ਆ ਗਿਆ ਹੈ ਫੇਰ ਚੇਤੇ ਉਹ ਮਹੀਨਾ ਜੂਨ ਦਾ
ਬੇਗੁਨਾਹਾਂ ਦੇ ਵਹਾਏ ਧਰਮੀਆਂ ਦੇ ਖ਼ੂਨ ਦਾ।
ਪੁਰਬ ਲੋਕੀਂ ਤੇ ਮਨਾਵਨ ਵਾਸਤੇ ਸਨ ਆ ਗਏ
ਘੇਰਕੇ ਤੇ ਮਾਰ ਘੱਤੋ ਸੀ ਹੁਕਮ ਫਰਊਨ ਦਾ।
ਦੇਸ਼ ਖ਼ਾਤਰ ਦਿੱਤੀਆਂ ਕੁਰਬਾਨੀਆਂ ਪੰਜਾਬੀਆਂ
ਅਜ ਗੁਨ੍ਹਾਂ ਕੀਤਾ ਸੀ ਉਹਨਾਂ ਹਕ ਲਈ ਫਿਰ ਕੂਣਦਾ
ਜਿਸ ਗਰਾਂ ਚੋਂ ਉੱਠਦੀ ਸੀ ਲਹਿਰ ਸਾਂਝੀਵਾਲ ਦੀ
ਹਾਕਮਾਂ ਨੇ ਬਦਲ ਦਿੱਤਾ ਅਰਥ ਹੀ ਮਜ਼ਮੂਨ ਦਾ।
ਨਾ ਕਦੇ ਇਹ ਸੋਚਿਆ ਸੀ ਨਾ ਕਦੇ ਸੀ ਚਿਤਵਿਆ
ਇਸ ਤਰ੍ਹਾਂ ਮੋੜਣਗੇ ਹਿੰਦੀ ਇਵਜ਼ ਖਾਧੇ ਲੂਣ ਦਾ।
ਰਾਖਿਆਂ ਤੇ ਜੋ ਧਰੋ ਦੇ ਦੋਸ਼ ਹੈ ਸੀ ਲਾ ਰਹੀ
ਅੰਤ ਮਾੜਾ ਹੋਵਣਾ ਸੀ ਸਿਰਫਿਰੀ ਖ਼ਾਤੂਨ ਦਾ।
ਵਕਤ ਘੱਲੂ-ਘਾਰਿਆਂ ਦਾ ਫੇਰ ਚੇਤੇ ਆ ਗਿਆ
ਕੰਮ ਐਸਾ ਕਰ ਗਿਆ ਉਹ ਪੁੱਤ ਅਫਲਾਤੂਨ ਦਾ।
ਪੁੱਤ ਮਾਂਵਾਂ ਦੇ ਦੁਲਾਰੇ ਚੜ੍ਹ ਗਏ ਇਸ ਦੀ ਬਲੀ
ਹਰ ਗਲੀ ਕੂਚੇ ਤੇ ਪਹਿਰਾ ਮੌਤ ਦੇ ਕਾਨੂਨ ਦਾ।
ਸ਼ਮਸ਼ੇਰ ਸਿੰਘ ਸੰਧੂ, ਕੈਲਗਰੀ, ਕੈਨੇਡਾ