November 13, 2011 admin

1984 ਦੇ ਪੀੜਤਾਂ ਵਲੋਂ ਸੁਪਰੀਮ ਕੋਰਟ ਤੋਂ ਦੇਸ਼ ਵਿਆਪੀ ਜਾਂਚ ਦੀ ਮੰਗ

ਨਵੰਬਰ 1984 ਸਿਖ ਕਤਲੇਆਮ ਦੀ 27ਵੀਂ ਵਰ੍ਹੇ ਗੰਢ ਦੇ ਮੌਕੇ ’ਤੇ 1984 ਦੇ ਪੀੜਤਾਂ ਤੇ ਵਿਧਵਾਵਾਂ ਨੇ ਹੋਂਦ ਚਿਲੜ ਹਰਿਆਣਾ ਤੋਂ ਸੁਪਰੀਮ ਕੋਰਟ ਤੱਕ ਇਨਸਾਫ ਯਾਤਰਾ ਕੱਢੀ। ਪੀੜਤਾਂ ਨੇ ਸੁਪਰੀਮ ਕੋਰਟ ਨੂੰ ਅਰਜ਼ ਕੀਤੀ ਕਿ ਉਹ ਆਪਣੇ ਤੌਰ ’ਤੇ ਕਾਰਵਾਈ ਕਰਦਿਆਂ ਨਵੰਬਰ 1984 ਵਿਚ ਭਾਰਤ ਦੀ ਸਿਖ ਅਬਾਦੀ ’ਤੇ ਹੋਏ ਸੰਗਠਿਤ ਹਮਲਿਆਂ  ਜਿਨ੍ਹਾਂ ਵਿਚ ਹਜ਼ਾਰਾਂ ਮੌਤਾਂ ਹੋਈਆਂ ਸਨ, ਦਾ ਅਸਲ ਦਾਇਰਾ, ਕਿਸ ਤਰਾਂ ਹਮਲੇ ਕੀਤੇ ਗਏ ਤੇ ਇਨ੍ਹਾਂ ਵਿਚ ਕਿੰਨੀਆਂ ਜਾਨਾਂ ਗਈਆਂ ਇਸ ਸਾਰੇ ਦਾ ਪਤਾ ਲਗਾਉਣ ਲਈ ਦੇਸ਼ ਵਿਆਪੀ ਜਾਂਚ ਦਾ ਆਦੇਸ਼ ਦੇਵੇ। ਇਸ ਯਾਤਰਾ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਨੇ ਸ਼ਮੂਲੀਅਤ ਕੀਤੀ ਜਿਨ੍ਹਾਂ ਨੇ ਹੱਥਾਂ ਵਿਚ ਤਖਤੀਆਂ ਫੜੀਆਂ ਹੋਈਆਂ ਸਨ ਤੇ 27 ਸਾਲ ਬੀਤ ਜਾਣ ਦੇ ਬਾਵਜੂਦ ਇਨਸਾਫ ਨਾ ਦੇਣ ਦੇ ਖਿਲਾਫ ਨਾਅਰੇ ਲਗਾ ਰਹੇ ਸੀ।
ਪੀੜਤਾਂ ਤੇ ਸਿਖ ਜਥੇਬੰਦੀਆਂ ਨੇ ਭਾਰਤ ਦੇ ਚੀਫ ਜਸਟਿਸ ਅਤੇ ਸੁਪਰੀਮ ਕੋਰਟ ਦੇ ਹੋਰ ਜੱਜਾਂ ਦੇ ਨਾਂਅ ਸੁਪਰੀਮ ਕੋਰਟ ਨੂੰ ਮੰਗ ਪੱਤਰ ਸੌਂਪਿਆ ਜਿਸ ਵਿਚ ਅਰਜ਼ ਕੀਤੀ ਗਈ ਕਿ ਨਵੰਬਰ 1984 ਦੇ ਸਬੰਧ ਵਿਚ ਦੇਸ਼ ਵਿਆਪੀ ਜਾਂਚ ਦੇ ਹੁਕਮ ਦਿੱਤੇ ਜਾਣ।
ਕਰਨੈਲ ਸਿੰਘ ਪੀਰ ਮੁਹੰਮਦ ਪ੍ਰਧਾਨ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ 1984 ਦੇ ਪੀੜਤਾਂ ਨੂੰ ਕਿਹਾ ਹੈ ਕਿ ਉਹ ਨਵੰਬਰ 1984 ਨੂੰ ਭੁਲ ਜਾਣ ਤੇ ਮੁਆਫ ਕਰ ਦੇਣ ਜਦ ਕਿ ਉਨ੍ਹਾਂ ਨੂੰ ਕਿਸੇ ਤਰਾਂ ਦਾ ਇਨਸਾਫ ਨਹੀਂ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਸਿੰਘ ਤੇ ਉਨ੍ਹਾਂ ਦੀ ਸਰਕਾਰ ਨੇ ਇਹ ਤੈਅ ਕੀਤਾ ਹੋਇਆ ਹੈ ਕਿ ਨਵੰਬਰ 1984 ਦੇ ਪੀੜਤਾਂ ਨੂੰ ਕਿਸੇ ਤਰਾਂ ਦਾ ਇਨਸਾਫ ਨਹੀਂ ਦੇਣਾ ਇਸੇ ਲਈ ਪੀੜਤਾਂ ਨੇ ਸੁਪਰੀਮ ਕੋਰਟ ਜਾਣ ਦਾ ਫੈਸਲਾ ਕੀਤਾ ਹੈ।
ਦਵਿੰਦਰ ਸਿੰਘ ਸੋਢੀ ਸਕੱਤਰ ਜਨਰਲ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਨੇ ਕਿਹਾ ਕਿ ਨਵੰਬਰ 1984 ਵਿਚ ਕਤਲ ਕੀਤੇ ਗਏ ਸਿਖਾਂ ਦੀਆਂ ਵਿਆਪਕ ਕਬਰਗਾਹਾਂ ਦੇ ਕਈ ਰਾਜਾਂ ਵਿਚ ਹੋਏ ਨਵੇਂ ਖੁਲਾਸਿਆਂ ਨਾਲ ਕੋਈ ਸ਼ਕ ਬਾਕੀ ਨਹੀਂ ਰਹਿ ਗਈ ਕਿ ਸਿਖਾਂ ’ਤੇ ਨਾ ਕੇਵਲ ਦਿੱਲੀ ਵਿਚ ਹੀ ਸਗੋਂ ਸਮੁੱਚੇ ਭਾਰਤ ਵਿਚ ਹਮਲੇ ਕੀਤੇ ਗਏ ਸੀ। ਸੋਢੀ ਨੇ ਕਿਹਾ ਕਿ ਬਹੁਤ ਹੀ ਮੰਦਭਾਗੀ ਗਲ ਹੈ ਕਿ ਮਨੁੱਖੀ ਅਧਿਕਾਰਾਂ ਦੇ ਇਸ ਘੋਰ ਘਾਣ ਦੇ ਅਸਲ ਦਾਇਰੇ ਦਾ ਪਤਾ ਲਗਾਉਣ ਲਈ ਕੋਈ ਵੀ ਨਿਆਂਇਕ ਜਾਂਚ ਨਹੀਂ ਕੀਤੀ ਗਈ। ਸੁਪਰੀਮ ਕੋਰਟ ਨੂੰ ਇਸ ਮਾਮਲੇ ਵਿਚ ਆਪਣੇ ਤੌਰ ’ਤੇ ਕਾਰਵਾਈ ਕਰਨੀ ਚਾਹੀਦੀ ਹੈ।
ਬਾਬੂ ਸਿੰਘ ਦੁਖੀਆ ਪ੍ਰਧਾਨ ਨੈਸ਼ਨਲ 1984 ਵਿਕਟਿਮਸ ਜਸਟਿਸ ਐਂਡ ਵੈਲਫੇਅਰ ਸੁਸਾਇਟੀ ਨੇ ਕਿਹਾ ਕਿ ਨਵੰਬਰ 1984 ਦੀਆਂ ਵਿਧਵਾਵਾਂ ਤੇ ਯਤੀਮਾਂ ਨੂੰ ਪਿਛਲੇ 27 ਸਾਲਾਂ ਤੋਂ ਇਨਸਾਫ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਕਿਉਂਕਿ ਸਿਖਾਂ ’ਤੇ ਹਮਲੇ ਕਰਵਾਉਣ ਵਾਲੇ ਇਕ ਵੀ ਆਗੂ ਅਤੇ ਦੋਸ਼ੀ ਨੂੰ ਅਜ ਤੱਕ ਸਜ਼ਾ ਨਹੀਂ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸੁਪਰੀਮ ਕੋਰਟ ਨੂੰ ਆਪਣੇ ਤੌਰ ’ਤੇ ਕਾਰਵਾਈ ਕਰਨ ਦੀ ਕੀਤੀ ਗਈ ਇਹ ਅਪੀਲ ਭਾਰਤ ਵਿਚ ਸਾਡੀ ਆਸ ਦੀ ਆਖਰੀ ਕਿਰਨ ਹੈ।
ਹੋਂਦ ਚਿਲੜ ਵਿਚ ਵਿਆਪਕ ਕਬਰਗਾਹ ਦਾ ਖੁਲਾਸਾ ਕਰਨ ਵਾਲੇ ਇੰਜਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਮਾਰਚ 2011 ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਹੋਂਦ ਚਿਲੜ ਵਿਖੇ ਸਿਖ ਨਸਲਕੁਸ਼ੀ ਯਾਦਗਾਰ ਦਾ ਨੀਂਹ ਪੱਥਰ ਰਖਿਆ ਸੀ ਪਰ ਬਾਦਲ ਸਰਕਾਰ ਤੇ ਬਾਦਲ ਦੇ ਕਬਜੇ ਵਾਲੀ ਐਸ ਜੀ ਪੀ ਸੀ ਨੇ ਸਿਖ ਨਸਲਕੁਸ਼ੀ ਯਾਦਗਾਰ ਦੇ ਇਸ ਪ੍ਰੋਜੈਕਟ ਨੂੰ ਪੂਰੀ ਤਰਾਂ ਅਣਗੌਲਿਆ ਕਰ ਦਿੱਤਾ ਹੈ।
ਇਸ ਇਨਸਾਫ ਯਾਤਰਾ ਦਾ ਆਯੋਜਨ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਅਤੇ  ਨੈਸ਼ਨਲ 1984 ਵਿਕਟਿਮਸ ਜਸਟਿਸ ਐਂਡ ਵੈਲਫੇਅਰ ਸੁਸਾਇਟੀ, ਸਿਖਸ ਫਾਰ ਜਸਟਿਸ, ਇੰਜਨੀਅਰ ਮਨਵਿੰਦਰ ਸਿੰਘ ਗਿਆਸਪੁਰਾ, ਸਰਦਾਰ ਸੰਤੋਖ ਸਿੰਘ ਸਾਹਨੀ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਸਬਜ਼ੀ ਮੰਡੀ ਗੁੜਗਾਓਂ ਹਰਿਆਣਾ, ਸਰਦਾਰ ਓਂਕਾਰ ਸਿੰਘ ਫਰੀਦਾਬਾਦ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਫਰੀਦਾਬਾਦ, ਸਰਦਾਰ ਸੁਰਜੀਤ ਸਿੰਘ ਦੁੱਗਰੀ ਪ੍ਰਧਾਨ ਨਵੰਬਰ 1984 ਸਿਖ ਨਸਲਕੁਸ਼ੀ ਸੁਸਾਇਟੀ ਅਤੇ ਬੀਬੀ ਗੁਰਦੀਪ ਕੌਰ ਪ੍ਰਧਾਨ ਮਹਿਲਾ ਵਿੰਗ, ਨਵੰਬਰ 1984 ਸਿਖ ਨਸਲਕੁਸ਼ੀ ਸੁਸਾਇਟੀ ਨਾਲ ਮਿਲ ਕੇ ਕੀਤਾ ਗਿਆ ਸੀ।
ਜਾਰੀ ਕਰਤਾ-
ਕਰਨੈਲ ਸਿੰਘ ਪੀਰਮੁਹੰਮਦ
ਪ੍ਰਧਾਨ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ
ਮੋਬਾਈਲ-98144-99503
ਈਮੇਲ- ੳਸਿਸਡ_ਨੲਾਸ੍ੇੳਹੋੋ|ਚੋਮ

 

Translate »