November 13, 2011 admin

ਅਕਾਲੀ ਦਲ, ਯੂ.ਪੀ.ਏ. ਸਰਕਾਰ ਤੇ ਸਵਿੱਸ ਬੈਂਕ ਖਾਤਾ ਧਾਰਕਾਂ ਦੇ ਨਾਂ ਜਨਤਕ ਕਰਨ ਲਈ ਜ਼ੋਰ ਪਾਵੇਗਾ-ਸੁਖਬੀਰ

* ਕੈਪਟਨ ਅਮਰਿੰਦਰ ਦੇ ਸਵਿੱਸ ਬੈਂਕ ਖਾਤੇ ਬਾਰੇ ਪ੍ਰਧਾਨ ਮੰਤਰੀ ਖੁਦ ਇਨਕਾਰ ਕਰਨ-ਸੁਖਬੀਰ
* ਪੰਜਾਬ ਦੇ ਸੰਸਦ ਮੈਂਬਰ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਨੂੰ ਸਵਿੱਸ ਬੈਂਕ ਵਿੱਚੋਂ ਪੰਜਾਬ ਦਾ ਪੈਸਾ ਵਾਪਸ ਲਿਆਉਣ ਲਈ ਮਿਲਣਗੇ
* ਕੈਪਟਨ ਨੂੰ ਭ੍ਰਿਸ਼ਟ ਤਰੀਕਿਆਂ ਨਾਲ ਇਕੱਠੇ ਕੀਤੇ ਧੰਨ ਲਈ ਪੰਜਾਬ ਦੇ ਲੋਕਾਂ ਅੱਗੇ ਜੁਆਬਦੇਹ ਹੋਣਾ ਪਵੇਗਾ

ਫ਼ਰੋਜ਼ਪੁਰ-ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਸ੍ਰੋਮਣੀ ਅਕਾਲੀ ਦਲ, ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਤੇ ਸਵਿੱਸ ਬੈਂਕ ਖਾਤਾਧਾਰੀ ਕਾਂਗਰਸੀ ਆਗੂਆਂ ਦੇ ਨਾਂ ਜਨਤਕ ਕਰਨ ਜ਼ੋਰ ਪਾਵੇਗਾ।
ਅੱਜ ਇੱਥੇ ਵਿਸ਼ਵ ਕਬੱਡੀ ਕੱਪ ਮੈਚ ਲੜੀ ਦੇ ਉਦਘਾਟਨ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ‘ਤੇ ਸਵਿੱਸ ਬੈਂਕ ਵਿੱਚ 400 ਕਰੋੜ ਰੁਪਏ ਤੋਂ ਵਧੇਰੇ ਦਾ ਕਾਲਾ ਧਨ ਇੱਕਠਾ ਕਰਨ ਦਾ ਦੋਸ਼ ਦੁਹਰਾਉਂਦੇ ਹੋਏ ਚੁਣੌਤੀ ਦਿੱਤੀ ਹੈ ਕਿ ਜੇਕਰ ਇਹ ਖਾਤਾ ਨਹੀਂ ਹੈ ਤਾਂ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਖੁਦ ਇਸ ਤੋਂ ਇਨਕਾਰੀ ਹੋਣ ਬਾਰੇ ਬਿਆਨ ਦੇਣ।
ਉੱਪ ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਦੇਸ਼ ਦੇ ਨਾਗਰਿਕਾਂ ਨੂੰ ਇਹ ਜਾਣਨ ਦਾ ਅਧਿਕਾਰ ਹੈ ਕਿ ਉਨ੍ਹਾਂ ਦੇ ਟੈਕਸਾਂ ਰਾਹੀਂ ਉਗਰਾਹੀ ਰਾਸ਼ੀ ਕਾਲੇ ਧਨ ਦੇ ਰੂਪ ਵਿੱਚ ਡਕਾਰ ਕੇ ਸਵਿੱਸ ਬੈਂਕ ਵਿੱਚ ਰੱਖਣ ਵਾਲੇ ਕਾਂਗਰਸੀ ਆਗੂ ਕਿਹੜੇ ਹਨ। ਉਨ੍ਹਾਂ ਕਿਹਾ ਕਿ ਜਦੋਂ ਅਮਰੀਕਾ ਵਰਗਾ ਦੇਸ਼ ਆਪਣੇ ਨਾਗਰਿਕਾਂ ਦੇ ਸਵਿੱਸ ਬੈਂਕ ਖਾਤਿਆਂ ਨੂੰ ਜਨਤਕ ਕਰ ਸਕਦਾ ਹੈ ਤਾਂ ਡਾ. ਮਨਮੋਹਨ ਸਿੰਘ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਜਗ-ਜ਼ਾਹਿਰ ਕਰਨ ਤੋਂ ਕਿਉਂ ਟਾਲਾ ਵੱਟ ਰਹੇ ਹਨ। ਉਨ੍ਹਾਂ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਭਾਰਤ ਸਰਕਾਰ ਨੂੰ ਸਵਿੱਸ ਬੈਂਕ ਵਿੱਚ ਕਾਲਾ ਧਨ ਰੱਖਣ ਵਾਲੇ ਭਾਰਤੀਆਂ ਦੀ ਸੂਚੀ ਮਿਲ ਚੁੱਕੀ ਹੈ ਅਤੇ ਇਨ੍ਹਾਂ ਵਿਅਕਤੀਆਂ ਨੂੰ ਆਮਦਨ ਕਰ ਵਿਭਾਗ ਵੱਲੋਂ ਨੋਟਿਸ ਵੀ ਜਾਰੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੇੜੇ ਹੋਣ ਕਾਰਨ ਆਪਣੀ ਪਾਰਟੀ ਦੀ ਬਦਨਾਮੀ ਦੇ ਡਰੋਂ ਕੈਪਟਨ ਅਮਰਿੰਦਰ ਸਿੰਘ ਅਤੇ ਉਸ ਦੇ ਪੁੱਤਰ ਰਣਇੰਦਰ ਸਿੰਘ ਅਤੇ ਹੋਰਨਾਂ ਕਾਂਗਰਸੀ ਆਗੂਆਂ ਦੇ ਨਾਂ ਜਨਤਕ ਕਰਨ ਤੋਂ ਟਾਲਾ ਵੱਟ ਰਹੀ ਹੈ। ਉਨ੍ਹਾਂ ਚੁਣੌਤੀ ਦਿੱਤੀ ਕਿ ਇਸ ਗੰਭੀਰ ਮਾਮਲੇ ‘ਤੇ ਫੋਕੀ ਬਿਆਨਬਾਜੀ ਕਰਨ ਦੀ ਬਜਾਏ ਕੈਪਟਨ ਅਮਰਿੰਦਰ ਸਿੰਘ ਨੂੰ ਪ੍ਰਧਾਨ ਮੰਤਰੀ ਨੂੰ ਆਖ ਕੇ ਇਸ ਸੂਚੀ ਨੂੰ ਜਨਤਕ ਕਰਵਾਉਣਾ ਚਾਹੀਦਾ ਹੈ ਤਾਂ ਜੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ।
ਉੱਪ ਮੁੱਖ ਮੰਤਰੀ ਨੇ ਆਖਿਆ ਕਿ ਉਹ ਆਪਣੀ ਪਾਰਟੀ ਦੇ ਸੰਸਦ ਮੈਂਬਰਾਂ ਦੇ ਵਫਦ ਨਾਲ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਵਿੱਤ ਮੰਤਰੀ ਪ੍ਰਣਬ ਮੁਖਰਜੀ ਨੂੰ ਕਾਲਾ ਧਨ ਰੱਖਣ ਵਾਲਿਆਂ ਦੀ ਸੂਚੀ ਜਨਤਕ ਕਰਨ ਲਈ ਮਿਲਣਗੇ ਅਤੇ ਕੈਪਟਨ ਤੇ ਉਸ ਦੇ ਪੁੱਤਰ ਦੇ ਖਾਤੇ ਵਿੱਚ ਪੰਜਾਬ ਦੀ ਜਨਤਾ ਦੇ ਲੁੱਟ ਕੇ ਰੱਖੇ 400 ਕਰੋੜ ਰੁਪਏ ਤੋਂ ਵਧੇਰੇ ਦੇ ਕਾਲੇ ਧਨ ਨੂੰ ਵਾਪਸ ਲਿਆ ਕੇ ਪੰਜਾਬ ਦੇ ਵਿਕਾਸ ‘ਤੇ ਲਾਉਣ ਦੀ ਮੰਗ ਕਰਨਗੇ। ਉਨ੍ਹਾਂ ਦੱਸਿਆ ਕਿ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਪਾਸੋਂ ਮੁਲਾਕਾਤ ਲਈ ਸਮਾਂ ਮੰਗਿਆ ਗਿਆ ਹੈ ਅਤੇ ਉਨ੍ਹਾ ਦੇ ਜੁਆਬ ਦੀ ਉਡੀਕ ਕੀਤੀ ਜਾ ਰਹੀ ਹੈ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ‘ਤੇ ਤਿੱਖਾ ਹੱਲਾ ਬੋਲਦਿਆਂ ਉਨ੍ਹਾਂ ਆਖਿਆ ਕਿ ਪੰਜਾਬ ਦੇ ਲੋਕ ਰਾਜ ਦੇ ਖਜ਼ਾਨੇ ਦੀ ਕੀਤੀ ਲੁੱਟ ਬਦਲੇ ਉਸ ਨੂੰ ਕਦੇ ਵੀ ਮੁਆਫ਼ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਸਿਟੀ ਸੈਂਟਰ ਘੁਟਾਲੇ ਅਤੇ ਇੰਟਰਨੈੱਟ ਘਪਲੁ ਨਾਲ ਜੁੜੇ ਕੈਪਟਨ ਨੂੰ ਲੋਕਾਂ ਅੱਗੇ ਇਸ ਲਈ ਵੀ ਜੁਆਬਦੇਹ ਹੋਣਾ ਪਵੇਗਾ ਕਿ ਆਪਣੇ 5 ਸਾਲ ਦੇ ਕਾਰਜ਼ਕਾਲ ਵਿੱਚ ਉਸ ਨੇ ਪੰਜਾਬ ਦੀ ਤਰੱਕੀ ਲਈ ਕੁੱਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਇਸ ਤੋਂ ਵੱਡੀ ਅਫਸੋਸਨਾਕ ਅਤੇ ਸੂਬੇ ਦੇ ਹਿੱਤਾਂ ਵਿਰੋਧੀ ਕਿਹੜੀ ਗੱਲ ਹੋ ਸਕਦੀ ਹੈ ਕਿ ਕੈਪਟਨ ਵੱਲੋਂ ਨਿੱਜੀ ਹਿੱਤਾਂ ਦੀ ਪੂਰਤੀ ਲਈ ਸੂਬੇ ਵਿੱਚ ਸਨਅਤੀਕਰਣ ਨੂੰ ਹੁਲਾਰਾ ਦੇਣ ਵਾਲੇ 19 ਹਜ਼ਾਰ ਕਰੋੜ ਰੁਪਏ ਦੇ ਤੇਲ ਸੋਧਕ ਕਾਰਖਾਨੇ ਦੇ ਪ੍ਰਾਜੈਕਟ ਨੂੰ ਹੀ ਰੋਕੀ ਰੱਖਿਆ ਗਿਆ ਅਤੇ ਹੁਣ ਨਿਵੇਸ਼ਕਾਂ ਨੂੰ ਸੂਬੇ ਵਿੱਚ ਨਿਵੇਸ਼ ਕਰਨ ਤੋਂ ਰੋਕਣ ਲਈ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਲੋਕਾਂ ਦੀ ਕਚਹਿਰੀ ਆਪਣੇ ਵਿਕਾਸ ਕੰਮਾਂ ਦੇ ਸਿਰ ‘ਤੇ ਜਾਵੇਗੀ ਅਤੇ ਯੂ.ਪੀ.ਏ. ਸਰਕਾਰ ਵੱਲੋਂ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਿੱਚ ਕੀਤੇ ਜਾ ਰਹੇ ਜਾਣ-ਬੁੱਝ ਕੇ ਵਾਧੇ ਨੂੰ ਨੰਗਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕ ਇੱਕ ਤੋਂ ਬਾਅਦ ਇੱਕ, ਨਿੱਤ ਦਿਨ ਸਾਹਮਣੇ ਆ ਰਹੇ ਭ੍ਰਿਸ਼ਟਾਚਾਰ ਦੇ ਘਪਲਿਆਂ ਅਤੇ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਸਵਿੱਸ ਬੈਂਕ ਖਾਤੇ ਵਿੱਚ ਜਮ੍ਹਾਂ ਕਾਲੇ ਧਨ ਦੇ ਪ੍ਰਗਟਾਵੇ ਤੋਂ ਤੰਗ ਆ ਚੁੱਕੇ ਹਨ ਅਤੇ ਪੰਜਾਬ ਦੇ ਲੋਕ ਅਜਿਹੇ ਵਿਅਕਤੀ ਨੂੰ ਕਦੇ ਵੀ ਆਪਣਾ ਵੋਟ ਦੇਣ ਬਾਰੇ ਨਹੀਂ ਸੋਚਣਗੇ।
ਇਸ ਮੌਕੇ ਸਿੰਚਾਈ ਮੰਤਰੀ ਜਨਮੇਜਾ ਸਿੰਘ ਸੇਖੋਂ, ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ, ਮੁੱਖ ਸੰਸਦੀ ਸਕੱਤਰ ਸੁਖਪਾਲ ਸਿੰਘ, ਖੇਡ ਨਿਰਦੇਸ਼ਕ ਪਦਮ ਸ੍ਰੀ ਪ੍ਰਗਟ ਸਿੰਘ, ਸੰਜੀਵ ਗੋਦਾਰਾ ਡਾਇਰੈਕਟਰ ਮੰਡੀ ਬੋਰਡ, ਡਿਪਟੀ ਕਮਿਸਨਰ ਡਾ. ਐਸ. ਕਰੁਨਾ ਰਾਜੂ, ਡੀ.ਆਈ.ਜੀ. ਸ੍ਰੀ ਲੋਕ ਨਾਥ ਆਂਗਰਾ, ਵਧੀਕ ਡਿਪਟੀ ਕਮਿਸ਼ਨਰ ਡੀ.ਪੀ. ਐਸ. ਖਰਬੰਦਾ, ਐਸ.ਐਸ.ਪੀ. ਸੁਰਜੀਤ ਸਿੰਘ, ਬਲਦੇਵ ਸਿੰਘ ਮਾਹਮੂਜੋਈਆ ਚੇਅਰਮੇਨ ਬੈਕਫਿਨਕੋ ਪੰਜਾਬ, ਮੈਬਰ ਐਸ.ਜੀ.ਪੀ.ਸੀ. ਵਰਦੇਵ ਸਿੰਘ ਮਾਨ, ਸੱਤਪਾਲ ਸਿੰਘ ਤਲਵੰਡੀ, ਦਰਸ਼ਨ ਸਿੰਘ ਸ਼ੇਰ ਖਾਂ ਸਮੇਤ ਵੱਡੀ ਗਿਣਤੀ ਵਿਚ ਅਕਾਲੀ-ਭਾਜਪਾ ਆਗੂ ਹਾਜ਼ਰ ਸਨ।

Translate »