November 13, 2011 admin

ਬੁੱਕਮ ਸਿੰਘ – ਕੈਨੇਡੀਅਨ ਫੌਜ ਦਾ ਪਹਿਲਾ ਸਿੱਖ ਸ਼ਹੀਦ

ਕੁਲਜੀਤ ਸਿੰਘ ਜੰਜੂਆ  416-473-7283
ਬੁੱਕਮ ਸਿੰਘ [ਅਸਲੀ ਨਾਮ ਬੁੱਕਣ ਸਿੰਘ] ਦਾ ਜਨਮ ਪੰਜਾਬ ਦੇ ਜਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਮਾਹਿਲਪੁਰ ਵਿਖੇ 5 ਦਸੰਬਰ, 1893 ਨੂੰ ਮਾਤਾ ਸ੍ਰੀਮਤੀ ਚੰਦੀ ਕੌਰ ਅਤੇ ਪਿਤਾ ਸ: ਬੱਧਣ ਸਿੰਘ ਬੈਂਸ ਦੇ ਘਰ ਹੋਇਆ। ਮਾਹਿਲਪੁਰ ਪਿੰਡ ਹੁਸ਼ਿਆਰਪੁਰ ਤੋਂ ਤਕਰੀਬਨ ਪੰਦਰਾਂ ਮੀਲ ਦੀ ਦੂਰੀ ਤੇ ੳੱੁਤਰ-ਦੱਖਣ ਵੱਲ ਸਥਿਤ ਹੈ। ਪਰਿਵਾਰ ਖੇਤੀਬਾੜੀ ਦਾ ਕੰਮ ਹੀ ਕਰਦਾ ਸੀ। ਉਸ ਸਮੇਂ ਦੇ ਪ੍ਰਚਲਤ ਰਿਵਾਜ਼ਾਂ ਅਨੁਸਾਰ ਸਿੱਖ ਪਰਵਾਰਾਂ ਵਿੱਚ ਵੀ ਬੱਚੇ-ਬੱਚੀਆਂ ਦੇ ਵਿਆਹ ਛੋਟੀ ਉਮਰੇ ਹੀ ਕਰ ਦਿਤੇ ਜਾਂਦੇ ਸਨ। ਬੁੱਕਮ ਸਿੰਘ ਦਾ ਵਿਆਹ ਵੀ, 10 ਸਾਲ ਦੀ ਉਮਰ ਵਿੱਚ, ਸੰਨ 1903 ਦੇ ਮਹੀਨੇ ਨੂੰ ਪੰਜਾਬ ਦੇ ਜਿਲ੍ਹਾ ਜਲੰਧਰ ਦੇ ਪਿੰਡ ਜਮਸ਼ੇਰ ਦੇ ਸ: ਨਿਹਾਲ ਸਿੰਘ ਗਿੱਲ ਦੀ ਪੋਤਰੀ ਅਤੇ ਸ: ਭਗਵਾਨ ਸਿੰਘ ਗਿੱਲ ਦੀ ਲੜਕੀ ਬੀਬੀ ਪ੍ਰੀਤਮ ਕੌਰ ਨਾਲ ਹੋ ਗਿਆ ਸੀ। ਉਨ੍ਹੀਂ ਦਿਨੀਂ ਮਾਪੇ ਆਪਣੇ ਬੱਚਿਆਂ ਦੇ ਵਿਆਹ ਇੰਨ੍ਹੀ ਛੋਟੀ ਉਮਰ `ਚ ਕੇਵਲ ਰਿਸ਼ਤੇ ਦੇ ਬੰਧਨ ਵਿਚ ਬੰਨ੍ਹਣ ਲਈ ਹੀ ਕਰਦੇ ਸਨ। ਬੰਧਨ ਬੰਨ੍ਹਣ ਪਿੱਛੋਂ ਕੁੜੀ ਦਾ ਮੁਕਲਾਵਾ ਉਸ ਵੇਲੇ ਦਿੱਤਾ ਜਾਂਦਾ ਸੀ, ਜਦੋਂ ਮੁੰਡਾ ਤੇ ਕੁੜੀ ਦੋਵੇਂ ਗ੍ਰਹਿਸਤ ਆਸ਼ਰਮ ਵਿਚ ਪ੍ਰਵੇਸ਼ ਕਰਨ ਦੀ ਉਮਰ ਦੇ ਹੋ ਜਾਂਦੇ ਸਨ।
ਜਦੋਂ ਵੀਹਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ `ਚ ਅਮਰੀਕਾ ਅਤੇ ਕੈਨੇਡਾ ਦੀ ਅਮੀਰੀ ਅਤੇ ਉਥੇ ਦੇ ਰੁਜਗਾਰ ਦੀਆਂ ਗੱਲਾਂ ਚੱਲੀਆਂ ਤਾਂ ਗਰੀਬੀ ਦੀ ਦਲ-ਦਲ ਵਿਚ ਫਸੀ ਸਿੱਖ ਕਿਸਾਨੀ `ਚ ਵੀ ਉਥੇ ਜਾ ਕੇ ਚੰਗੀਆਂ ਕਮਾਈਆਂ ਕਰਨ ਦੀ ਲਾਲਸਾ ਨੇ ਜ਼ੋਰ ਫੜਿਆ। ਇਸ ਰੁਝਾਨ ਦਾ ਅਸਰ ਬੁੱਕਮ ਸਿੰਘ `ਤੇ ਵੀ ਹੋਇਆ। ਉਹ ਵੀ ਪੈਸੇ ਦਾ ਬੰਦੋਬਸਤ ਕਰਕੇ 1907 ਵਿਚ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਪਹੁੰਚ ਗਿਆ। ਉਦੋਂ ਉਸ ਦੀ ਉਮਰ ਕੇਵਲ 14 ਸਾਲ ਹੀ ਸੀ। ਉਨ੍ਹਾਂ ਦਿਨਾਂ ਵਿੱਚ ਕੈਨੇਡਾ ਵਿੱਚ ਰਹਿਣ ਵਾਲੇ ਸਿੱਖਾਂ ਨੂੰ ਆਪਣੇ ਪ੍ਰੀਵਾਰ ਨਾਲ ਲਿਆਉਣ ਦੀ ਇਜਾਜਤ ਨਹੀਂ ਸੀ। ਇਸ ਕਰਕੇ ਉਸਦੀ ਪਤਨੀ ਪ੍ਰੀਤਮ ਕੌਰ ਉਸ ਕੋਲ ਕੈਨੇਡਾ ਵਿੱਚ ਨਹੀਂ ਆ ਸਕਦੀ ਸੀ। ਕੁਝ ਸਾਲ ਬ੍ਰਿਟਿਸ਼ ਕੋਲੰਬੀਆ ਵਿੱਚ ਰਹਿਣ ਤੋਂ ਬਾਅਦ, ਸੰਨ 1912 – 1913 ਸਾਲ ਦੇ ਆਸਪਾਸ ਬੁੱਕਮ ਸਿੰਘ ਕੰਮ ਦੀ ਭਾਲ ਵਿੱਚ ਟੋਰਾਂਟੋ ਪਹੁੰਚ ਗਿਆ। ਇੱਥੇ ਆ ਕੇ ਬੁੱਕਮ ਸਿੰਘ ਨੇ ਰੋਜ਼ਬੈਂਕ ਉਂਨਟਾਰੀਉ ਵਿਖੇ ਇੱਕ ਜਿਮੀਂਦਾਰ ਦੇ ਫਾਰਮ ਤੇ ਕੰਮ ਲੱਭ ਲਿਆ।
5 ਅਗਸਤ 1914 ਨੂੰ ਜਦੋਂ ਕੈਨੇਡਾ ਬ੍ਰਿਟਿਸ਼ ਬਾਦਸ਼ਾਹਤ ਦਾ ਹਿੱਸਾ ਬਣਿਆ ਤਾਂ ਕੈਨੇਡਾ ਨੇ ਪਹਿਲੇ ਸੰਸਾਰ ਯੁੱਧ ਵਿੱਚ ਬਰਤਾਨਵੀ ਸਰਕਾਰ ਦਾ ਸਾਥ ਦੇਣ ਦਾ ਫੈਸਲਾ ਲਿਆ। ਕੈਨੇਡਾ ਭਰ `ਚ ਪਹਿਲੀ ਸੰਸਾਰ ਯੁੱਧ ਲਈ ਫੌਜ `ਚ ਭਰਤੀ ਖੋਹਲ ਦਿੱਤੀ ਗਈ। ਉਧਰ ਹਿੰਦੁਸਤਾਨ ਵਿੱਚ ਵੀ ਅੰਗਰੇਜ਼ ਸਰਕਾਰ ਉਨ੍ਹਾਂ ਦਿਨਾਂ ਵਿੱਚ ਮਾਰਸ਼ਲ ਕੌਮਾਂ ਨੂੰ ਫੌਜ ਵਿੱਚ ਭਰਤੀ ਕਰ ਰਹੀ ਸੀ। ਮਾਹਿਲਪੁਰ ਇਲਾਕੇ `ਚ ਸਿੱਖ ਰਾਜਪੂਤਾਂ ਅਤੇ ਜੱਟਾਂ ਦੀ ਘਣੀ ਵਸੋਂ ਹੋਣ ਕਰਕੇ ਬਹੁਤ ਸਾਰੇ ਪ੍ਰੀਵਾਰਾਂ ਚੋਂ ਨੌਜਵਾਨ, ਬਰਤਾਨਵੀ ਫੌਜ ਵਿੱਚ ਭਰਤੀ ਹੋ ਰਹੇ ਸਨ। ਉਸ ਦਾ ਅਸਰ ਬੁੱਕਮ ਸਿੰਘ ਤੇ ਵੀ ਹੋਇਆ ਅਤੇ ਉਸ ਨੇ ਵੀ ਕੈਨੇਡਾ ਦੀ ਫੌਜ ਵਿੱਚ ਭਰਤੀ ਹੋਣ ਦਾ ਮਨ ਬਣਾ ਲਿਆ ਅਤੇ ਕੈਨੇਡਾ ਦੀ ਅਭਿਆਨ ਫੌਜ ਦੀ ਇੱਕ ਉਂਨਟਾਰੀਉ ਬਟਾਲੀਅਨ ਵਿੱਚ ਭਰਤੀ ਹੋ ਗਿਆ। ਇਹ ਸਾਲ 1915 ਦੀ ਬਸੰਤ ਰੁੱਤ ਦਾ ਸਮਾਂ ਸੀ। ਜਦੋਂ ਲੜਾਈ ਲਈ ਕੈਨੇਡਾ ਦੀ ਫੌਜ ਨੂੰ ਸੱਦਾ ਆਇਆ ਤਾਂ ਉਹ ਕਿੰਗਸਟਨ ਬਟਾਲੀਅਨ ਦੇ ਨਾਲ ਪਹਿਲੇ ਸੰਸਾਰ ਯੁੱਧ ਵਿੱਚ ਲੜਨ ਲਈ ਚਲਾ ਗਿਆ। ਸਾਲ 1916 ਵਿੱਚ ਈਪਰ [ ਬੇਲਜਿਅਮ] ਵਿੱਚ ਫਲੈਂਡਰਸ ਦੇ ਮੈਦਾਨਾਂ ਦੀ ਲੜਾਈ ਵਿੱਚ ਉਹ 20 ਕੈਨੇਡੀਅਨ ਇਨਫੈਂਟਰੀ ਬਟਾਲੀਅਨ ਵਲੋਂ ਮੈਦਾਨੇ ਜੰਗ ਵਿੱਚ ਲੜਿਆ। ਫਲੈਂਡਰਸ ਵਿਖੇ ਉਹ ਦੋ ਵਾਰ, ਦੋ ਵੱਖ ਲੜਾਈਆਂ ਵਿੱਚ ਜਖ਼ਮੀ ਹੋ ਗਿਆ ਸੀ। ਉੱਥੇ ਉਸ ਦਾ ਇਲਾਜ, ਡਾਕਟਰ ਲੇਫਟੀਨੈਂਟ ਕਰਨਲ ਜਾਨ ਮੈਕਕਰੇ, ਜੋ ਫਲੈਂਡਰਸ ਦੇ ਮੈਦਾਨਾਂ ਵਿੱਚ ਅਮਰ ਕਵਿਤਾ ਲਿਖਣ ਕਰਕੇ ਮਸ਼ਹੂਰ ਹੈ, ਦੁਆਰਾ ਚਲਾਏ ਹਸਪਤਾਲ ਵਿੱਚ ਇਲਾਜ ਕੀਤਾ ਗਿਆ। ਜਖ਼ਮ ਗਹਿਰੇ ਹੋਣ ਕਾਰਣ, ਕੁਝ ਸਮੇਂ ਤੋਂ ਬਾਅਦ ਬੁੱਕਮ ਸਿੰਘ ਨੂੰ ਮਾਨਚੈਸਟਰ [ਇੰਗਲੈਂਡ] ਦੇ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ। ਇੱਥੇ ਬੁੱਕਮ ਸਿੰਘ ਨੂੰ ਤਪਦਿਕ ਦੀ ਨਾ ਮੁਰਾਦ ਬਿਮਾਰੀ ਨੇ ਆਣ ਘੇਰਿਆ ਅਤੇ ਉਸ ਨੂੰ 1 ਅਗਸਤ 1918 ਨੂੰ ਫੌਜ ਵਿੱਚੋਂ ਖਾਰਜ ਕਰਕੇ ਕਿਚਨਰ ਦੇ ਫਰੀਪੋਰਟ ਸੈਨਾਟੋਰੀਅਮ ਫੌਜੀ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਗਿਆ। ਅੰਤ ਵਿੱਚ ਬੁੱਕਮ ਸਿੰਘ 27 ਅਗਸਤ 1919 ਨੂੰ ਸੰਸਾਰ ਨੂੰ ਅਲ-ਵਿਦਾ ਕਹਿ ਗਿਆ। ਇਸ ਇੱਕੋ-ਇੱਕ ਕੈਨੇਡੀਅਨ ਸਿੱਖ ਨੂੰ, ਸੰਸਾਰ ਯੁੱਧ ਦੇ ਬਾਕੀ ਸ਼ਹੀਦਾ ਦੇ ਨਾਲ, ਕਿਚਨਰ ਸ਼ਹਿਰ ਦੇ ਮਾਊਂਟ ਹੋਪ ਕਬਰਿਸਤਾਨ ਵਿੱਚ ਦਫ਼ਨ ਕਰ ਦਿੱਤਾ ਗਿਆ। 90 ਸਾਲਾਂ ਤੱਕ ਭੇਦ ਬਣੇ ਰਹੇ ਬੁੱਕਮ ਸਿੰਘ ਦੀ ਸਮਾਧ, ਬਰੈਂਪਟਨ ਰਹਿੰਦੇ ਸੰਦੀਪ ਸਿੰਘ ਬਰਾੜ ਨੇ ਸਾਲ 2008 ਦੇ ਵਿੱਚ ਸਮੂਹ ਕੈਨੇਡੀਅਨ ਲੋਕਾਂ ਸਾਹਮਣੇ ਲਿਆਂਦੀ। ਗੋਲਡਨ ਟਰਾਈਐਂਗਲ ਗੁਰਦੁਆਰਾ ਸੁਸਾਇਟੀ ਕਿਚਨਰ-ਵਾਟਰਲੂ ਅਤੇ ਸੰਦੀਪ ਸਿੰਘ ਬਰਾੜ ਦੀ ਮਿਹਨਤ ਸਦਕਾ ਅਸੀਂ ਪਿੱਛਲੇ ਤਿੰਨ ਸਾਲਾਂ ਤੋਂ ਕੈਨੇਡਾ ਦੇ ਬਾਕੀ ਸ਼ਹੀਦਾਂ ਸਮੇਤ ਬੁੱਕਮ ਸਿੰਘ, ਜੋ ਕਿ ਇੱਕ ਅਸਲੀ ਕੈਨੇਡੀਅਨ ਸਿੱਖ ਨਾਇਕ ਹੈ, ਨੂੰ "ਸਿੱਖ ਰਿਮੈਂਬਰੈਂਸ ਡੇਅ" ਤਹਿਤ ਯਾਦ ਕਰਦੇ ਹਾਂ।
ਇਸ ਸਾਲ 6 ਨਵੰਬਰ ਦਿਨ ਐਤਵਾਰ ਨੂੰ ਬੁੱਕਮ ਸਿੰਘ ਦੀ ਸਮਾਧ ਤੇ ਹੋਏ "ਸਿੱਖ ਰਿਮੈਂਬਰੈਂਸ ਡੇਅ" ਸ਼ਰਧਾਂਜਲੀ ਸਮਾਰੋਹ ਵਿੱਚ ਵਿਸ਼ੇਸ਼ ਤੌਰ ਤੇ ਕੈਨੇਡੀਅਨ ਫੌਜ ਦੇ ਬ੍ਰਿਗੇਡੀਅਰ ਜਨਰਲ ਮੈਥੀਓ ਕੇ| ਓਵਰਟਨ, ਲੈਫਟੀਨੈਂਟ ਕਰਨਲ ਹਰਜੀਤ ਸਿੰਘ ਸਾਜਨ, ਮੇਜਰ ਹਰਪਾਲ ਸਿੰਘ ਮੰਡੇਰ, ਕੈਪਟਨ ਪ੍ਰਭਜੋਤ ਸਿੰਘ ਧਨੋਆ, ਲੈਫਟੀਨੈਂਟ ਅਮਰਜੀਤ ਸਿੰਘ, ਲੈਫਟੀਨੈਂਟ ਮਨਜੀਤ ਸਿੰਘ ਵਿਨਿੰਗ, ਫੈਡਰਲ ਮਨਿਸਟਰ ਟਿਮ ਉਪਲ, ਸਾਬਕਾ ਐਮ| ਪੀ| ਨਵਦੀਪ ਸਿੰਘ ਬੈਂਸ, ਭਾਰਤੀ ਫੌਜ ਦੇ ਸੇਵਾ-ਮੁਕਤ ਅਫਸਰ, ਗੋਲਡਨ ਟਰਾਈਐਂਗਲ ਗੁਰਦੁਆਰਾ ਸੁਸਾਇਟੀ ਕਿਚਨਰ-ਵਾਟਰਲੂ ਦੇ ਅਹੁਦੇਦਾਰ, ਚੱਬੇਵਾਲ-ਮਾਹਿਲਪੁਰ ਏਰੀਆ ਤੋਂ ਕੁਲਜੀਤ ਸਿੰਘ ਜੰਜੂਆ, ਸੰਜੀਵ ਸਿੰਘ ਭੱਟੀ, ਮਹਿੰਦਰਪਾਲ ਸਿੰਘ, ਵਕੀਲ ਰਮੇਸ਼ਵਰ ਸਿੰਘ ਸੰਘਾ, ਬ੍ਰੈਕਫਾਸਟ ਬੱਜ ਟੀ|ਵੀ| ਤੋਂ ਅਕਬਰ ਵਾਰਿਸ ਅਤੇ ਕਲਮ ਫਾਊਂਡੇਸ਼ਨ ਤੋਂ ਡਾ: ਦਰਸ਼ਨ ਸਿੰਘ ਬੈਂਸ, ਸ੍ਰੀਮਤੀ ਕੰਵਲਜੀਤ ਕੌਰ ਬੈਂਸ, ਅਜੈਬ ਸਿੰਘ ਚੱਠਾ, ਪਿਆਰਾ ਸਿੰਘ ਕੁੱਦੋਵਾਲ, ਗਿਆਨ ਸਿੰਘ ਕੰਗ ਅਤੇ ਲਖਬੀਰ ਸਿੰਘ ਗਰੇਵਾਲ ਸਮੇਤ ਤਕਰੀਬਨ 200 ਕੈਨੇਡੀਅਨਜ਼ ਸ਼ਾਮਿਲ ਹੋਏ।
 

Translate »