕਿਹੜੀ ਮਾਲਾ ਨਹੀਓੰ ਟੁੱਟੀ, ਟੁੱਟਾ ਕਿਹੜਾ ਹਾਰ ਨਹੀਂ ਹੈ ।
6
 ਡੂੰਘੇ ਲੰਮੇ ਸਦਮੇ, ਸੱਲਾਂ,   ਆਹਾਂ, ਢਾਹਾਂ,  ਹੌਅਕੇ,  ਹੌਝੂ,
 ਕਿਸ ਦੇ ਸੀਨੇ ਖੁਭੀ ਏਥੇ, ਗਮ ਦੀ ਤਿੱਖੀ ਆਰ ਨਹੀਂ ਹੈ ।
7
 ਕਿਹੜਾ ਸਦਮਾ ਨਹੀਓਂ ਕਾਰੀ, ਕਿਹੜਾ ਦਰਦ ਅਪਾਰ ਨਹੀਂ ਹੈ,
 ਕਿਸ ਦੀ ਸੋਗੀ ਸੋਚ ਤੇ ਏਥੇ, ਸਦੀਆਂ ਜਿੱਡਾ ਭਾਰ ਨਹੀਂ ਹੈ ।
8
 ਕਦ ਤੱਕ ਵਗਦੇ ਰਹਿਣੇ ਹੰਝੂ, ਕਦ ਤੱਕ ਸੱਲਾਂ ਸੱਲਣਾ ਸੀਨਾ,     
 ਇਸ ਪੀੜਾ ਦੇ ਮੁੱਕਣ ਦਾ ਵੀ, ਕਿਧਰੇ ਕੋਈ ਅਸਾਰ ਨਹੀਂ ਹੈ ।
9
 ਸਾਂਭ ਸੁਆਰਨ ਬਚਦੇ ਤਿਣਕੇ, ਕਿਦੱਾਂ ਬਹੁੜੀ ਕੁੱਲ ਲੁਕਾਈ,
 ਏਸ ਜਿਹਾ ਵੀ ਏਕੇ ਦਾ ਮੈਂ, ਤੱਕਿਆ ਚਮਤਕਾਰ ਨਹੀਂ ਹੈ ।
                       
  ( ਇੰਡੋਨੇਸ਼ੀਆਂ ਵਿਖੇ 2004 ਨੂੰ ਤੇ ਹੁਣ ਜਾਪਾਨ ਵਿਖੇ ਭਿਅੰਕਰ ਤਬਾਹੀ ਹੋਈ ਹੈ। ਇਹਨਾਂ ਸਤਰਾਂ ਵਿਚ ਇਸ ਤਬਾਹੀ ਬਾਰੇ ਕੁਝ ਕਹਿਣ ਦਾ ਯਤਨ ਕੀਤਾ ਹੈ ।)

 

 ਗਿਆਨ ਸਿੰਘ ਕੋਟਲੀ ਵੈਨਕੂਵਰ     

Translate »