November 13, 2011 admin

ਕੈਨੇਡਾ, ਇਟਲੀ, ਨਾਰਵੇ ਤੇ ਸ੍ਰੀਲੰਕਾ ਦੇ ਖਿਡਾਰੀ ਸ੍ਰੀ ਹਰਮਿੰਦਰ ਸਾਹਿਬ ਵਿਖੇ ਹੋਏ ਨਤਮਸਤਕ

*ਕਬੱਡੀ ਖਿਡਾਰੀਆਂ ਦਾ ਕੀਤਾ ਸਨਮਾਨ
ਅੰਮ੍ਰਿਤਸਰ,- ਦੂਜੇ ਪਰਲਜ਼ ਵਿਸ਼ਵ ਕੱਪ ਕਬੱਡੀ-2011 ਵਿੱਚ ਖੇਡਣ ਆਈਆਂ ਕੈਨੇਡਾ, ਇਟਲੀ, ਨਾਰਵੇ ਤੇ ਸ੍ਰੀਲੰਕਾ ਦੀਆਂ ਟੀਮਾਂ ਦੇ ਖਿਡਾਰੀ ਸ੍ਰੀ ਹਰਮਿੰਦਰ ਸਾਹਿਬ ਵਿਖੇ ਨਤਮਸਤਕ ਹੋਏ। ਨਾਰਵੇ ਤੇ ਸ੍ਰੀਲੰਕਾ ਦੀਆਂ ਟੀਮਾਂ ਬੀਤੇ ਦਿਨ ਇਥੋਂ ਦੇ ਗੁਰੂ ਨਾਨਕ ਸਟੇਡੀਅਮ ਵਿਖੇ ਆਪਣੇ ਮੈਚ ਖੇਡਣ ਆਈਆਂ ਸਨ ਜਦੋਂ ਕਿ ਕੈਨੇਡਾ ਤੇ ਇਟਲੀ ਦੇ ਖਿਡਾਰੀ ਉਚੇਚੇ ਤੌਰ ‘ਤੇ ਸ੍ਰੀ ਹਰਮਿੰਦਰ ਸਾਹਿਬ ਦੇ ਦਰਸ਼ਨ ਕਰਨ ਆਏ ਅੰਮ੍ਰਿਤਸਰ ਆਈਆਂ।
ਇਨ੍ਹਾਂ ਖਿਡਾਰੀਆਂ ਨੂੰ ਸੂਚਨਾ ਕੇਂਦਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਦਲਮੇਘ ਸਿਘ ਖੱਟੜਾ ਨੇ ਸਿਰਪਾਓ  ਬਖਸ਼ਿਸ਼ ਕੀਤੇ। ਟੀਮਾਂ ਦੇ ਪ੍ਰਬੰਧਕਾਂ ਨੂੰ ਦਰਬਾਰ ਸਾਹਿਬ ਦੇ ਮਾਡਲ ਅਤੇ ਤਸਵੀਰਾਂ ਭੇਂਟ ਕੀਤੀਆਂ।
ਵਿਸ਼ਵ ਕੱਪ ਦੇ ਪੂਲ ‘ਬੀ’ ਵਿੱਚ ਸ਼ਾਮਲ ਨਾਰਵੇ, ਸ੍ਰੀਲੰਕਾ ਤੇ ਇਟਲੀ ਦੀਆਂ ਟੀਮਾਂ ਜਲੰਧਰ ਵਿਖੇ ਠਹਿਰੀਆਂ ਹਨ ਜਿਹੜੀਆਂ ਕੱਲ੍ਹ ਇਥੇ ਪੁੱਜੀਆਂ ਜਦੋਂ ਕਿ ਪੂਲ ‘ਏ’ ਦੀ ਟੀਮ ਕੈਨੇਡਾ ਦੇ ਖਿਡਾਰੀ ਬਠਿੰਡਾ ਤੋਂ ਵਿਸ਼ੇਸ਼ ਤੌਰ ‘ਤੇ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਏ। ਇਨ੍ਹਾਂ ਟੀਮਾਂ ਦੇ ਨਾਲ ਸਪਰੋਟਸ ਐਂਡ ਕਲਚਰਲ ਫੈਡਰੇਸ਼ਨ ਆਫ ਓਨਟਾਰੀਓ ਦੇ ਪ੍ਰਧਾਨ ਸ੍ਰੀ ਜੋਗਾ ਸਿੰਘ ਕੰਗ, ਉਂਕਾਰ ਸਿੰਘ ਗਰੇਵਾਲ, ਪਰਮਜੀਤ ਪੰਮਾ ਦਿਓਲ, ਕਰਨ ਘੁਮਾਣ ਦਿੜ੍ਹਬਾ, ਜੱਸ ਸੋਹਲ, ਪ੍ਰੋ. ਜਸਬੀਰ ਸਿੰਘ ਕਪਿਆਲ ਅਤੇ ਇਟਲੀ ਤੋਂ ਅਨਿਲ ਸ਼ਰਮਾ ਵੀ ਸ੍ਰੀ ਹਰਮਿੰਦਰ ਸਾਹਿਬ ਵਿਖੇ ਸਿਜਦਾ ਕਰਨ ਪੁੱਜੇ।
ਕੈਨੇਡਾ ਦੇ ਖਿਡਾਰੀ ਸੰਦੀਪ ਲੱਲੀਆਂ, ਹਰਦੀਪ ਤਾਊ, ਬਲਜੀਤ ਸੈਦੋਕੇ, ਕਿੰਦਾ ਬਿਹਾਰੀਪੁਰੀਆ, ਨਾਰਵੇ ਦੇ ਕੁਲਦੀਪ ਪੱਡਾ, ਕੁਲਵਿੰਦਰ ਸਿੰਘ ਅਤੇ ਸ੍ਰੀਲੰਕਾ ਦੇ ਸ਼ਸ਼ਆਥਾ, ਰਵੀਇੰਦਰਾ, ਬੁਧਿਕਾ ਤੇ ਅਨੁਰਾਧਿਕਾ ਨੇ ਸੂਚਨਾ ਕੇਂਦਰ ਵਿਖੇ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਆ ਕੇ ਸ੍ਰੀ ਹਰਮਿੰਦਰ ਸਾਹਿਬ ਦੇ ਦਰਸ਼ਨ ਕੀਤੇ ਬਿਨਾਂ ਯਾਤਰਾ ਅਧੂਰੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਉਨ੍ਹਾਂ ਨੂੰ ਸਕੂਨ ਮਿਲਿਆ ਉਥੇ ਵਿਸ਼ਵ ਕੱਪ ਵਿੱਚ ਚੰਗਾ ਖੇਡਣ ਦੀ ਅਰਦਾਸ ਕੀਤੀ।
ਅਰਜਨਟਾਈਨਾ ਦੀ ਕਬੱਡੀ ਟੀਮ ਨੇ ਜਿੱਤ ਦਰਸ਼ਕਾਂ ਦੇ ਦਿਲ
ਅੰਮ੍ਰਿਤਸਰ ਵਾਸੀਆਂ ਨੂੰ ਮਿਲਿਆ ਨਵਾਂ ਫਲੱਡ ਲਾਈਟ ਸਟੇਡੀਅਮ

ਅੰਮ੍ਰਿਤਸਰ/ਚੰਡੀਗੜ੍ਹ, – ਦੂਜੇ ਪਰਲਜ਼ ਵਿਸ਼ਵ ਕੱਪ ਕਬੱਡੀ-2011 ਦੇ ਪੂਲ ‘ਬੀ’ ਦੀ ਟੀਮ ਅਰਜਨਟਾਈਨਾ ਦੀ ਟੀਮ ਨੇ ਵਿਸ਼ਵ ਕੱਪ ਵਿੱਚ ਦਰਸ਼ਕਾਂ ਦੇ ਦਿਲ ਜਿੱਤ ਲਏ। ਇਹ ਟੀਮ ਭਾਵੇਂ ਪਹਿਲੀ ਵਾਰ ਕਬੱਡੀ ਖੇਡਣ ਆਈ ਹੈ ਪਰ ਇਨ੍ਹਾਂ ਦੇ ਖਿਡਾਰੀਆਂ ਵਿੱਚ ਸਿੱਖਣ ਦੀ ਲਗਨ ਅਤੇ ਮੈਦਾਨ ਵਿੱਚ ਸ਼ਾਤ ਸੁਭਾਅ ਅਤੇ ਅਨੁਸ਼ਾਸਣ-ਬੱਧ ਹੋ ਕੇ ਖੇਡਣ ਦੀ ਕਲਾ ਨੇ ਸਾਰੇ ਦਰਸ਼ਕਾਂ ਨੂੰ ਕੀਲ ਲਿਆ।
ਅਰਜਨਟਾਈਨਾ ਦੀ ਟੀਮ ਨੇ ਕੱਲ੍ਹ ਆਪਣਾ ਵਿਸ਼ਵ ਕੱਪ ਦਾ ਪਹਿਲਾ ਮੈਚ ਵੀ ਜਿੱਤਿਆ। ਇਸ ਟੀਮ ਨੇ ਸ੍ਰੀਲੰਕਾ ਨੂੰ ਫਸਵੇਂ ਮੁਕਬਾਲੇ ਵਿੱਚ 53-49 ਨਾਲ ਹਰਾਇਆ। ਅਰਜਨਟਾਈਨਾ ਦੀ ਟੀਮ ਨੇ ਜਿੱਤ ਤੋਂ ਬਾਅਦ ਦਰਸ਼ਕਾਂ ਵੱਲੋਂ ਦਿੱਤੀ ਹੱਲਾਸ਼ੇਰੀ ਦਾ ਧੰਨਵਾਦ ਕਰਦਿਆਂ ਪੂਰੇ ਸਟੇਡੀਅਮ ਦਾ ਚੱਕਰ ਲਾਇਆ। ਇਸ ਦੌਰਾਨ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਤੌਰ ‘ਤੇ ਅਰਜਨਟਾਈਨਾ ਦੀ ਟੀਮ ਨੂੰ ਮਿਲੇ ਅਤੇ ਕਪਤਾਨ ਯੂਰੀ ਮਾਇਰ ਨੂੰ ਵਧਾਈ ਦਿੰਦਿਆਂ ਅਗਾਂਹ ਤੋਂ ਹੋਰ ਤਕੜੇ ਹੋ ਕੇ ਖੇਡਣ ਲਈ ਹੱਲਾਸ਼ੇਰੀ ਦਿੱਤੀ। ਯੂਰੀ ਮਾਇਰ ਪੂਰੇ ਵਿਸ਼ਵ ਕੱਪ ਦੌਰਾਨ ਛਾਇਆ ਹੋਇਆ ਹੈ ਜਿਸ ਨੇ ਹਰ ਚੰਗੀ ਟੀਮ ਵਿਰੁੱਧ ਰੇਡਾਂ ਪਾਉਂਦਿਆਂ ਅੰਕ ਬਟੋਰੇ ਅਤੇ ਕਹਿੰਦੇ ਕਹਾਉਂਦੇ ਜਾਫੀ ਵੀ ਉਸ ਨੂੰ ਡੱਕਣ ਵਿੱਚ ਅਸਫਲ ਰਹੇ। ਅਰਜਨਟਾਈਨਾ ਦੀ ਟੀਮ ਪੂਰੇ ਵਿਸ਼ਵ ਕੱਪ ਦੌਰਾਨ ਸਭ ਤੋਂ ਵੱਧ ਸਾਫ ਸੁਥਰੀ ਖੇਡਣ ਵਾਲੀ ਟੀਮ ਹੈ।
ਉਪ ਮੁੱਖ ਮੰਤਰੀ ਨੇ ਅੰਮ੍ਰਿਤਸਰ ਵਾਸੀਆਂ ਨੂੰ ਦਿੱਤਾ ਤੋਹਫਾ:
ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਨੂੰ ਖੇਡਾਂ ਵਿੱਚ ਅੱਗੇ ਲਿਜਾਣ ਅਤੇ ਸੂਬੇ ਵਿੱਚ ਖੇਡਾਂ ਦਾ ਅਤਿ ਆਧੁਨਿਕ ਢਾਂਚਾ ਖੜ੍ਹਾ ਕਰਨ ਦੇ ਟੀਚੇ ਨਾਲ ਸੂਬੇ ਵਿੱਚ ਬਣਾਏ ਜਾ ਰਹੇ ਨਵੇਂ ਫਲੱਡ ਲਾਈਟਾਂ ਵਾਲੇ ਸਟੇਡੀਅਮਾਂ ਵਿੱਚੋਂ ਇਕ ਅੰਮ੍ਰਿਤਸਰ ਦਾ ਫਲੱਡ ਲਾਈਟਾਂ ਵਾਲਾ ਗੁਰੂ ਨਾਨਕ ਸਟੇਡੀਅਮ ਅੰਮ੍ਰਿਤਸਰ ਵਾਸੀਆਂ ਦੇ ਸਪੁਰਦ ਕੀਤਾ। ਸ. ਬਾਦਲ ਨੇ ਵਿਸ਼ਵ ਕੱਪ ਦੇ ਮੈਚਾਂ ਤੋਂ ਪਹਿਲਾਂ ਫਲੱਡ ਲਾਈਟਾਂ ਵਾਲੇ ਸਟੇਡੀਅਮ ਦਾ ਉਦਘਾਟਨ ਕੀਤਾ। ਉਦਘਾਟਨ ਉਪਰੰਤ ਵਿਸ਼ਵ ਕੱਪ ਦੇ ਚਾਰ ਮੈਚ ਫਲੱਡ ਲਾਈਟਾਂ ਵਾਲੇ ਸਟੇਡੀਅਮ ਵਿੱਚ ਦੂਧੀਆ ਰੌਸ਼ਨੀਆਂ ਵਿੱਚ ਖੇਡੇ ਗਏ।
ਮਹਿਲਾ ਕਬੱਡੀ ਦਾ ਸਿਰਜਿਆ ਗਿਆ ਨਵਾਂ ਇਤਿਹਾਸ:
ਦੂਜੇ ਪਰਲਜ਼ ਵਿਸ਼ਵ ਕੱਪ ਕਬੱਡੀ-2011 ਦੇ ਕੱਲ੍ਹ ਖੇਡੇ ਗਏ ਮੈਚਾਂ ਦੌਰਾਨ ਭਾਰਤ ਤੇ ਤੁਰਕਮੇਸਿਤਾਨ ਦੀਆਂ ਮਹਿਲਾ ਕਬੱਡੀ ਟੀਮਾਂ ਦੇ ਮੈਚ ਨਾਲ ਮਹਿਲਾ ਕਬੱਡੀ ਵਿਸ਼ਵ ਕੱਪ ਦਾ ਵੀ ਆਗਾਜ਼ ਹੋ ਗਿਆ। ਮਹਿਲਾ ਕਬੱਡੀ ਦੇ ਵਿਸ਼ਵ ਕੱਪ ਦੀ ਸ਼ੁਰੂਆਤ ਨਾਲ ਅੰਮ੍ਰਿਤਸਰ ਦੀ ਧਰਤੀ ‘ਤੇ ਨਵਾਂ ਇਤਿਹਾਸ ਸਿਰਜਿਆ ਗਿਆ। ਮਹਿਲਾ ਵਿਸ਼ਵ ਕੱਪ ਵਿੱਚ ਭਾਰਤ, ਤੁਰਕਮੇਸਿਤਾਨ, ਇੰਗਲੈਂਡ ਤੇ ਅਮਰੀਕਾ ਦੀਆਂ ਚਾਰ ਟੀਮਾਂ ਹਿੱਸਾ ਲੈ ਰਹੀਆਂ ਹਨ।

Translate »