November 13, 2011 admin

ਮੁੱਖ ਮੰਤਰੀ ਵੱਲੋਂ 14.5 ਕਰੋੜ ਰੁਪਏ ਦੀ ਲਾਗਤ ਨਾਲ ਉਸਾਰਿਆ ‘ਹਰਪਾਲ ਟਿਵਾਣਾ ਕਲਾ ਕੇਂਦਰ’ ਕਲਾ ਪ੍ਰੇਮੀਆਂ ਦੇ ਸਪੁਰਦ

ਪਟਿਆਲਾ –  ਪੰਜਾਬ ਸਰਕਾਰ ਵੱਲੋਂ ਉੱਘੇ ਰੰਗਕਰਮੀ ਸਵ. ਹਰਪਾਲ ਟਿਵਾਣਾ ਦੀ ਯਾਦ ਵਿੱਚ ਕਰੀਬ 14.5 ਕਰੋੜ ਰੁਪਏ ਦੀ ਲਾਗਤ ਨਾਲ 1.5 ਏਕੜ ਰਕਬੇ ਵਿੱਚ ਉਸਾਰੇ ਗਏ ਅਤਿ ਆਧੁਨਿਕ ਤਕਨੀਕਾਂ ਵਾਲੇ ‘ਹਰਪਾਲ ਟਿਵਾਣਾ ਕਲਾ ਕੇਂਦਰ’ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕੀਤਾ । ਇਸ ਕਲਾ ਕੇਂਦਰ ਨੂੰ ਦੇਸ਼-ਵਿਦੇਸ਼ ਦੇ ਕਲਾ ਪ੍ਰੇਮੀਆਂ ਨੂੰ ਸਮਰਪਿਤ ਕਰਦਿਆਂ ਸ. ਬਾਦਲ ਨੇ ਕਿਹਾ ਕਿ ਸਵ. ਟਿਵਾਣਾ ਨੇ ਪੰਜਾਬੀ ਰੰਗਮੰਚ ਦੇ ਰਾਹੀਂ ਸਾਰੀ ਜ਼ਿੰਦਗੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਸੇਵਾ ਕੀਤੀ ਹੈ ਜਿਸ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ । ਉਨ੍ਹਾਂ ਕਿਹਾ ਕਿ ‘ਹਰਪਾਲ ਟਿਵਾਣਾ ਕਲਾ ਕੇਂਦਰ’ ਵਿੱਚ ਵਿਸ਼ਵ ਪੱਧਰੀ ਤਕਨੀਕਾਂ ਨਾਲ ਤਿਆਰ ਕੀਤਾ ਗਿਆ ਆਡੀਟੋਰੀਅਮ ਨਾ ਕੇਵਲ ਭਾਰਤ ਦੇ ਕਲਾਕਾਰਾਂ ਨੂੰ ਅੱਗੇ ਵਧਣ ਲਈ ਬਿਹਤਰ ਮੰਚ ਪ੍ਰਦਾਨ ਕਰੇਗਾ ਬਲਕਿ ਵਿਦੇਸ਼ਾਂ ਵਿੱਚ ਵੀ ਇਸ ਆਡੀਟੋਰੀਅਮ ਦਾ ਨਾਮ ਹੋਵੇਗਾ । ਉਨ੍ਹਾਂ ਕਿਹਾ ਕਿ ਪੰਜਾਬੀ ਰੰਗਮੰਚ ਦੀ ਲਹਿਰ ਨੂੰ ਨਵੀਂ ਦਿਸ਼ਾ ਤੇ ਸੇਧ ਪ੍ਰਦਾਨ ਕਰਨ ਵਿੱਚ ਇਹ ਕਲਾ ਕੇਂਦਰ ਇੱਕ ਮੀਲ ਪੱਥਰ ਸਾਬਿਤ ਹੋਵੇਗਾ । ਉਨ੍ਹਾਂ ਕਿਹਾ ਕਿ ਇਸ ਕੇਂਦਰ ਦੇ ਸਥਾਪਤ ਹੋਣ ਨਾਲ ਆਉਣ ਵਾਲੀਆਂ ਪੀੜ੍ਹੀਆਂ ਪੰਜਾਬੀ ਰੰਗਮੰਚ ਦੀ ਅਮੀਰ ਵਿਰਾਸਤ ਨਾਲ ਰੂਬਰੂ ਹੋਣਗੀਆਂ ।
ਮੁੱਖ ਮੰਤਰੀ ਸ. ਬਾਦਲ ਨੇ ਹਰਪਾਲ ਟਿਵਾਣਾ ਕਲਾ ਕੇਂਦਰ ਵਿਖੇ ਉੱਘੇ ਕਲਾਕਾਰਾਂ ਅਤੇ ਕਲਾ ਪ੍ਰੇਮੀਆਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਪੰਜਾਬੀ ਕਲਾਵਾਂ ਅਤੇ ਪੰਜਾਬੀ ਸਭਿਆਚਾਰ ਨੂੰ ਪ੍ਰਫੁਲਿਤ ਕਰਨ ਲਈ ਵਚਨਬੱਧ ਹੈ । ਉਨ੍ਹਾਂ ਹਰਪਾਲ ਟਿਵਾਣਾ ਫਾਉਂਡੇਸ਼ਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਵ. ਹਰਪਾਲ ਟਿਵਾਣਾ ਵੱਲੋਂ ਪੰਜਾਬੀ ਰੰਗਮੰਚ ਦੀ ਪ੍ਰਫੁਲਤਾ ਲਈ ਦੇਖੇ ਗਏ ਸੁਪਨੇ ਨੂੰ ਸਾਕਾਰ ਕਰਨ ਲਈ ਵਿਸ਼ਵ ਪੱਧਰ ਦਾ ਆਡੀਟੋਰੀਅਮ ਤਿਆਰ ਕਰਵਾ ਕੇ ਸਵ: ਹਰਪਾਲ ਟਿਵਾਣਾ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਹੈ । ਉਨ੍ਹਾਂ ਕਿਹਾ ਕਿ ਸਵ. ਟਿਵਾਣਾ ਨੇ ਆਪਣੀ ਧਰਮਪਤਨੀ ਸ਼੍ਰੀਮਤੀ ਨੀਨਾ ਟਿਵਾਣਾ ਨਾਲ ਮਿਲ ਕੇ ਪੰਜਾਬ ਦੇ ਕਲਾਕਾਰਾਂ ਅਤੇ ਪੰਜਾਬੀ ਰੰਗਮੰਚ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਪਟਿਆਲਾ ਵਿੱਚ ਪੰਜਾਬ ਕਲਾ ਮੰਚ ਦਾ ਗਠਨ ਕੀਤਾ ਅਤੇ ਉਹ ਜੀਵਨ ਭਰ ਆਪਣੇ ਇਸ ਉਦੇਸ਼ ਨੂੰ ਪੂਰਾ ਕਰਨ ਵਿੱਚ ਜੁਟੇ ਰਹੇ । ਇਸ ਮੌਕੇ ਉਨ੍ਹਾਂ ਯੋਜਨਾਬੱਧ ਅਤੇ ਸਹੀ ਢੰਗ ਨਾਲ ਇਸ ਆਡੀਟੋਰੀਅਮ ਨੂੰ ਤਿਆਰ ਕਰਵਾਉਣ ਲਈ ਸਹਿਯੋਗ ਦੇਣ ਵਾਲੇ  ਦੇਸ਼ ਦੇ ਨਾਮੀ ਕਲਾਕਾਰਾਂ, ਕਲਾ ਪ੍ਰੇਮੀਆਂ ਅਤੇ ਸਬੰਧਤ ਵਿਭਾਗਾਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਵੀ ਕੀਤਾ । ਸ. ਬਾਦਲ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਨੂੰ ਵੱਡੇ ਪੱਧਰ ‘ਤੇ ਪ੍ਰਫੁਲਿਤ ਕਰ ਰਹੀ ਹੈ ਜਿਸ ਤਹਿਤ 13 ਨਵੰਬਰ ਨੂੰ ਲੁਧਿਆਣਾ ਵਿਖੇ 2.15 ਏਕੜ ਵਿੱਚ ਕਰੀਬ 11 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ‘ਇਸ਼ਮੀਤ ਸਿੰਘ ਸੰਗੀਤ ਸੰਸਥਾ’ ਨੂੰ ਲੋਕ ਅਰਪਿਤ ਕੀਤਾ ਜਾਵੇਗਾ । ਉਨ੍ਹਾਂ ਇਹ ਵੀ ਕਿਹਾ ਕਿ ‘ਹਰਪਾਲ ਟਿਵਾਣਾ ਕਲਾ ਕੇਂਦਰ’ ਅਤੇ ‘ਇਸ਼ਮੀਤ ਸਿੰਘ ਸੰਗੀਤ ਸੰਸਥਾ’ ਦੀ ਕਾਰਜਪ੍ਰਣਾਲੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੰਜਾਬ ਸਰਕਾਰ ਅਜਿਹਾ ਪ੍ਰਬੰਧ ਕੀਤਾ ਗਿਆ ਹੈ ਜਿਸ ਨਾਲ ਦੋਵਾਂ ਮਾਣ ਮਤੀਆਂ ਸੰਸਥਾਵਾਂ ਨੂੰ ਵਿੱਤੀ ਸਰੋਤਾਂ ਪੱਖੋਂ ਆਤਮ ਨਿਰਭਰ ਬਣਾਇਆ ਗਿਆ ਹੈ ਤਾਂ ਜੋ ਇਹ ਦੋਵੇਂ ਅਦਾਰੇ ਆਪਣਾ ਰੱਖ-ਰਖਾਓ ਸਹੀ ਢੰਗ ਨਾਲ ਕਰ ਸਕਣ।  ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਭਿਆਚਾਰ ਅਤੇ ਇਤਿਹਾਸ ਨੂੰ ਸਾਂਭਣ ਲਈ ਚਾਰ ਵੱਡੀਆਂ ਯਾਦਗਾਰਾਂ ਦੀ ਸਥਾਪਨਾ ਕੀਤੀ ਗਈ ਹੈ ਇਸ ਮੌਕੇ ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਵੰਬਰ ਮਹੀਨੇ ਵਿੱਚ ਰਾਜ ‘ਚ 4 ਵੱਡੇ ਸਮਾਗਮ ਕਰਵਾਏ ਜਾ ਰਹੇ ਹਨ ਜਿਸ ਵਿੱਚ 25 ਨਵੰਬਰ ਨੂੰ ਸ਼੍ਰੀ ਆਨੰਦਪੁਰ ਸਾਹਿਬ ਵਿਖੇ ‘ਵਿਰਾਸਤ-ਏ-ਖਾਲਸਾ ਕੇਂਦਰ’ ਕੌਮ ਨੂੰ ਸਮਰਪਿਤ ਕੀਤਾ ਜਾਵੇਗਾ ਜਦਕਿ 28 ਨਵੰਬਰ ਨੂੰ ਗੁਰਦਾਸਪੁਰ ਜ਼ਿਲ੍ਹੇ ਵਿੱਚ ਕਾਹਨੂਵਾਨ ਵਿਖੇ ਛੋਟਾ ਘੱਲੂਘਾਰਾ ਅਤੇ 29 ਨਵੰਬਰ ਨੂੰ ਸੰਗਰੂਰ ਜ਼ਿਲ੍ਹੇ ‘ਚ ਕੁਪਰਹੀੜਾ ਵਿਖੇ ਵੱਡੇ ਘੱਲੂਘਾਰੇ ਦੀਆਂ ਉਸਾਰੀਆਂ ਯਾਦਗਾਰਾਂ ਦਾ ਉਦਘਾਟਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਦੇਸ਼ ਦੀ ਪਹਿਲੀ ਆਜ਼ਾਦੀ ਜੰਗ ਦੇ ਹੀਰੋ ‘ਬਾਬਾ ਬੰਦਾ ਸਿੰਘ ਬਹਾਦਰ’ ਦੀ ਯਾਦ ਵਿੱਚ ਐਸ.ਏ.ਐਸ. ਨਗਰ ਜ਼ਿਲ੍ਹੇ ਵਿੱਚ ਚੱਪੜਚਿੜੀ ਵਿਖੇ ਬਣਾਈ ਯਾਦਗਾਰ ਕੌਮ ਨੂੰ 30 ਨਵੰਬਰ ਨੂੰ ਸਮਰਪਿਤ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਇਹ ਯਾਦਗਾਰਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਚਾਨਣ ਮੁਨਾਰੇ ਦਾ ਕੰਮ ਕਰਨਗੀਆਂ।
ਇਸ ਤੋਂ ਪਹਿਲਾਂ ਸ. ਬਾਦਲ ਦਾ ਸਵਾਗਤ ਕਰਦਿਆਂ ਫਾਊਂਡੇਸ਼ਨ ਦੀ ਚੇਅਰਪਰਸਨ ਸ਼੍ਰੀਮਤੀ ਨੀਨਾ ਟਿਵਾਣਾ ਨੇ ਕਿਹਾ ਕਿ ਸਵ. ਟਿਵਾਣਾ ਪੰਜਾਬੀ ਰੰਗਮੰਚ ਲਹਿਰ ਦੇ ਨਿਗਰਾਨ ਅਤੇ ਮਾਹਿਰ ਸਨ ਜਿਨ੍ਹਾਂ ਦੇ ਯਾਦਗਾਰੀ ਕੰਮਾਂ ਤੋਂ ਆਉਣ ਵਾਲੀਆਂ ਪੀੜ੍ਹੀਆਂ ਹਮੇਸ਼ਾਂ ਸੇਧ ਲੈਂਦੀਆਂ ਰਹਿਣਗੀਆਂ । ਉਨ੍ਹਾਂ ਕਿਹਾ ਕਿ ਸਵ. ਟਿਵਾਣਾ ਨੇ ਆਪਣਾ ਸਾਰਾ ਜੀਵਨ ਰੰਗਮੰਚ ਨੂੰ ਸਮਰਪਿਤ ਕਰ ਦਿੱਤਾ । ਇਸ ਮੌਕੇ ਫਾਊਂਡੇਸ਼ਨ ਦੇ ਕ੍ਰਿਏਟਿਵ ਡਾਇਰੈਕਟਰ ਅਤੇ ਸਵ. ਹਰਪਾਲ ਟਿਵਾਣਾ ਦੇ ਸਪੁੱਤਰ ਸ਼੍ਰੀ ਮਨਪਾਲ ਟਿਵਾਣਾ ਨੇ ਕਿਹਾ ਕਿ ਫਾਊਂਡੇਸ਼ਨ ਦੇ ਗਠਨ ਦਾ ਉਦੇਸ਼ ਉਸ ਵਿਰਸੇ ਦੀ ਸੰਭਾਲ ਕਰਨਾ ਹੈ ਜਿਹੜਾ ਪੰਜਾਬੀ ਕਲਾ ਨੂੰ ਚਿਰਾਂ ਤੱਕ ਜੀਵਤ ਰੱਖਣ, ਸਾਂਭਣ ਅਤੇ ਪੰਜਾਬੀ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਸਬੰਧੀ ਸਵ. ਹਰਪਾਲ ਟਿਵਾਣਾ ਦੀ ਵਚਨਬੱਧਤਾ ਨੂੰ ਸਾਕਾਰ ਕਰਦਾ ਹੈ । ਇਸ ਮੌਕੇ ਪ੍ਰਸਿੱਧ ਗ਼ਜ਼ਲ ਗਾਇਕ ਸਵ. ਜਗਜੀਤ ਸਿੰਘ ਨਾਲ ਕਈ ਸਾਲ ਸਾਥ ਦੇਣ ਵਾਲੇ ਸਾਜ਼ਵਾਦਕਾਂ ਵੱਲੋਂ ਸ਼ਬਦ ਗਾਇਣ ਕਰਕੇ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ ਗਿਆ। ਇਸ ਤੋਂ ਬਾਅਦ ਸਵ. ਹਰਪਾਲ ਟਿਵਾਣਾ ਦੇ ਜੀਵਨ ਤੇ ਕੰਮਾਂ ‘ਤੇ ਰੌਸ਼ਨੀ ਪਾਉਂਦੀ ਇੱਕ ਦਸਤਾਵੇਜ਼ੀ ਫਿਲਮ ਵੀ ਦਿਖਾਈ ਗਈ । ਇਸ ਮੌਕੇ ਦਸਮੇਸ਼ ਬੀ.ਐਡ. ਕਾਲਜ਼ ਬਾਦਲ ਦੀ ਮੁਟਿਆਰ ਮਿਲਨ ਨੇ ਮਿਰਜ਼ੇ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਅਤੇ ਪਿੰਡ ਬਾਦਲ ਦੀਆਂ ਲੜਕੀਆਂ ਨੇ ਪੰਜਾਬ ਦਾ ਲੋਕ ਨਾਚ ਗਿੱਧਾ ਪੇਸ਼ ਕੀਤਾ। ਇਸ ਮੌਕੇ ਮੁੱਖ ਮੰਤਰੀ ਵੱਲੋਂ ਬਰੂਫੋਰਡ ਕਾਲਜ ਆਫ ਥਿਏਟਰ ਇੰਗਲੈਂਡ ਦੇ ਪ੍ਰਿੰਸੀਪਲ ਪ੍ਰੋ: ਮਾਈਕਲ ਅਰਲੇ, ਨਿਰਮਲ ਰਿਸ਼ੀ, ਪੰਮੀ ਬਾਈ ਅਤੇ ਸਭਿਆਚਾਰ ਪ੍ਰੋਗਰਾਮ ਪੇਸ਼ ਕਰਨ ਵਾਲੀਆਂ ਮੁਟਿਆਰਾਂ, ਕਲਾ ਕੇਂਦਰ ਨੂੰ ਤਿਆਰ ਕਰਨ ਵਾਲੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਅਤੇ ਸਭਿਆਚਾਰਕ ਮਾਮਲੇ ਵਿਭਾਗ ਦੇ ਡਾਇਰੈਕਟਰ ਡਾ. ਕਰਮਜੀਤ ਸਿੰਘ ਸਰਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਅਤੇ ਮੁੱਖ ਮੰਤਰੀ ਵੱਲੋਂ ਕਲਾ ਪ੍ਰੇਮੀਆਂ ਨੂੰ ਇੱਕ ਵਿਲਖਣ ਕੇਂਦਰ ਸੌਂਪਣ ‘ਤੇ ਸ਼੍ਰੀਮਤੀ ਨੀਨਾ ਟਿਵਾਣਾ ਅਤੇ ਸਵ: ਹਰਪਾਲ ਟਿਵਾਣਾ ਦੇ ਸਪੁੱਤਰ ਸ਼੍ਰੀ ਮਨਪਾਲ ਟਿਵਾਣਾ ਵੱਲੋਂ ਮੁੱਖ ਮੰਤਰੀ ਸ. ਬਾਦਲ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।  
         ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ, ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ (ਦਿਹਾਤੀ) ਦੇ ਪ੍ਰਧਾਨ ਅਜਾਇਬ ਸਿੰਘ ਮੁਖਮੇਲਪੁਰ, ਜ਼ਿਲ੍ਹਾ ਯੋਜਨਾ ਕਮੇਟੀ ਪਟਿਆਲਾ ਦੇ ਚੇਅਰਮੈਨ ਸੁਰਜੀਤ ਸਿੰਘ ਰੱਖੜਾ, ਐਨ.ਆਰ.ਆਈ. ਦਰਸ਼ਨ ਸਿੰਘ ਧਾਲੀਵਾਲ, ਸਾਬਕਾ ਮੰਤਰੀ ਸ. ਸੁਰਜੀਤ ਸਿੰਘ ਕੋਹਲੀ, ਨਗਰ ਸੁਧਾਰ ਟਰਸੱਟ ਪਟਿਆਲਾ ਦੇ ਚੇਅਰਮੈਨ ਸ. ਇੰਦਰਮੋਹਨ ਸਿੰਘ ਬਜਾਜ, ਨਗਰ ਨਿਗਮ ਦੇ ਮੇਅਰ ਸ. ਅਜੀਤਪਾਲ ਸਿੰਘ ਕੋਹਲੀ, ਐਸ.ਐਸ.ਬੋਰਡ ਦੇ ਸਾਬਕਾ ਚੇਅਰਮੈਨ ਸ. ਤੇਜਿੰਦਰਪਾਲ ਸਿੰਘ ਸੰਧੂ, ਮਾਰਕੀਟ ਕਮੇਟੀ ਪਟਿਆਲਾ ਦੇ ਚੇਅਰਮੈਨ ਸ. ਹਰਵਿੰਦਰ ਸਿੰਘ ਹਰਪਾਲਪੁਰ, ਫੂਡ ਗਰੇਨ ਪੰਜਾਬ ਦੇ ਚੇਅਰਮੈਨ ਸ. ਰਣਧੀਰ ਸਿੰਘ ਰੱਖੜਾ, ਸਪੈਸ਼ਲ ਪ੍ਰਿੰਸੀਪਲ ਸਕੱਤਰ ਮੁੱਖ ਮੰਤਰੀ ਪੰਜਾਬ ਸ਼੍ਰੀ ਕੇ.ਜੇ.ਐਸ. ਚੀਮਾ ਆਈ.ਜੀ. ਪਟਿਆਲਾ ਜੋਨ ਸ਼੍ਰੀ ਸ਼ਾਮ ਲਾਲ ਗੱਖੜ, ਆਈ.ਜੀ.ਆਈ.ਆਰ.ਬੀ. ਸ਼੍ਰੀ ਜਤਿੰਦਰ ਜੈਨ, ਡੀ.ਆਈ.ਜੀ. ਪਟਿਆਲਾ ਰੇਂਜ ਸ਼੍ਰੀ ਐਲ.ਕੇ. ਯਾਦਵ, ਐਸ.ਐਸ.ਪੀ. ਪਟਿਆਲਾ ਸ. ਗੁਰਪ੍ਰੀਤ ਸਿੰਘ ਗਿੱਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਅਨਿਨਦਿੱਤਾ ਮਿੱਤਰਾ, ਐਸ.ਡੀ.ਐਮ. ਸ਼੍ਰੀ ਅਨਿਲ ਗਰਗ, ਜ਼ਿਲ੍ਹਾ ਟਰਾਂਸਪੋਰਟ ਅਫਸਰ ਸ਼੍ਰੀ ਜੀ.ਐਸ.ਚਾਹਲ, ਡਾ. ਸੁਧੀਰ ਵਰਮਾਂ, ਸਮੇਤ ਵੱਡੀ ਗਿਣਤੀ ਵਿੱਚ ਕਲਾ ਪ੍ਰੇਮੀ ਵੀ ਸ਼ਾਮਲ ਹੋਏ।

Translate »