ਗਿਆਨ ਸਿੰਘ ਕੋਟਲੀ ਵੈਨਕੂਵਰ
1
ਇਹ ਮਾਰ ਧਾੜ ਚੱਕਰ, ਇਹ ਭਰਮ ਭੇਖ ਨ੍ਹੇਰਾ ।
ਮੁੱਕਦਾ ਕਦੀ ਨਾ ਦਿਸਦਾ, ਇਹ ਗੋਲਮਾਲ ਫੇਰਾ ।
2
ਰਸਮਾਂ ਦੇ ਰੋੜ੍ਹ ਅੰਦਰ, ਰੁੜ੍ਹਦੇ ਨੇ ਲੋਕ ਲੱਗਦੇ,
ਬੈਠੀ ਹੈ ਚਾਲਬਾਜ਼ੀ, ਹਰ ਥਾਂ ਜਮਾਈ ਡੇਰਾ ।
3
ਗੁਣ ਗਿਆਨ ਤੇ ਹਲੀਮੀ, ਨਾ ਸੂਝ ਬੂਝ ਦਿਸਦੀ,
ਛਾਇਆ ਚੁਫੇਰ ਲਗਦਾ, ਅਗਿਆਨ ਦਾ ਹਨ੍ਹੇਰਾ ।
4
ਲੋਕਾਂ ਨੂੰ ਲੁੱਟਦੇ ਨੇ, ਥਾਂ ਥਾਂ ਤੇ ਚਤਰ ਭੇਖੀ,
ਕਹਿੰਦੇ ਨੇ ਪੈਰ ਹੇਠਾਂ, ਆਇਆ ਮਸਾਂ ਬਟੇਰਾ ।
5
ਸੜ ਸੁੱਕ ਰਹੇ ਨੇ ਜੱਗ ਤੇ, ਸੁੱਖ ਸ਼ਾਂਤੀ ਦੇ ਸੋਮੇ,
ਫੁੱਲਾਂ ਦੀ ਬਾਸ ਕਿਥੋਂ, ਭਾਲੇਗਾ ਹੁਣ ਫੁਲੇਰਾ ।
6
ਥਾਂ ਥਾਂ ਬਾਰੂਦ ਬੰਬਾਂ, ਧਰਤੀ ਦੀ ਹਿੱਕ ਲੂਹੀ,
ਪਾਇਆ ਹੈ ਸ਼ਾਂਤੀ ਨੂੰ, ਹੁਣ ਆਫਤਾਂ ਨੇ ਘੇਰਾ ।
7
ਬੰਦੇ ਨਾ ਕੁੱਝ ਵੀ ਤੇਰਾ, ਨਾ ਹੀ ਏ ਕੁੱਝ ਮੇਰਾ,
ਆਪਣਾ ਬਣਾ ਲਵੇਂ ਤਾਂ, ਸਾਰਾ ਜਹਾਨ ਤੇਰਾ ।
[604 5027151]