November 13, 2011 admin

ਸ਼ੇਰੇ-ਪੰਜਾਬ ਦੀ ਬਰਸੀ ਤੇ ਵਿਸ਼ੇਸ਼-

ਸ਼ੇਰੇ-ਪੰਜਾਬ ਦੀ ਬਰਸੀ ਤੇ ਵਿਸ਼ੇਸ਼-
ਮਹਾਰਾਜਾ ਰਣਜੀਤ ਸਿੰਘ ਦੀ ਫਰੰਗੀ ਨੂੰ ਲਲਕਾਰ

ਅੰਗਰੇਜ਼ਾਂ ਨੇ ਸਾਰੇ ਹਿੰਦੋਸਤਾਨ ਤੇ ਤਕਰੀਬਨ ਸਤਲੁੱਜ ਦਰਿਆ (ਲੁਧਿਆਣਾ) ਤੱਕ ਕਬਜ਼ਾ ਕਰ ਲਿਆ ਸੀ । ਹੁਣ ਉਹਨਾਂ ਦੀ ਨਜ਼ਰ ਪੰਜਾਬ ਤੇ ਕਬਜ਼ਾ ਕਰਨ ਦੀ ਸੀ ਜਿਥੇ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਸੀ । ਸ਼ੇਰ ਪੰਜਾਬ ਦੀ  ਲਲਕਾਰ ਸੀ ਕਿ ਮੈਂ ਫਰੰਗੀ ਨੂੰ ਜੀਂਦੇ ਜੀ ਸਤਲੁੱਜ ਵਲ ਨਹੀਂ ਆਉਣ ਦੇਣਾ । ਏਵੇਂ ਹੀ ਹੋਇਆ । ਪਰ ਸ਼ੇਰੇ-ਪੰਜਾਬ ਦੀ  1839 ਵਿਚ ਮੌਤ ਤੋਂ ਬਾਅਦ 1849 ਵਿਚ ਅੰਗਰੇਜ਼ਾਂ ਨੇ ਪੰਜਾਬ ਤੇ ਵੀ ਕਬਜ਼ਾ ਕਰ ਲਿਆ । ਪੇਸ਼ ਹੈ ਕੋਟਲੀ ਸਾਹਿਬ ਦੀ  “ਸਤਲੁਜ ਵੱਲ ਤੂੰ ਆ ਨਹੀਂ ਸਕਦਾ ” ਦੀ ਸਮੱਸਿਆ ਤੇ ਲਿਖੀ ਕਵਿਤਾ ਵਿਚ ਸ਼ੇਰੇ-ਪੰਜਾਬ ਦੀ ਲਲਕਾਰ ।   – ਐਡੀਟਰ
 

        ਮਹਾਰਾਜਾ ਰਣਜੀਤ ਸਿੰਘ ਦੀ ਫਰੰਗੀ ਨੂੰ ਲਲਕਾਰ
—-ਗਿਆਨ ਸਿੰਘ ਕੋਟਲੀ ਵੈਨਕੂਵਰ —-

 
1
ਕਹਿਰੀ ਨਜ਼ਰਾਂ ਰੱਖਣ ਵਾਲੇ, ਮੇਰੇ ਦਿਲ ਪੰਜਾਬ ਦੇ ਉਤੇ  ।
ਖੂਨ ਜਿਗਰ ਦਾ ਪਾ ਕੇ ਸਿੰਜੇ, ਮੇਰੇ ਫੁੱਲ਼ ਗੁਲਾਬ ਦੇ ਉਤੇ  ।
ਖੂਨ ਸ਼ਹੀਦਾਂ ਨਾਲ ਉਲੀਕੇ, ਤਾਰੀਖ ਮੇਰੀ ਦੇ ਬਾਬ ਦੇ ਉਤੇ ।
ਸਦੀਆਂ ਪਿਛੋਂ ਪੂਰੇ  ਹੋਏ , ਕੌਮ ਮੇਰੀ  ਦੇ ਖਾਬ  ਦੇ  ਉਤੇ ।
     ਸੂਰਮਿਆਂ ਦੀ  ਧਰਤੀ  ਉਤੇ, ਪੈਰ ਕਦੇ  ਤੂੰ  ਪਾ ਨਹੀਂ ਸਕਦਾ ।
    ਸ਼ੇਰ ਬੱਬਰ ਦੇ ਜੀਂਦੇ ਜੀ ਤਾਂ, ਸਤਲੁਜ ਵੱਲ ਤੂੰ ਆ ਨਹੀਂ ਸਕਦਾ ।
 
2
ਫੂਕੇ ਨੇ  ਮੈਂ ਕੌਮੀ ਜ਼ਜਬੇ , ਆਪਣੇ  ਸਿਪਾਹਸਾਲਾਰਾਂ ਅੰਦਰ ।
ਫੂਕੀ ਏ ਮੈਂ ਅਣਖ ਚੰਗਿਆੜੀ, ਆਪਣੇ ਸ਼ਾਹਸਵਾਰਾਂ ਅੰਦਰ ।    
ਫੂਕੀ ਏ ਕੋਈ ਸ਼ਾਨ ਸ਼ਹੀਦੀ,  ਕੌਮੀ  ਅਣਖੀ ਵਾਰਾਂ  ਅੰਦਰ ।
ਫੂਕੀ ਏ ਮੈਂ ਕਹਿਣੀ ਕਰਨੀ, ਸਭਨਾਂ ਸਿੰਘ ਸਰਦਾਰਾਂ ਅੰਦਰ ।       
ਦੇਸ਼ ਕੌਮ ਦੇ  ਥੰਮ੍ਹਾਂ ਨੂੰ ਹੁਣ , ਝੱਖੜ ਕੋਈ ਹਿਲਾ ਨਹੀਂ ਸਕਦਾ ।
ਮੇਰੇ ਅਣਖੀ ਸ਼ੇਰਾਂ ਹੁੰਦਿਆਂ, ਸਤਲੁਜ ਵੱਲ ਤੂੰ ਆ ਨਹੀਂ ਸਕਦਾ ।
3
ਅਰਸ਼ ਫਰਸ਼ ਨੇ ਜਾਂਦੇ ਸਦਕੇ, ਦੇਸ਼ ਮੇਰੇ ਦੀਆਂ ਸ਼ਾਨਾਂ ਉਤੇ ।
ਆਪਾਵਾਰੀ ਝੂਮਦੀ ਦਿੱਸਦੀ, ਇਹਦੀਆਂ ਆਨਾਂ ਬਾਨਾਂ ਉਤੇ ।
ਝੂਮਦੀ ਏ  ਬੇਖੌਫ  ਜੁਆਨੀ, ਇਸ ਦੇ ਵੀਰ ਜੁਆਨਾਂ ਉੱਤੇ  ।
ਹੱਸ ਕੇ ਖੇਡਣ ਇਸਦੇ ਸੂਰੇ, ਆਪਣੇ ਸਿਦਕ ਈਮਾਨਾਂ ਉੱਤੇ ।    
ਇਹਦੀ ਸ਼ਾਨ ਦਾ ਅਰਸ਼ੀਂ ਝੁੱਲਦਾ, ਝੰਡਾ ਕੋਈ ਨਿਵਾ ਨਹੀਂ ਸਕਦਾ । 
ਜਦ ਤਕ ਮੇਰੀ ਜਾਨ ਏ ਬਾਕੀ, ਸਤਲੁਜ ਵੱਲ ਤੂੰ ਆ ਨਹੀਂ ਸਕਦਾ ।        
4
ਦੇਸ਼ ਮੇਰੇ ਦੀ ਸ਼ਾਨ ਦੇ ਕਿੱਸੇ, ਨਲੂਏ ਜਹੇ ਬਲਵਾਨ ਦੇ ਦੱਸਦੇ ।
ਕਾਬਲ ਤੇ ਕੰਧਾਰ ਦੇ ਉੱਤੇ , ਝੁੱਲਦੇ ਹੋਏ  ਨਿਸ਼ਾਨ ਨੇ ਦੱਸਦੇ ।
ਕੌਮੀ ਜੋਸ਼ ਦੀ ਚੜਤਲ ਅੱਗੇ, ਅਟਕੇ ਅਟਕ ਤੂਫਾਨ ਨੇ ਦੱਸਦੇ।
ਨਾਲ ਖੂਨ ਦੇ  ਰੰਗੇ  ਥਾਂ ਥਾਂ ,  ਯੁੱਧਾਂ ਦੇ  ਮੈਦਾਨ  ਨੇ  ਦੱਸਦੇ ।
ਮੇਰੇ ਦਿਲ ਦੀ ਸੁੰਦਰ ਨਗਰੀ, ਜ਼ਾਬਰ ਹੁਣ ਕੋਈ ਢਾ ਨਹੀਂ ਸਕਦਾ ।
ਜਦ ਤਕ ਸੂਰੇ ਸ਼ੇਰ ਨੇ ਬਾਕੀ, ਸਤਲੁਜ ਵੱਲ ਤੂੰ ਆ ਨਹੀਂ ਸਕਦਾ ।
5
ਮੇਰੇ ਪਾਸ ਨੇ ‘ਨਲੂਏ’ ਸੂਰੇ, ਮੌਤ ਨੂੰ  ਠੱਠੇ ਕਰਨੇ ਵਾਲੇ ।    
ਰੱਖ ਕੇ ਆਣ ਚੰਗਾੜੀ ਸੀਨੇ, ਸੀਸ ਤਲੀ ਤੇ ਧਰਨੇ ਵਾਲੇ ।
ਝੱਖੜਾਂ ਦੇ ਗਲ ਪਾ ਕੇ ਬਾਹਾਂ, ਮੌਤ ਝਨਾਵਾਂ ਤਰਨੇ ਵਾਲੇ ।
ਦੇਸ਼ ਕੌਮ ਦੀ ਸ਼ਮ੍ਹਾਂ ਦੇ ਉੱਤੋਂ, ਵਾਂਗ ਪਤੰਗੇ  ਮਰਨੇ ਵਾਲੇ ।
ਉਠਿਆ ਜੋਸ਼ ਤੂਫਾਨ ਇਨ੍ਹਾਂ ਦਾ, ਪਰਬੱਤ ਵੀ ਅਟਕਾ ਨਹੀਂ ਸਕਦਾ ।
ਸੀਨਾ ਭੀ ਤਾਂ ਚੀਰ ਇਹਨਾਂ ਦਾ, ਸਤਲੁਜ ਵੱਲ ਤੂੰ ਆ ਨਹੀਂ ਸਕਦਾ ।
6
ਮਾਣ ਦੇ ਅਰਸ਼ਾਂ ਤੋਂ ਇਹ ਦੂਲੇ,   ਫਰਸ਼ਾਂ  ਉੱਤੇ ਲਹਿ ਨਹੀਂ ਸਕਦੇ ।
ਆਪਣੀ ਪਾਵਨ ਧਰਤੀ ਉਤੇ,   ਪੈਰ  ਕਿਸੇ ਦੇ  ਸਹਿ  ਨਹੀਂ ਸਕਦੇ ।
ਤੱਕ ਕੇ ਸੱਟ ਅਣਖ ਨੂੰ ਵੱਜਦੀ, ਬੁਜ਼ਦਿਲ ਬਣ ਕੇ ਬਹਿ ਨਹੀਂ ਸਕਦੇ ।
ਗੈਰਾਂ ਅੱਗੇ  ਸ਼ੇਰ ਬੱਬਰ ਇਹ, ਬਿੱਲੀਆਂ ਬਣ ਕੇ  ਬਹਿ ਨਹੀਂ ਸਕਦੇ ।
ਗਿੱਠ ਗਿੱਠ ਮੇਰੀਆਂ ਮੁੱਛਾਂ ਤਾਈਂ, ਨਾਢੂ ਕੋਈ ਨਿਵਾ ਨਹੀਂ ਸਕਦਾ ।
ਜਦ ਤਕ ਮੇਰੀ ਜਾਨ ਏ ਬਾਕੀ, ਸਤਲੁਜ ਵੱਲ ਤੂੰ ਆ ਨਹੀਂ ਸਕਦਾ ।

—-ਗਿਆਨ ਸਿੰਘ ਕੋਟਲੀ ਵੈਨਕੂਵਰ (ਕੈਨਾਡਾ) —-  

(001 604 5027151)

Translate »