[ਗਿਆਨ ਸਿੰਘ ਕੋਟਲੀ-ਵੈਨਕੂਵਰ ]
1|
ਪੋਂਹਦੀ ਨਾ ਗੱਲ ਸਾਨੂੰ, ਲਹਿੰਦੇ ਹਨ੍ਹੇਰਿਆਂ ਦੀ ।
ਰਹਿੰਦੀ ਹੈ ਤਾਂਘ ਸਾਨੂੰ, ਸੁਹਣੇ ਸਵੇਰਿਆਂ ਦੀ ।
2|
ਅਰਸ਼ਾਂ ਦੇ ਅਕਸ ਦੇਖੇ, ਫਰਸ਼ਾਂ ਦੇ ਨਕਸ਼ ਦੇਖੇ,
ਰੱਖੀ ਹੈ ਸਾਂਭ ਸੀਨੇ, ਸਰਦਲ ਚੁਫੇਰਿਆਂ ਦੀ ।
3|
ਗੈਰਾਂ ਦੇ ਚੜ੍ਹ ਕੇ ਅਡੇ, ਆਪਾਂ ਨਾ ਪੈਰ ਛੱਡੇ,
ਸਾਂਭੀ ਹੈ ਪੱਗ ਆਪਾਂ, ਵਡੇ ਵਡੇਰਿਆਂ ਦੀ ।
4|
ਮਤਲਬ ਦੇ ਯਾਰ ਡੱਬੂ, ਸਾਨੂੰ ਨਾ ਰਾਸ ਆਏ,
ਚੁਭ੍ਹਦੀ ਹੈ ਚਾਲ ਸਾਨੂੰ, ਫਸਲੀ ਬਟੇਰਿਆਂ ਦੀ ।
5|
ਕੁਰਸੀ ਦੇ ਕੰਡਿਆਂ ਤੋਂ, ਰੱਖਿਆ ਬਚਾ ਕੇ ਦਾਮਨ,
ਮਾਣੀ ਹੈ ਮਹਿਕ ਹਰਦਮ, ਫੁੱਲਾਂ ਚੰਗੇਰਿਆਂ ਦੀ ।
6
ਸਾਊ ਸੁਜੀਵ ਸਾਦਿਕ, ਸੇਵਕ ਨੇ ਸਭ ਸਹੇਲੇ ,
ਸੁਹੰਦੀ ਸਦੀਵ ਸੁਹਬਤ, ਸੱਚੇ ਸਚੇਰਿਆਂ ਦੀ ।
7
ਝਖੱੜ ਤੂਫਾਨ ਵੀ ਤਾਂ, ਇਕ ਪਲ ਖਲੋ ਕੇ ਵਿਹੰਦੇ,
ਆਪਾਂ ਜਾਂ ਚੋਗ ਚੁਗਦੇ, ਤੀਹਲੇ ਬਿਖੇਰਿਆਂ ਦੀ ।
8
ਉਹਨਾਂ ਦੇ ਵਾਸਤੇ ਵੀ, ਸੂਲਾਂ ਦੀ ਸੇਜ ਜ਼ਿੰਦਗੀ,
ਜਿਹੜੇ ਨਾ ਸਾਰ ਲੈਂਦੇ, ਉੱਜੜੇ ਬਸੇਰਿਆ ਦੀ ।
9
ਚੰਗੇ ਹਾਂ ਰੱਬ ਰਜ਼ਾਈ, `ਲਾਲੋ` ਹਕੀਰ ਹਮਦਮ,
ਆਪਾਂ ਨਾਂ ਧੂੜ ਪਰਸੀ,`ਮਲਕਾਂ` ਲੁਟੇਰਿਆਂ ਦੀ ।
[ਫੋਨ: 001 604 5027151]