ਗਿਆਨ ਸਿੰਘ ਕੋਟਲੀ ਵੈਨਕੂਵਰ
1
ਰੱਬ ਦੇ ਨਾ ਤੇ ਹੇਰਾ ਫੇਰੀ, ਚੰਗਾ ਚੱਜ ਅਚਾਰ ਨਹੀਂ ਹੈ ।
ਧਰਮ ਦੇ ਨਾ ਤੇ ਧੰਦਾ ਠੱਗੀ, ਚੰਗਾ ਕਾਰੋਬਾਰ ਨਹੀਂ ਹੈ ।
2
ਹੱਦਾਂ ਵੰਡੀਆਂ ਪਾੜੇ ਪਾਉਣੇ, ਆਪਸ ਵਿਚ ਲੜਾਉਣੇ ਲੋਕੀਂ,
ਇਸ ਤੋਂ ਵਡਾ ਪਾਪ ਨਾ ਕੋਈ, ਏਦੂੰ ਭੈੜੀ ਕਾਰ ਨਹੀਂ ਹੈ ।
3
ਆਪਣੀ ਰੋਟੀ ਸੇਕਣ ਖਾਤਿਰ, ਥਾਂ ਥਾਂ ਲੂਤੀ ਲਾਈ ਜਾਣੀ,
ਇਹ ਤਾਂ ਸੁਹਣੇ ਸਾਊ ਸੁੱਚੇ ਬੰਦੇ ਦਾ ਬਿਓਹਾਰ ਨਹੀਂ ਹੈ ।
4
ਰਸਮਾਂ ਭੇਖ ਪਖੰਡੀ ਲਾਰੇ, ਰੱਬੀ ਰਹਿਮਤ ਨਜ਼ਰ ਸੁਵੱਲੀ,
ਇਹ ਹੈ ਸਾਰਾ ਗੋਰਖ ਧੰਦਾ, ਕੋਈ ਪਰਉਪਕਾਰ ਨਹੀਂ ਹੈ ।
5
ਜਗਤ ਜਲੰਦੇ ਠੰਢ ਵਰਤਾਉਣੀ, ਪਿਆਰ ਸਚਾਈ ਮਾਨਵ ਸੇਵਾ,
ਏਦੂੰ ਵਧ ਕੇ ਸੁਹਣਾ ਸੁਰਗੀ, ਹੋਰ ਕੋਈ ਉਪਕਾਰ ਨਹੀਂ ਹੈ ।
6
ਈਰਖਾ ਨਫਰਤ ਸਾੜਾ ਲਾਲਚ, ਹੈਂਕੜ ਹਉਮੇ ਮਤਲਬ ਖੋਰੀ,
ਬੰਦੇ ਦੀ ਇਸ ਘਾਣ-ਕਲਾ ਤੇ, ਭੋਰਾ ਵੀ ਇਤਵਾਰ ਨਹੀਂ ਹੈ ।
7
ਦੁੱਖ ਦੂਜੇ ਹੱਸ ਕੇ ਸਹਿਣਾ, ਹਰ ਪੀੜ ਨੂੰ ਆਪਣੀ ਕਹਿਣਾ,
ਇਸ ਤੋਂ ਵਧ ਕੇ ਸੁਹਣਾ ਕੋਈ, ਸੁੱਖਾਂ ਦਾ ਸੰਸਾਰ ਨਹੀਂ ਹੈ ।
8
ਅੰਦਰੋਂ ਹੋਰ ਤੇ ਬਾਹਰੋਂ ਹੋਰ, ਕਹਿਣੀ ਹੋਰ ਤੇ ਕਰਨੀ ਹੋਰ,
ਇਹਦੇ ਨਾਲ ਜੋ ਭਰਿਆ ਬੰਦਾ, ਉਹ ਯਾਰਾਂ ਦਾ ਯਾਰ ਨਹੀਂ ਹੈ ।
[604 5027151]
ਸ਼ਹੀਦੇ-ਆਜ਼ਮ ਭਗਤ ਸਿੰਘ ਦੀ ਆਵਾਜ਼
[ਗਿਆਨ ਸਿੰਘ ਕੋਟਲੀ ਵੈਨਕੂਵਰ ]
ਦੇਸ਼ ਵਾਸੀਓ ਅਸਾਂ ਦੇ ਖੂਨ ਬਦਲੇ, ਮਿਲੀਆਂ ਤੁਸਾਂ ਨੂੰ ਇਹ ਸਰਦਾਰੀਆਂ ਸਨ ।
ਚੱਪੇ ਚੱਪੇ ਤੇ ਡੋਹਲਿਆ ਖੂਨ ਆਪਾਂ, ਝੱਲੀਆਂ ਸਿਰਾਂ ਤੇ ਬਹੁਤ ਖੁਆਰੀਆਂ ਸਨ ।
ਝੂਟੇ ਲਏ ਸੀ ਫਾਂਸੀ ਦੇ ਰੱਸਿਆਂ ਤੇ , ਚੜ੍ਹੀਆਂ ਅਸਾਂ ਨੂੰ ਅਜਬ ਖੁਮਾਰੀਆਂ ਸਨ ।
ਝੱਲੇ ਦੇਸ਼ ਦੇ ਲਈ ਸੀ ਕਸ਼ਟ ਲੱਖਾਂ, ਜਾਨਾਂ ਇਸ ਦੀ ਭਗਤੀ ਤੋਂ ਵਾਰੀਆਂ ਸਨ ।
ਐਪਰ ਜੇਸ ਦੀ ਆਨ ਤੇ ਸ਼ਾਨ ਖਾਤਿਰ,
ਰੋਮ ਰੋਮ ਸੀ ਅਸੀਂ ਕੁਰਬਾਨ ਕੀਤਾ ।
ਓਸੇ ਦੇਸ਼ ਨੂੰ ਤੁਸਾਂ ਅੱਜ ਊਜ ਲਾਈ ,
ਓਸੇ ਦੇਸ਼ ਦਾ ਤੁਸਾਂ ਅਪਮਾਨ ਕੀਤਾ ।
2|
ਹੁਣ ਤੇ ਜਾਪਦਾ ਆਪਣੀ ਮਾਤ ਭੂਮੀ, ਪੁੱਤਰ ਸੂਰਮੇ ਆਪ ਹੀ ਖਾਈ ਜਾਂਦੀ ।
ਕਰਦੇ ਹੱਕ ਤੇ ਸੱਚ ਦੀ ਗੱਲ ਜਿਹੜੇੇ, ਤਾਲੇ ਉਨ੍ਹਾਂ ਦੇ ਮੂੰਹ ਤੇ ਲਾਈ ਜਾਂਦੀ ।
ਸਾਜਿਸ਼ ਰਚ ਕੇ ਪੁਲਸ ਮੁਕਾਬਲੇ ਦੀ, ਮੇਰੇ ਵਾਰਸਾਂ ਤਾਈਂ ਮੁਕਾਈ ਜਾਂਦੀ ।
ਖੂਨ ਡੋਲ੍ਹ ਕੇ ਦੇਸ਼ ਦੇ ਸੂਰਿਆਂ ਦਾ, ਘਾਟਾ ਕੌਮੀ ਸਰਮਾਏ ਨੂੰ ਪਾਈ ਜਾਂਦੀ ।
ਇਹ ਉਹ ਸੂਰਮੇ ਪੁਤਲੇ ਕੁਰਬਾਨੀਆਂ ਦੇ,
ਦਿੱਤਾ ਸਬਕ ਏ ਜਿਹਨਾਂ ਪਰਵਾਨਿਆਂ ਨੂੰ ।
ਜਿਹਨਾਂ ਫਾਂਸੀ ਤੇ ਅਣਖ ਦੀ ਵਾਰ ਲਿਖੀ ,
ਲਿਖਿਆ ਤੇਗ ਤੇ ਜਿਹਨਾਂ ਤਰਾਨਿਆਂ ਨੂੰ ।
3|
ਦੇਖ ਦੇਖ ਕੇ ਦਿਲ ਹੈ ਦੁਖੀ ਹੁੰਦਾ, ਮੇਰੇ ਵਤਨ ਦੇ ਕਿਵੇਂ ਕਿਰਦਾਰ ਹੋਏ ।
ਕਿਵੇਂ ਮੱਚੀ ਏ ਧਾਂਦਲੀ ਚਾਰ ਪਾਸੇ, ਚਮਚੇ ਪਿੱਠੂ ਨੇ ਕਿਵੇਂ ਸਰਦਾਰ ਹੋਏ ।
ਲੁੱਟ ਫੁੱਟ ਅਨਿਆਂ ਤੇ ਰਿਸ਼ਵਤਾਂ ਦੇ, ਲੋਕੀਂ ਵਿਲਕਦੇ ਕਿਵੇਂ ਸ਼ਿਕਾਰ ਹੋਏ ।
ਲਾਭ ਲੋਕਾਂ ਦਾ ਸੋਚਦਾ ਨਹੀਂ ਦਿਸਦਾ, ਕੋਈ ਆਗੂ ਤੇ ਕੋਈ ਸਰਕਾਰ ਹੋਏ ।
ਦੇਸ਼ ਵਾਸੀਓ ਲੀਡਰੋ ਦੇਸ਼ ਖਾਤਿਰ,
ਕਰੋ ਏਕੇ ਇਤਫਾਕ ਦੀ ਗੱਲ ਕੋਈ ।
ਛੱਡੋ ਵਿਤਕਰੇ ਨਿੱਜੀ ਸੁਆਰਥਾਂ ਦੇ,
ਲੱਭੋ ਦੇਸ਼ ਉਸਾਰੀ ਦਾ ਹੱਲ ਕੋਈ ।
[ਵੈਨਕੂਵਰ 604 5027151]