November 13, 2011 admin

ਸੁੱਕੇ ਦਰੱਖਤ ਦੀ ਦਾਸਤਾਨ

        ਆ ਬਜ਼ੁਰਗ ਦੋਸਤ
        ਆ ਮੇਰੇ ਸੰਗ ਦੋ ਪਲ ਖਲੋ ਜਾ
        ਮੈਂ ਤੈਨੂੰ ਬੈਠਣ ਲਈ ਨਹੀਂ ਕਹਾਂਗਾ
        ਕਿਉਂਕਿ
        ਮੇਰੇ ਪਾਸ ਹੁਣ ਮਹਿਮਾਨਾਂ ਵਾਸਤੇ  
        ਫੁੁੱਲ ,ਫਲ,ਸੁਗੰਧੀ, ਠੰਡੀ ਛਾਂ
        ਕੁੱਝ ਵੀ ਤਾਂ ਨਹੀਂ
        ਮੈਂ ਸੁੱਕਿਆ ਦਰੱਖਤ
        ਕਿਸੇ ਨੂੰ ਕੀ ਦੇ ਸਕਦਾ ਹਾਂ ?
        ਪੰਛੀ ਜੋ ਕਦੇ ਮੇਰੀ ਬੁੱਕਲ ’ਚ’ ਬੈਠ
        ਮਿਠੜੇ ਬੋਲ ਸੁਣਾਉਂਦੇ,ਚਹਿਚਹਾਂਉਂਦੇ ਸਨ
        ਮੇਰੀਆਂ ਟਹਿਣੀਆਂ ਤੇ ਅ੍ਹਾਲਣੇ ਬਣਾ
        ਆਪਣੇ ਘਰ ਵਸਾਂਉਂਦੇ ਸਨ
        ਕਈ ਪ੍ਹੀੜੀਆਂ ਦੀ ਸਾਂਝ ਸੀ ਮੇਰੇ ਨਾਲ
        ਅੱਜ ਸੱਭ ਸਾਥ ਛੱਡ ਗਏ ਨੇ
        ਕੋਈ ਨਾ ਮੇਰੇ ਪਾਸ ਆਉਂਦਾ ਏ।
        ਯਾਦ ਆਉਂਦੇ ਨੇ ਜਵਾਨੀ ਦੇ ਦਿਨ
        ਜਦੋਂ ਮੇਰੇ ਤੇ ਪੂਰਾ ਜੋਬਨ ਹੁੰਦਾ ਸੀ
        ਮੇਰੀ ਖੁਸ਼ਬੂ ਨਾਲ ਚੌਗਿਰਦਾ ਮਹਿਕ ਜਾਂਦਾ ਸੀ
        ਹਰ ਜੀਵ ਜੰਤ ਮੇਰੀ ਸੰਗਤ ’ਚ’ ਅਨੰਦ ਮਨਾਉਂਦਾ ਸੀ।
        ਮਾਲਕ ਮਾਲਕਣ ਮੇਰੀ ਛਾਵੇਂ ਬਹਿ
        ਪਿਆਰ ਸੰਵਾਦ ਰਚਾਉਂਦੇ ਸਨ
        ਤੇ ਘਰ ਦੇ ਬੱਚੇ ਖੇਡਦੇ ਕੁੱਦਦੇ
        ਖੁਸ਼ੀਆਂ ਮਨਾਉਂਦੇ ਸਨ
        ਮੈਂ ਵੀ ਗਦ ਗਦ ਹੋ ਜਾਂਦਾ ਸਾਂ
        ਜਦ ਹਰ ਕੋਈ
        ਮੇਰੀ ਗੋਦ ’ਚ’ ਸਕੂਨ ਪਾਉਂਦਾ ਸੀ।
        ਸਮੇਂ ਦੇ ਚੱਲਦਿਆਂ
        ਮੇਰੀ ਸੱਭ ਰੌਣਕ ਬਹਾਰ ਲੁੱਟ ਗਈ
        ਘਰ ਦਾ ਮਾਲਕ ਵੀ
        ਕਦ ਦਾ ਰੱਬ ਨੂੰ ਪਿਆਰਾ ਹੋ ਗਿਆ ਏ
        ਬਾਗ ਦਾ ਮਾਲੀ
        ਅੱਜ ਨਵੇਂ ਮਾਲਕ ਨੂੰ ਕਹਿ ਰਿਹਾ ਸੀ
        ਪੁੱਟ ਦੇਈਏ ਇਸ ਸੁੱਕੇ ਦਰੱਖਤ ਨੂੰ
        ਬਾਲਣ ਦੇ ਕੰਮ ਆਵੇਗਾ
        ਐਵੇਂ ਬਾਗ ਦੀ ਸ਼ਾਨ ਘਟਾਉਂਦਾ ਏ।
        ਦੋ ਪਲ ਖਲੋ ਬਜ਼ੁਰਗ ਦੋਸਤ
        ਗੱਲ ਦਿਲ ਦੀ ਕਰੀਏ ਸਾਂਝੀ
        ਤੇਰੀ ਤੇ ਮੇਰੀ ਇਕੋ ਕਹਾਣੀ ਏ
        ਅਸੀਂ ਕੁੱਝ ਦਿਨਾਂ ਦੇ ਪ੍ਰਹੁਣੇ ਆਂ
        ਫਿਰ ਤੁਰ ਜਾਣਾ ਏ
        ਸ਼ਾਇਦ ਸਿਵਿਆਂ’ਚ’ ਫਿਰ ਮਿਲੀਏ
        ਇਕ ਦੂਸਰੇ ਦੇ ਸੰਗ ਸੜ       
        ਰਾਖ ਦੀ  ਢੇਰੀ ਬਣ ਜਾਵਾਂਗੇ
     ਗੱਲ ਦਿਲ ਤੇ ਨਾ ਲਾਵੀਂ ਦੋਸਤਾ
        ਇਹੋ ਦਸਤੂਰ ਦੁਨੀਆਂ ਦਾ ।

   —–ਅੰਮ੍ਰਿਤ ਲਾਲ ਮੰਨਣ—–
           9463224535

Translate »