November 13, 2011 admin

ਸਮਿਆਂ ਦੇ ਸਹਿਰਾ ਦੇ ਝੱਖੜ, ਨਾਲ ਤੇਰੇ ਟਕਰਾਉਂਦੇ ਤੱਕੇ ।

       
ਗਿਆਨ ਸਿੰਘ ਕੋਟਲੀ [ਵੈਨਕੂਵਰ]

1

ਕਹਿਰ ਸਮੇਂ ਦੇ ਤੇਰੀ ਖਾਤਿਰ, ਭੱਠ ਜ਼ੁਲਮ ਦੀ ਤਾਉਂਦੇ ਤੱਕੇ ।

ਸਮਿਆਂ ਦੇ ਸਹਿਰਾ ਦੇ  ਝੱਖੜ, ਨਾਲ ਤੇਰੇ ਟਕਰਾਉਂਦੇ ਤੱਕੇ ।

ਖੌਲਦੇ ਸਾਗਰ ਦਿਲ ਤੇਰੇ ਤੇ, ਗਿੱਠ  ਗਿੱਠ  ਛਾਲੇ ਪਾਉਂਦੇ ਤੱਕੇ ।

ਭੁੱਜਦੀ ਰੇਤ ਚ` ਭੁੰਨ ਕੇ ਤੈਨੂੰ, ਸਿਦਕ ਦੀ ਖੱਲੜੀ ਲਾਹੁੰਦੇ ਤੱਕੇ ।

            ਏਦੂੰ ਵਧ ਕੇ ਹੋਰ ਜ਼ੁਲਮ ਦਾ, ਸਾਕਾ ਲੋਈ ਮਹਾਨ ਨਹੀਂ ਹੋਣਾ ।

            ਤੇਰੇ ਵਾਂਗੂੰ  ਅਰਸ਼ੀ  ਦਾਤਾ , ਹੋਰ ਕਿਸੇ ਕੁਰਬਾਨ ਨਹੀਂ ਹੋਣਾ ।

2

ਹੋਣੀ ਤਾਈਂ ਨਾਚ  ਨਚਾਉੁਂਦੀ, ਤੇਰੀ  ਸੁਹਲ ਜੁਆਨੀ  ਤੱਕੀ ।

ਸਿਦਕ ਤੇਰੇੇ ਦੇ ਕਦਮੀਂ ਅਟਕੀ, ਮੌਤ ਦੀ ਘੋਰ ਰਵਾਨੀ ਤੱਕੀ ।

ਦੁਨੀਆਂ ਦੇ ਮਨਸੂਰਾਂ ਬੁੱਲੀਂ,  ਕੰਬਦੀ  ਹੋਈ  ਹੈਰਾਨੀ  ਤੱਕੀ ।

ਤੈਥੋਂ ਸਬਕ ਸ਼ਹਾਦਤ ਮੰਗਦੀ, ਦੁਨੀਆਂ ਦੀ  ਕੁਰਬਾਨੀ ਤੱਕੀ ।       

          ਅਣਖੀ ਜ਼ਜ਼ਬੇ  ਟੁੰਬਣ ਵਾਲਾ, ਤੇਰੇ ਜੇਹਾ ਬਲੀਦਾਨ ਨਹੀਂ ਹੋਣਾ ।        

          ਤੇਰੇ ਵਾਂਗੂੰ ਦੀਨ ਦੁਖੀ ਲਈ, ਹੋਰ ਕਿਸੇ  ਕੁਰਬਾਨ  ਨਹੀਂ ਹੋਣਾ ।

3

ਸਹੁੰ ਰੱਬ ਦੀ ਤੂੰ ਖਿੜਦਾ ਦਿਸਿਓਂ, ਫੁੱਲਾਂ ਵਾਂਗੂੰ  ਖਾਰਾਂ ਉੱਤੇ ।

ਮੱਚਦੇ ਹੋਏ ਅੰਗਿਆਰਾਂ ਉੱਤੇ, ਕਹਿਰ ਦੇ ਭਖਦੇ ਵਾਰਾਂ ਉੱਤੇ ।

ਜ਼ੁਲਮ ਦੀਆਂ ਤਲਵਾਰਾਂ ਉੱਤੇ, ਭੂਤਰੇ ਮਸਤ  ਹੰਕਾਰਾਂ  ਉੱਤੇ ।

`ਚੰਦੂ` ਜਹੇ ਬਦਕਾਰਾਂ ਉੱਤੇ,  `ਮੀਰ` ਦੇ  ਕੌਲ ਕਰਾਰਾਂ ਉੱਤੇ ।

          ਤੇਰੇ ਜੇਰੇ ਦਾ ਕੋਈ ਸਾਨੀ, ਦੁਨੀਆਂ ਤੇ ਭਗਵਾਨ ਨਹੀਂ ਹੋਣਾ ।

          ਤੇਰੇ ਵਾਂਗੂੰ ਹੱਸ ਕੇ ਦਾਤਾ, ਹੋਰ ਕਿਸੇ  ਕੁਰਬਾਨ ਨਹੀਂ ਹੋਣਾ ।

4

ਤੇਰੇ ਜਾਮ ਸ਼ਹਾਦਤ ਵਿਚੋਂ, ਉੱਠਦੇ ਗੂੰਜ ਜੈਕਾਰੇ ਤੱਕੇ ।

ਚਾਰ ਚੁਫੇਰੇ ਕੌਮ ਦੇ ਸੀਨੇ, ਮੱਘਦੇ ਜੋਸ਼ ਅੰਗਾਰੇ ਤੱਕੇ ।

ਆਪਾਵਾਰੀ ਝੂਮਦੀ ਤੱਕੀ, ਅਣਖੀਂ ਤੇਜ਼ ਸ਼ਰਾਰੇ ਤੱਕੇ ।

ਜੋਸ਼ ਜੁਆਲਾ ਲੈ ਲੈ ਭੱਜਦੇ, ਪੌਣਾਂ ਦੇ  ਹਰਕਾਰੇ ਤੱਕੇ ।

          ਤੇਰੀ ਸ਼ਾਂਤ  ਸ਼ਹਾਦਤ ਜੇਹਾ, ਮਾਰੂ ਕਿਸੇ ਤੂਫਾਨ ਨਹੀਂ ਹੋਣਾ ।

          ਤੇਰੇ ਵਾਂਗੂੰ ਦੀਨ ਤੋਂ ਦਾਤਾ, ਹੋਰ ਕਿਸੇ ਕੁਰਬਾਨ ਨਹੀਂ ਹੋਣਾ ।

5

ਤੱਕੇ ਦੁਨੀਆਂ  ਸਿਦਕੀ ਤੇਰੇ, ਬੇਖੌਫ  ਖੇਡਦੇ  ਜਾਨਾਂ  ਉੇੱਤੇ ।

ਮੌਤ ਨੂੰ ਨਾਚ ਨਚਾਉਂਦੇ ਤੱਕੇ, ਖੰਡਿਆਂ ਤੇ ਕਿਰਪਾਨਾਂ ਉੱਤੇ ।

ਵਾਂਗ ਪਤੰਗਿਆਂ ਦੇਖੇ ਮਚਦੇ, ਜ਼ੁਲਮ ਦਿਆਂ  ਤੂਫਾਨਾਂ ਉੱਤੇ ।

ਆਰੇ  ਰੰਬੀਆਂ ਚਲਦੇ  ਤੱਕੇ, ਸਿਦਕੀ ਆਨਾਂ  ਸ਼ਾਨਾਂ ਉੱਤੇ ।

           ਹੋਰ ਕਿਸੇ ਇਤਹਿਾਸ ਦਾ ਵਰਕਾ, ਏਨਾ ਲਹੂ ਲੁਹਾਨ ਨਹੀਂ ਹੋਣਾ।

           ਤੇਰੇ ਵਾਂਗੂੰ  ਅਰਸ਼ੀ ਦਾਤਾ , ਹੋਰ  ਕਿਸੇ  ਕੁਰਬਾਨ  ਨਹੀਂ ਹੋਣਾ ।

 

[001-604 5027151]

Translate »