November 13, 2011 admin

ਸ਼ਾਨਦਾਰ ਕਨੇਡਾ !

 ਗਿਆਨ ਸਿੰਘ ਕੋਟਲੀ
ਵੈਨਕੂਵਰ [ਕਨੇਡਾ ]
+1- 604 502 7151   

    ਸੁਹਣਾ ਸੁਹਣਾ ਸੁਰਗਾਂ ਜੇਹਾ, ਸੁਹਜਾਂ ਦਾ ਭੰਡਾਰ ਕਨੇਡਾ ।

     ਰੰਗ ਬਰੰਗੇ ਭਾਂਤ ਭਾਂਤ ਦੇ , `ਫੁੱਲਾਂ` ਦੀ ਗੁਲਜ਼ਾਰ ਕਨੇਡਾ ।

    ਬੋਲੀ ਕਿੱਤਾ ਦੇਸ਼ ਧਰਮ,  ਰੰਗ ਨਸਲ ਦਾ ਭੇਦ ਨਾ ਕੋਈ,

     ਬੰਦੇ ਦਾ ਤਾਂ ਬੰਦਿਆਂ ਵਾਂਗੂੰ,  ਹੁੰਦਾ ਹੈ ਸਤਿਕਾਰ ਕਨੇਡਾ ।

    ਦੀਨ ਧਰਮ ਤੇ ਸੋਚ ਅਕੀਦੇ, ਆਪਣੇ ਰੰਗੀਂ ਰੰਗੇ ਬੈਠੇ,

     ਆਪਣੇ ਰੰਗੀਂ ਵਸਦੇ ਰਸਦੇ, ਸਾਰੇ ਸਭਿਆਚਾਰ ਕਨੇਡਾ ।                         

    ਸੁਹਣੀ ਸੁਹਣੀ ਸੂਰਤ ਏਥੇ, ਪਰੀਆਂ ਵਰਗੀ ਮੂਰਤ ਏਥੇ,

     ਨੰਨ੍ਹੇ  ਮੁੰਨ੍ਹੇ  ਮੁਸਕਣ ਬੱਚੇ, ਲੱਗਦੇ ਫੁੱਲ ਬਹਾਰ ਕਨੇਡਾ ।

   ਰਹਿਣ ਸਹਿਣ ਦੀ ਜਾਚ ਸੁਚੇਰੀ, ਲੋਕੀਂ ਸਾਊ ਸ਼ਿਸ਼ਟਾਚਾਰੀ, 

     ਸਾਰੀ ਦੁਨੀਆਂ ਨੇ ਹੈ ਮੰਨਿਆ, ਦੇਸ਼ਾਂ ਦਾ ਸਰਦਾਰ ਕਨੇਡਾ ।

                     ਜ਼ੁਲਮ ਤਸ਼ੱਦਦ ਬੇਇਨਸਾਫੀ, ਰਿਸ਼ਵਤ ਦੀ ਕਨਸੋ ਨਾ ਏਥੇ,

     ਲੋਕਾਂ ਦੀ ਸੁਣਵਾਈ ਕਰਦੀ,  ਸੁਹਣੀ ਹੈ ਸਰਕਾਰ ਕਨੇਡਾ ।

    ਪਸ਼ੂਆਂ ਵਾਗੂੰ ਬੰਦੇ ਏਥੇ,   ਨਾ ਕੁੱਟੇ  ਕੋਹੇ  ਮਾਰੇ  ਜਾਂਦੇ,

     ਦੋਸ਼ੀ ਨਾਲ ਵੀ ਪੁਲਸ ਚੰਗੇਰਾ, ਕਰਦੀ ਹੈ ਵਿਓਹਾਰ ਕਨੇਡਾ ।

    ਜੁਰਮਾਂ ਤੇ ਕਾਨੂੰਨ ਦੇ ਏਥੇ , ਫਿਰਦੇ ਨਾ ਫਰਮਾਨ ਵਿਕਾਊ,

     ਸੱਚ ਨਿਆਂ ਦੀ ਤੱਕੜੀ ਉ ੱਤੇ,  ਹੁੰਦਾ ਹੱਕ ਨਿਤਾਰ ਕਨੇਡਾ ।

    ਖੁਲ੍ਹੀ ਧਰਤੀ ਜੰਗਲ ਜੂਹਾਂ,  ਕੁਦਰਤ ਦਾ ਅਨਮੋਲ ਖਜ਼ਾਨਾ,

     ਸੋਨੇ ਨੂੰ ਵੀ ਮਾਤ ਪਾ ਗਿਆ, ਲੱਕੜੀ ਦਾ ਵਾਪਾਰ ਕਨੇਡਾ ।

   ਕੁੱਲ ਦੁਨੀਆਂ ਦੇ ਸੁੰਦਰ ਸੁਪਨੇ, ਕੁੱਲ ਦੁਨੀਆਂ ਦੀਆਂ ਸੁੰਦਰ ਰੀਝਾਂ,

     ਕੁਲ ਦੁਨੀਆਂ ਦੇ ਰੰਗਾਂ ਰਲ ਕੇ, ਰਚਿਆ ਹੈ ਸ਼ਾਹਕਾਰ ਕਨੇਡਾ ।

  ਸਿਹਤ ਚੰਗੇਰੀ ਉਮਰ ਲੰਬੇਰੀ, ਗਈ ਜੁਆਨੀ ਦਾ ਨਾਂ ਝੋਰਾ,

     ਥਾਂ ਥਾਂ ਬੈਠ ਕਲੋਲਾਂ ਕਰਦੇ , ਬੁੱਢੇ  ਪੈਨਸ਼ਨਦਾਰ ਕਨੇਡਾ ।

  ਛੋਟਾ ਵੱਡਾ ਕੰਮ ਨਾ ਕੋਈ, ਰਾਣਾ ਰੰਕ ਦਾ ਭੇਦ ਨਾ ਕੋਈ,

     ਕੀਤੇ ਦਾ ਮੁੱਲ ਪੈਂਦਾ ਯਾਰੋ, ਵਧੀਆ ਹੈ ਕੰਮ ਕਾਰ ਕਨੇਡਾ ।
 

Translate »