ਜਲੰਧਰ – ਟੈਕਨੀਕਲ ਸਿੱਖਿਆ ਨਾਲ ਜੁੜੇ ਨੌਜਵਾਨਾਂ ਨੂੰ ਸੇਵਾ ਮੁਕਤ ਇੰਜੀਨੀਅਰਾਂ ਦੇ ਤਜਰਬੇ ਦਾ ਵੱਧ ਤੋਂ ਵੱਧ ਲਾਭ ਉਠਾ ਕੇ ਸਮਾਜ ਨੂੰ ਤਰੱਕੀਆ ਦੀਆਂ ਹੋਰ ਮੰਜ਼ਿਲਾਂ ਤੇ ਪਹੁੰਚਾਉਣਾ ਚਾਹੀਦਾ ਹੈ। ਇਹ ਜਾਣਕਾਰੀ ਡਾ.ਆਰ.ਪੀ.ਭਾਰਦਵਾਜ ਡਾਇਰੈਕਟਰ ਰਿਕਰੂਟਮੈਂਟ ਸੈਲ ਅਤੇ ਕੋਆਰਡੀਨੇਟਰ ਵੈਲਿਓ ਐਜੂਕੇਸ਼ਨ ਪੀ.ਟੀ.ਯੂ.ਜਲੰਧਰ ਨੇ ਅੱਜ ਇਥੇ ਜਲੰਧਰ ਵਿਖੇ ਪੰਜਾਬ ਇਰੀਗੇਸ਼ਨ ਰਿਟਾਇਰਡ ਇੰਜੀਨੀਅਰ ਵੈਲਫੇਅਰ ਅਸੋਸੀਏਸ਼ਨ ਵਲੋਂ ਕਰਵਾਏ ਗਏ ਸਲਾਨਾ ਸਮਾਗਮ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨ੍ਹਾਂ ਕਿਹਾ ਕਿ ਨੌਕਰੀਆਂ ਤੋਂ ਸੇਵਾ ਮੁਕਤੀ ਦਾ ਭਾਵ ਜਿੰਮੇਵਾਰੀ ਤੋਂ ਵੇਹਲੇ ਹੋਣਾ ਨਹੀਂ ਹੈ ਬਲਕਿ ਸਰਕਾਰੀ ਨੌਕਰੀਆਂ ਵਿਚੋਂ ਸੇਵਾ ਮੁਕਤ ਹੋਣ ਉਪਰੰਤ ਚੰਗੇ ਤਜਰਬੇਕਾਰ ਅਧਿਕਾਰੀਆਂ ਨੂੰ ਅਪਣੇ ਤਜਰਬੇ ਦਾ ਲਾਭ ਦੇਸ਼ ਅਤੇ ਸਮਾਜ ਨੂੰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਤਜਰਬੇਕਾਰ ਇੰਜੀਨੀਅਰ ਅਤੇ ਬੁੱਧੀਜੀਵੀ ਨੌਜਵਾਨਾਂ ਦਾ ਟੈਕਨੀਕਲ ਅਤੇ ਹੋਰ ਵੱਖ ਵੱਖ ਖੇਤਰਾਂ ਵਿਚ ਮਾਰਗ ਦਰਸ਼ਨ ਕਰਕੇ ਉਨ੍ਹਾਂ ਨੂੰ ਰੋਜਗਾਰ ਪ੍ਰਾਪਤ ਕਰਨ ਅਤੇ ਚੰਗੇ ਨਾਗਰਿਕ ਬਣਨ ਵਿਚ ਸਹਾਈ ਜਾਂ ਮਦਦਗਾਰ ਸ਼ਾਬਿਤ ਹੋ ਸਕਦੇ ਹਨ।
ਇਸ ਮੌਕੇ ਤੇ ਸਮਾਗਮ ਨੂੰ ਸੰਬੋਧਨ ਕਰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਇੰਜੀ.ਸ੍ਰੀ ਕੇ.ਐਲ.ਭਾਰਗਵ ਨੇ ਕਿਹਾ ਕਿ ਐਸੋਸੀਏਸ਼ਨ ਦੇ ਸੇਵਾ ਮੁਕਤ ਮਾਹਿਰਾਂ ਵਲੋ ਨੌਜਵਾਨਾਂ ਨੂੰ ਰੁਜਗਾਰ ਮੁਹੱਈਆ ਕਰਵਾਉਣ ਵਾਸਤੇ ਇਕ ਯੋਜਨਾ ਤਿਆਰ ਕੀਤੀ ਗਈ ਹੈ ਜਿਹੜੀ ਕਿ ਜਲਦੀ ਹੀ ਪੰਜਾਬ ਸਰਕਾਰ ਅਤੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਨੂੰ ਪੇਸ਼ ਕੀਤੀ ਜਾਵੇਗੀ ਤਾਂ ਜੋ ਸਰਕਾਰ ਅਤੇ ਯੂਨੀਵਰਸਿਟੀ ਦੇ ਸਹਿਯੋਗ ਨਾਲ ਇਸ ਯੋਜਨਾ ਨੂੰ ਲਾਗੂ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਭਾਵੇਂ ਕਿ ਸਾਡੀ ਸਿੱਖਿਆ ਦਾ ਮਿਆਰ ਉੱਚ ਕੋਟੀ ਦਾ ਹੈ ਪਰ ਇਹ ਕਿੱਤਾ ਮੁਖੀ ਨਹੀਂ ਹੈ ਅਤੇ ਨਾ ਹੀ ਜੀਵਨ ਨੂੰ ਸੁਚੱਜੇ ਢੰਗ ਨਾਲ ਜੀਣ ਦਾ ਇਕ ਸਾਧਨ ਹੈ ਇਸ ਕਰਕੇ ਸਾਡੇ ਪੜ੍ਹੇ ਲਿਖੇ ਨੌਜਵਾਨ ਵਰਗ ਵਿਚ ਆਤਮ ਵਿਸ਼ਵਾਸ਼ ਦੀ ਘਾਟ ਹੈ ਜਿਸ ਕਰਕੇ ਉਸ ਨੂੰ ਅਪਣੇ ਪੈਰਾਂ ਤੇ ਖੜ੍ਹੇ ਹੋਣ ਲਈ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੇਵਾ ਮੁਕਤ ਇੰਜੀਨੀਅਰਾਂ ਦੇ ਸੰਗਠਿਤ ਹੋਣ ਨਾਲ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਵਿਚ ਅਸਾਨੀ ਹੋਈ ਹੈ । ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਲਾਗੂ ਕੀਤੀ ਗਈ ਪੇ ਕਮਿਸ਼ਨ ਦੀ ਰਿਪੋਰਟ ਅਤੇ ਸਮੇਂ ਸਮੇਂ ਤੇ ਦਿੱਤੇ ਜਾਣ ਵਾਲੇ ਭੱਤੇ ਸੇਵਾ ਮੁਕਤ ਇੰਜੀਨੀਅਰਾਂ ਨੂੰ ਅਸਾਨੀ ਨਾਲ ਪ੍ਰਾਪਤ ਹੋ ਰਹੇ ਹਨ । ਉਨ੍ਹਾਂ ਕਿਹਾ ਕਿ ਸੇਵਾ ਮੁਕਤ ਅਧਿਕਾਰੀਆਂ ਦਾ ਵੀ ਇਹ ਫਰਜ਼ ਬਣਦਾ ਹੈ ਕਿ ਸਮਾਜ ਦੇ ਹਿੱਤ ਵਿਚ ਕੁਦਰਤੀ ਸਾਧਨਾਂ ਦੀ ਵਰਤੋਂ ਸੰਜਮ ਨਾਲ ਕੀਤੀ ਜਾਵੇ।
ਇਸ ਮੌਕੇ ਤੇ ਪ੍ਰੋ.ਵੀ.ਐਸ.ਜੌਲੀ ਐਡੀਟਰ ਪੈਨਸ਼ਨਰਜ ਫਰੈਂਡਜ, ਇੰਜੀ.ਆਰ.ਕੇ.ਵਿੱਜ ਸੀਨੀਅਰ ਵਾਈਸ ਪ੍ਰੈਜੀਡੈਂਟ, ਸ੍ਰੀ ਕੇ.ਡੀ.ਵਾਸੂਦੇਵਾ ਚੀਫ ਪੈਟਰਨ, ਇੰਜੀ. ਹਰਦੀਪ ਸਿੰਘ ਵਾਈਸ ਪ੍ਰੈਜੀਡੈਂਟ, ਸ੍ਰੀ ਏ.ਸੀ.ਸ਼ਰਮਾਂ ਪੈਟਰਨ, ਇੰਜੀ.ਰਾਜੇਸ਼ਵਰ ਸ਼ਰਮਾ ਜਨਰਲ ਸੈਕਟਰੀ, ਸ੍ਰੀ ਗੁਰਨਾਮ ਸਿੰਘ ਚੀਫ ਐਡਵਾਈਜਰ,ਇੰਜੀ.ਭੁਪਿੰਦਰ ਸਿੰਘ ਸਕੱਤਰ, ਇੰਜੀ.ਐਸ.ਐਸ. ਬਰਾੜਾ ਐਡਵਾਈਜਰ ਅਤੇ ਇੰਜੀ.ਕ੍ਰਿਸ਼ਨ ਸਿੰਘ ਖਜਾਨਚੀ ਨੇ ਵੀ ਅਪਣੇ ਵਿਚਾਰ ਪੇਸ਼ ਕੀਤੇ।