[ਗਿਆਨ ਸਿੰਘ ਕੋਟਲੀ, ਵੈਨਕੂਵਰ ਕਨੇਡਾ]
ਸੱਚੇ ਪਾਤਸ਼ਾਹ ਦੀਨ ਦਿਆਲ ਦਾਤਾ,
ਤੇਰੇ ਹੁੰਦਿਆਂ ਸਾਨੂੰ ਪਰਵਾਹ ਕੋਈ ਨਾ ।
ਭੀਖਕ ਅਸੀਂ ਗਰੀਬ ਮਸਕੀਨ ਤੇਰੇ,
ਤੇਰੇ ਜੇਹਾ ਤੇ ਸ਼ਾਹਾਂ ਦਾ ਸ਼ਾਹ ਕੋਈ ਨਾ ।
ਕਰੀਂ ਅਸਾਂ ਤੇ ਮਿਹਰ ਦੀ ਨਜ਼ਰ ਦਾਤਾ,
ਘੇਰੇ ਨ੍ਹੇਰਿਆਂ ਲੱਭਦੀ ਰਾਹ ਕੋਈ ਨਾ ।
ਚਰਨ ਧੂੜ ਹੀ ਤੇਰੀ ਏ ਧਾਮ ਸਾਡਾ,
ਬਿਨਾ ਏਸ ਤੋਂ ਸਾਡੀ ਦਰਗਾਹ ਕੋਈ ਨਾਂ ।
2
ਕਿਵੇਂ ਟੁਰਨਾ ਤੇ ਪਹੁੰਚਣਾ ਕਦੋਂ ਕਿਥੇ ,
ਮੰਜ਼ਿਲ ਵਲ ਨੂੰ ਸਾਡੀ ਨਿਗਾਹ ਕੋਈ ਨਾ ।
ਪਲਦੀ ਪਈ ਅਗਿਆਨਤਾ ਭੇਖ ਪੂਜਾ,
ਬਾਣੀ ਵਲ ਨੂੰ ਸਾਡਾ ਉਤਸ਼ਾਹ ਕੋਈ ਨਾ ।
ਕੁਰਸੀ ਫੁੱਟ ਦਾ ਰੌਲਾ ਚੁਫੇਰ ਦਿਸਦਾ,
ਦਿਸੇ ਨਾਮ ਦੀ ਸਿਫਤ ਸਲਾਹ ਕੋਈ ਨਾ ।
ਆਪੋ ਧਾਪੀ ਹੈ ਮਚੀ ਸੁਆਰਥਾਂ ਲਈ,
ਬੇੜੀ ਸਾਡੀ ਦਾ ਦਿਸੇ ਮਲਾਹ ਕੋਈ ਨਾ ।
3
ਧਰਮ ਕਰਮ ਮਰਯਾਦਾ ਦੀ ਗੱਲ ਛੱਡੋ,
ਏਥੇ ਨਵੇਂ ਰਿਵਾਜਾਂ ਦੀ ਥਾਹ ਕੋਈ ਨਾ ।
ਪੜ੍ਹੇ ਲਿਖੇ ਦੀ ਦਿਸੇ ਨਾ ਪੁੱਛ ਕਿਧਰੇ,
ਜਾਪੇ ਅਸਾਂ ਨੂੰ ਅਕਲ ਦੀ ਪਾਹ ਕੋਈ ਨਾ ।
ਪਿੱਛੇ ਪਏ ਹਾਂ ਅਕਲ ਦੇ ਡਾਂਗ ਲੈ ਕੇ,
ਚਲਦੀ ਦਿਸੇ ਦਲੀਲ ਦੀ ਵਾਹ ਕੋਈ ਨਾ ।
ਨਿੱਤ ਧੜਿਆਂ ਚੋਂ ਧੜੇ ਹਾਂ ਘੜੀ ਜਾਂਦੇ,
ਕਰਦੇ ਬੈਠ ਕੇ ਅਸੀਂ ਸਲਾਹ ਕੋਈ ਨਾ ।
4
ਊਜਾਂ ਤੁਹਮਤਾਂ ਅਸਾਂ ਨੂੰ ਨਸ਼ਰ ਕੀਤਾ,
ਬਚੀ ਸਿਰ ਚ` ਪੈਣੋਂ ਸੁਆਹ ਕੋਈ ਨਾ ।
ਪਾਈਏ ਵੰਡੀਆਂ ਮਕਰ ਫਰੇਵ ਕਰੀਏ,
ਆਉਂਦਾ ਅਸਾਂ ਨੂੰ ਸੁੱਖ ਦਾ ਸਾਹ ਕੋਈ ਨਾ ।
ਹੁਣ ਤਾਂ ਬੰਦਾ ਤੇ ਬੰਦੇ ਦੀ ਗੱਲ ਛੱਡੋ ,
ਕਰਦਾ ਰੱਬ ਤੇ ਦਿਸੇ ਵਿਸਾਹ ਕੋਈ ਨਾ ।
ਸੱਚੇ ਪਾਤਸ਼ਾਹ ਬਖਸ਼ ਇਤਫਾਕ ਸਾਨੂੰ ,
ਏਦੂੰ ਵਧ ਕੇ ਅਸਾਂ ਦੀ ਚਾਹ ਕੋਈ ਨਾ ।
[604 5027151}