November 13, 2011 admin

ਸ. ਕੁਲਵੰਤ ਸਿੰਘ ਬੀ.ਏ. ਢਾਡੀ ਦੀ ਬੇ-ਵਕਤੀ ਮੌਤ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਦਲਮੇਘ ਸਿੰਘ ਵੱਲੋਂ ਅਫ਼ਸੋਸ ਦਾ ਇਜ਼ਹਾਰ

ਅੰਮ੍ਰਿਤਸਰ- ਪੰਥ ਪ੍ਰਸਿੱਧ ਢਾਡੀ ਸ. ਕੁਲਵੰਤ ਸਿੰਘ ਬੀ.ਏ. ਦੀ ਅਚਾਨਕ ਹੋਈ ਬੇ-ਵਕਤੀ ਮੌਤ ਸਬੰਧੀ ਅਖ਼ਬਾਰਾਂ ‘ਚ ਪੜ੍ਹ ਕੇ ਗਹਿਰਾ ਦੁੱਖ ਹੋਇਆ ਹੈ ਕਿ ਪ੍ਰਸਿੱਧ ਢਾਡੀ ਵਿਦਿਵਾਨ ਦਾ ਅਚਾਨਕ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿਣਾ ਕਿਸੇ ਅਚੰਭੇ ਤੋਂ ਘੱਟ ਨਹੀਂ। ਪ੍ਰੈਸ ਰਲੀਜ਼ ਰਾਹੀਂ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਦਲਮੇਘ ਸਿੰਘ ਖੱਟੜਾ ਨੇ ਕਿਹਾ ਕਿ ਸ. ਕੁਲਵੰਤ ਸਿੰਘ ਬੀ.ਏ. ਨੇ ਲੰਬਾ ਸਮਾਂ ਸਿੱਖ ਕੌਮ ਦੀ ਸੇਵਾ ਕਰਦਿਆਂ ‘ਸਿੱਖ ਰਾਜ ਕਿਵੇਂ ਗਿਆ? ਦੇ ਚਾਰ ਭਾਗ, ਭੰਗਾਣੀ ਦਾ ਯੁੱਧ, ਚਮਕੌਰ ਦੀ ਜੰਗ, ਸਰਹੰਦ-ਫਤਹਿ ਤੇ ਬਾਬਾ ਬੰਦਾ ਸਿੰਘ ਬਹਾਦਰ’ ਤੇ ਵਡਮੁੱਲੀਆਂ ਇਤਿਹਾਸਿਕ ਕੈਸਿਟਾਂ ਦੀ ਸੰਗਤ ਨੂੰ ਦੇਣ ਦਿੱਤੀ। ਉਹਨਾਂ ਕਿਹਾ ਕਿ ਸ. ਕੁਲਵੰਤ ਸਿੰਘ ਬੀ.ਏ. ਪ੍ਰਸਿੱਧ ਢਾਡੀ ਸੋਹਣ ਸਿੰਘ ਸੀਤਲ, ਗਿਆਨੀ ਮੂਲਾ ਸਿੰਘ ਪਾਖਰਪੁਰੀ ਤੇ ਗਿਆਨੀ ਦਇਆ ਸਿੰਘ ਦਿਲਬਰ ਦਾ ਸਮਕਾਲੀ ਤੇ ਢਾਡੀ-ਕਲਾ ਦਾ ਵਾਰਿਸ ਸੀ। ਅਜਿਹੇ ਪ੍ਰਸਿੱਧ ਵਿਦਵਾਨ ਦੇ ਇਸ ਸੰਸਾਰ ਤੋਂ ਅਚਾਨਕ ਚਲੇ ਜਾਣ ਨਾਲ ਸਿੱਖ ਕੌਮ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਸ. ਕੁਲਵੰਤ ਸਿੰਘ ਬੀ.ਏ. ਭਾਵੇਂ ਤਕਰੀਬਨ 70 ਸਾਲ ਦੀ ਉਮਰ ਦੇ ਸਨ ਪਰੰਤੂ ਆਪਣੀ ਦਮਦਾਰ ਆਵਾਜ਼ ਨਾਲ ਜਦੋਂ ਵਾਰ ਗਾਉਂਦੇ ਸਨ ਤਾਂ ਉਹਨਾਂ ਨੂੰ ਸੁਣਨ ਵਾਲੀਆਂ ਸੰਗਤਾਂ ਹਮੇਸ਼ਾਂ ਸੁਣਨ ਦੀ ਚਾਹਤ ਰੱਖਦੀਆਂ ਸਨ। ਉਹ ਕੈਨੇਡਾ ਦੇ ਸ਼ਹਿਰ ਵੈਨਕੂਵਰ ‘ਚ ਪੱਕੇ ਵਸਨੀਕ ਸਨ। ਪਿਛਲੇ ਕੁਝ ਸਮੇਂ ਤੋਂ ਪੰਜਾਬ ਆਪਣੇ ਜੱਦੀ ਪਿੰਡ ਸਰਲੀ (ਅੰਮ੍ਰਿਤਸਰ) ਆਏ ਹੋਏ ਸਨ।ਉਹਨਾਂ ਕਿਹਾ ਕਿ ਸਤਿਗੁਰੂ ਦੇ ਚਰਨਾਂ ‘ਚ ਅਰਦਾਸ ਕਰਦੇ ਹਾਂ ਕਿ ਸਤਿਗੁਰੂ ਜੀ ਉਹਨਾਂ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖਸ਼ਣ ਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
ਇਸ ਸਮੇਂ ਐਡੀਸ਼ਨਲ ਸਕੱਤਰ ਸ. ਮਨਜੀਤ ਸਿੰਘ, ਸ. ਸਤਬੀਰ ਸਿੰਘ ਤੇ ਸ. ਤਰਲੋਚਨ ਸਿੰਘ, ਮੀਤ ਸਕੱਤਰ ਸ. ਦਿਲਜੀਤ ਸਿੰਘ ਬੇਦੀ ਤੇ ਸ. ਸੁਖਦੇਵ ਸਿੰਘ ਭੂਰਾ ਕੋਹਨਾ ਨੇ ਵੀ ਪਰਿਵਾਰ ਨਾਲ ਡੂੰਘੇ ਅਫ਼ਸੋਸ ਦਾ ਇਜ਼ਹਾਰ ਕੀਤਾ।

Translate »