November 13, 2011 admin

ਲੋਕ ਕਵੀ ਸੰਤ ਰਾਮ ਉਦਾਸੀ ਦੀ ਬਰਸੀ ਦੀ 25ਵੀਂ ਵਰੇਗੰਢ ਮੌਕੇ ਇੱਕ ਰਾਜ ਪੱਧਰੀ ਸ਼ਰਧਾਂਜਲੀ ਸਮਾਗਮ

*ਸੰਤ ਰਾਮ ਉਦਾਸੀ ਨੇ ਆਪਣੀਆਂ ਲਿਖਤਾਂ ਰਾਹੀ ਕੰਮੀਆਂ, ਗਰੀਬਾਂ ਅਤੇ ਸਮਾਜਿਕ ਅਤੇ ਆਰਥਿਕ ਤੌਰ `ਤੇ ਲਿਤਾੜੇ ਹੋਏ ਲੋਕਾਂ ਦੀ ਗੱਲ ਕੀਤੀ : ਸੇਖਵਾਂ
ਬਰਨਾਲਾ – ਜਿਹੜੀਆਂ ਕੌਮਾਂ ਆਪਣੇ ਵਿਰਸੇ ਅਤੇ ਲੋਕ ਸਾਹਿਤ ਨੂੰ ਭੁੱਲ ਜਾਂਦੀਆਂ ਹਨ ਉਹ ਬਹੁਤੀ ਦੇਰ ਤੱਕ ਆਪਣੀ ਹੋਂਦ ਨੂੰ ਬਰਕਰਾਰ ਨਹੀਂ ਰੱਖ ਸਕਦੀਆਂ। ਆਪਣੇ ਵਿਰਸੇ ਅਤੇ ਲੋਕ ਸਾਹਿਤ ਨੂੰ ਸੰਭਾਲਦੇ ਹੋਏ ਸਾਨੂੰ ਆਪਣੇ ਸਾਹਿਤਕਾਰਾਂ, ਫਨਕਾਰਾਂ ਦਾ ਬਣਦਾ ਮਾਣ ਕਰਨਾ ਚਾਹੀਦਾ ਹੈ ਅਤੇ ਉਹਨਾਂ ਦੇ ਪਾਏ ਹੋਏ ਪੂਰਨਿਆਂ `ਤੇ ਚੱਲ ਕੇ ਸਾਨੂੰ ਆਪਣੇ ਵਿਰਸੇ ਨਾਲ ਜੁੜੇ ਰਹਿਣਾ ਚਾਹੀਦਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਸਿੱਖਿਆ ਅਤੇ ਭਾਸ਼ਾ ਮੰਤਰੀ ਸ੍ਰ| ਸੇਵਾ ਸਿੰਘ ਸੇਖਵਾਂ ਨੇ ਅੱਜ ਬਰਨਾਲਾ ਦੇ ਲਾਲ ਬਹਾਦਰ ਸ਼ਾਸਤਰੀ ਮਹਿਲਾ ਕਾਲਜ ਵਿਖੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਮਨਾਏ ਜਾ ਰਹੇ ਪੰਜਾਬੀ ਸਪਤਾਹ ਤਹਿਤ ਲੋਕ ਕਵੀ ਸੰਤ ਰਾਮ ਉਦਾਸੀ ਦੀ ਬਰਸੀ ਦੀ 25ਵੀਂ ਵਰੇਗੰਢ ਮੌਕੇ ਇੱਕ ਰਾਜ ਪੱਧਰੀ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਸੰਤ ਰਾਮ ਉਦਾਸੀ ਜਿਨ੍ਹਾਂ ਨੂੰ ਇਨਕਾਲਬੀ ਲੋਕ ਕਵੀ ਹੋਣ ਦਾ ਮਾਣ ਹਾਸਲ ਹੈ ਅਤੇ ਉਹਨਾਂ ਨੇ ਆਪਣੀਆਂ ਲਿਖਤਾਂ ਰਾਹੀ ਕੰਮੀਆਂ, ਗਰੀਬਾਂ ਅਤੇ ਸਮਾਜਿਕ ਅਤੇ ਆਰਥਿਕ ਤੌਰ `ਤੇ ਲਿਤਾੜੇ ਹੋਏ ਲੋਕਾਂ ਦੀ ਗੱਲ ਕੀਤੀ। ਸ੍ਰ| ਸੇਖਵਾਂ ਨੇ ਕਿਹਾ ਕਿ ਸੰਤ ਰਾਮ ਉਦਾਸੀ ਨੇ ਨਾ ਸਿਰਫ ਸਮੇਂ ਦੇ ਲੋਕਾਂ ਦੀ ਹਾਲਤ ਬਿਆਨ ਹੀ ਕੀਤੀ ਸਗੋਂ ਉਸਨੇ ਆਪਣੀਆਂ ਕਵਿਤਾਵਾਂ ਰਾਹੀਆਂ ਸਮੱਸਿਆਵਾਂ ਦਾ ਹੱਲ ਅਤੇ ਲੋਕਾਂ ਨੂੰ ਸਮਾਜਿਕ ਨਾ-ਬਰਾਬਰੀ ਖਿਲ਼ਾਫ ਉਠ ਖੜੇ ਹੋਣ ਦਾ ਸੱਦਾ ਵੀ ਦਿੱਤਾ ਅਤੇ ਅਜਿਹੇ ਮਹਾਨ ਇਨਕਲਾਬੀ ਸ਼ਾਇਰ ਨੂੰ ਸ਼ਰਧਾਜਲੀ ਭੇਂਟ ਕਰਨਾਂ ਸਾਡਾ ਸਰਿਆਂ ਦਾ ਫਰਜ਼ ਹੈ।
ਸ੍ਰ| ਸੇਖਵਾਂ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਨੇ ਇਹ ਫੈਸਲਾ ਕੀਤਾ ਹੈ ਕਿ ਜਿਨਾਂ ਵੀ ਵਿਅਕਤੀਆਂ ਨੇ ਕਿਸੇ ਵੀ ਖਿਤੇ ਵਿੱਚ ਵਿਸ਼ੇਸ ਨਾਮਣਾ ਹਾਸਲ ਕੀਤਾ ਹੈ ਉਹਨਾਂ ਵਿਅਕਤੀਆਂ ਨੂੰ ਯਾਦ ਕੀਤਾ ਜਾਵੇ ਅਤੇ ਉਹਨਾਂ ਦੀ ਵਿਚਾਰਧਾਰਾ ਤੋਂ ਆਮ ਲੋਕਾਂ ਨੂੰ ਜਾਣੂ ਕਰਵਾਇਆ ਜਾਵੇ ਅਤੇ ਇਸੇ ਲੜੀ ਤਹਿਤ ਹੀ ਭਾਸ਼ਾ ਵਿਭਾਗ ਵੱਲੋਂ ਲੋਕ ਕਵੀ ਸੰਤ ਰਾਮ ਉਦਾਸੀ ਨੂੰ ਉਸਦੀਆਂ ਵੱਡਮੱੁਲੀਆਂ ਲਿਖਤਾਂ ਕਰਕੇ ਯਾਦ ਕੀਤਾ ਜਾ ਰਿਹਾ ਹੈ। ਸ੍ਰ| ਸੇਖਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬੀ ਨਾਟਕ ਦੇ ਪਿਤਾਮਾਂ ਗੁਰਸ਼ਰਨ ਭਾਜੀ ਅਤੇ ਗਜ਼ਲ ਗਾਇਕ ਜਗਜੀਤ ਸਿੰਘ ਨੂੰ ਸਮਰਪਿਤ ਪ੍ਰੋਗਰਾਮ ਕਰਵਾਏ ਜਾ ਰਹੇ ਹਨ।
ਇਸ ਮੌਕੇ ਅਕਾਲੀ ਦਲ ਦੇ ਜਨਰਲ ਸਕੱਤਰ ਸ੍ਰ| ਪ੍ਰੇਮ ਸਿੰਘ ਚੰਦੂ ਮਾਜਰਾ ਨੇ ਵੀ ਲੋਕ ਕਵੀ ਸੰਤ ਰਾਮ ਉਦਾਸੀ ਨੂੰ ਸ਼ਰਧਾ ਦੇ ਫੱੁਲ ਭੇਂਟ ਕਰਦਿਆਂ ਕਿਹਾ ਕਿ ਉਦਾਸੀ ਦੀ ਕਵਿਤਾ ਨੇ ਆਮ ਲੋਕਾਂ ਦੀ ਤਰਜ਼ਮਾਨੀ ਕਰਦਿਆਂ ਹੋਇਆਂ ਉਹਨਾਂ ਖਿਲਾਫ ਹੋ ਰਹੀਆਂ ਧੱਕੇਸ਼ਾਹੀਆਂ ਅਤੇ ਜ਼ੁਲਮ ਨੂੰ ਬਿਆਨ ਕੀਤਾ, ਜਿਸਦਾ ਲੋਕ ਮਾਨਸਿਕਤਾ ਉਪਰ ਗਹਿਰਾ ਅਸਰ ਪਿਆ। ਉਹਨਾਂ ਕਿਹਾ ਕਿ ਉਦਾਸੀ ਦੀਆਂ ਲਿਖਤਾਂ ਅੱਜ ਵੀ ਆਪਣਾ ਉਨਾਂ ਹੀ ਅਸਰ ਰੱਖਦੀਆਂ ਹਨ ਅਤੇ ਅਜਿਹੇ ਇਨਕਲਾਬੀ ਸ਼ਾਇਰ ਕਦੀ ਵੀ ਮਰਦੇ ਨਹੀਂ ਬਲਕਿ ਉਹਨਾਂ ਦੇ ਬੋਲ ਹਮੇਸ਼ਾਂ ਲੋਕਾਂ ਦੇ ਦਿਲਾਂ ਵਿੱਚ ਕਾਇਮ ਰਹਿੰਦੇ ਹਨ। ਇਸੇ ਦੌਰਾਨ ਸ੍ਰ| ਜਗਦੇਵ ਸਿੰਘ ਜੱਸੋਵਾਲ ਨੇ ਵੀ ਸੰਤ ਰਾਮ ਉਦਾਸੀ ਨੂੰ ਆਪਣੀ ਸ਼ਰਧਾਂਜਲੀ ਭੇਂਟ ਕੀਤੀ।
ਸਮਾਗਮ ਦੌਰਾਨ ਡਾ| ਸੁਰਜੀਤ ਸਿੰਘ ਭੱਟੀ ਅਤੇ ਸੀ| ਮਰਕੰਡਾ ਵੱਲੋਂ ਸੰਤ ਰਾਮ ਉਦਾਸੀ ਦੇ ਜੀਵਨ ਅਤੇ ਉਸਦੀ ਲੇਖਣੀ ਬਾਰੇ ਖੋਜ ਭਰਪੂਰ ਪਰਚੇ ਪੜ੍ਹੇ ਗਏ। ਲੋਕ ਗਾਇਕ ਬਰਕਤ ਸਿੱਧੂ, ਹਰਭਜਨ ਸਿੰਘ ਅਤੇ ਗੁਰਮੱੁਖ ਸਿੰਘ ਨੇ ਸੰਤ ਰਾਮ ਉਦਾਸੀ ਦੇ ਇਨਕਲਾਬੀ ਗੀਤ ਪੇਸ਼ ਕਰਕੇ ਹਾਜ਼ਰ ਸਰੋਤਿਆਂ ਨੂੰ ਕੀਲੀ ਰੱਖਿਆ। ਸਮਾਗਮ ਦੇ ਅਖੀਰ ਵਿੱਚ ਸਿੱਖਿਆ ਅਤੇ ਭਾਸ਼ਾ ਮੰਤਰੀ ਸ੍ਰ ਸੇਵਾ ਸਿੰਘ ਸੇਖਵਾਂ ਵੱਲੋਂ ਸੰਤ ਰਾਮ ਉਦਾਸੀ ਦੀ ਧਰਮ ਪਤਨੀ ਨਸੀਬ ਕੌਰ ਅਤੇ ਪੱੁਤਰੀ ਪ੍ਰਿਤਪਾਲ ਕੌਰ ਸਮੇਤ ਹੋਰ ਵੀ ਪਰਵਾਰਿਕ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਤੋਂ ਪਹਿਲਾਂ ਸਿੱਖਿਆ ਮੰਤਰੀ ਸ੍ਰ ਸੇਵਾ ਸਿੰਘ ਸੇਖਵਾਂ ਵੱਲੋਂ ਸੰਤ ਰਾਮ ਉਦਾਸੀ ਦੇ ਪਿੰਡ ਰਾਏਸਰ ਵਿਖੇ ਪਿੰਡ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਦਾ ਨਾਮ ਸੰਤ ਰਾਮ ਉਦਾਸੀ ਦੇ ਨਾਮ ਉਪਰ ਰੱਖਣ ਦਾ ਨਾਮਕਰਨ ਕੀਤਾ ਗਿਆ ਅਤੇ ਇਸੇ ਹੀ ਸਕੂਲ ਵਿੱਚ ਸੰਤ ਰਾਮ ਉਦਾਸੀ ਦੀ ਯਾਦ ਵਿੱਚ ਬਣਾਈ ਗਈ ਇੱਕ ਲਾਇਬਰੇਰੀ ਦਾ ਉਦਘਾਟਨ ਵੀ ਕੀਤਾ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ| ਸੇਖਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਾੲਬਿਰੇਰੀ ਐਕਟ ਪਾਸ ਕਰਕੇ ਪੰਜਾਬ ਦੇ ਲੇਖਕਾਂ ਅਤੇ ਪ੍ਰਕਾਸ਼ਕਾਂ ਨੂੰ ਵੱਡਾ ਮਾਣ ਦਿਤਾ ਜਾ ਰਿਹਾ ਹੈ ਅਤੇ ਇਸ ਐਕਟ ਦੇ ਲਾਗੂ ਹੋਣ ਨਾਲ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ, ਬਲਾਕ ਅਤੇ ਪਿੰਡ ਪੱਧਰ `ਤੇ ਲਾਇਬਰੇਰੀਆਂ ਖੋਲੀਆਂ ਜਾਣਗੀਆਂ ਜਿਸ ਨਾਲ ਪੰਜਾਬ ਵਿੱਚ ਕਿਤਾਬਾਂ ਪੜ੍ਹਨ ਦਾ ਸੱਭਿਆਚਾਰ ਪੈਦਾ ਹੋਵੇਗਾ। ਉਹਨਾਂ ਕਿਹਾ ਕਿ ਇਹਨਾਂ ਲਾਇਬਰੇਰੀਆਂ ਵਿੱਚ ਤਿੰਨ ਭਾਸ਼ਾਵਾਂ ਵਿੱਚ ਕਿਤਾਬਾਂ, ਅਖਬਾਰਾਂ, ਰਸਾਲੇ ਅਤੇ ਇੰਟਰਨੈੱਟ ਦੀ ਸਹੂਲਤ ਉਪਲੱਭਧ ਹੋਵੇਗੀ ਜੋ ਕਿ ਲੋਕਾਂ ਦੇ ਗਿਆਨ ਵਿੱਚ ਵਾਧਾ ਕਰਨ ਵਿੱਚ ਸਹਾਈ ਹੋਵੇਗੀ। ਸਿੱਖਿਆ ਮਹਿਕਮੇ ਦਾ ਜਿਕਰ ਕਰਦਿਆਂ ਸ੍ਰ| ਸੇਖਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਸਮੇਂ ਦੌਰਾਨ 56 ਹਜਾਰ ਦੇ ਕਰੀਬ ਅਧਿਆਪਕ ਸਰਕਾਰੀ ਸਕੂਲਾਂ ਵਿੱਚ ਭਰਤੀ ਕੀਤੇ ਗਏ ਹਨ ਅਤੇ ਆਉਣ ਵੱਲੇ ਕੁਝ ਦਿਨਾਂ ਵਿੱਚ ਇਹ ਅੰਕੜਾ 60 ਹਜਾਰ ਤੋਂ ਪਾਰ ਕਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਇੱਕ ਸਾਲ ਵਿੱਚ ਸੂਬੇ ਵਿੱਚ 17 ਨਵੇਂ ਸਰਕਾਰੀ ਡਿਗਰੀ ਕਾਲਜ ਖੋਲੇ ਗਏ ਹਨ ਅਤੇ ਪੰਜਾਬ ਦਾ ਸਾਰੇ ਸਰਕਾਰੀ ਕਾਲਜਾਂ ਵਿੱਚ ਪ੍ਰਿਸੀਪਲਾਂ ਦੀ ਅਸਾਮੀਆਂ ਨੂੰ ਭਰਿਆ ਗਿਆ ਹੈ।ਇਸ ਤੋਂ ਇਲਾਵਾ ਕਾਲਜਾਂ ਵਿੱਚ ਪੜ੍ਹਾ ਰਹੇ 271 ਪਾਰਟ ਟਾਈਮ ਅਧਿਆਪਕਾਂ ਨੂੰ ਪੱਕਿਆਂ ਕੀਤਾ ਗਿਆ ਹੈ। ਇੱਕ ਸਵਾਲ ਦੇ ਜੁਆਬ ਵਿੱਚ ਸ੍ਰ| ਸੇਖਵਾਂ ਨੇ ਕਿਹਾ ਕਿ ਈਟੀਟੀ ਕਰਵਾਉਣ ਵਾਲੇ ਕਾਜਲਾਂ ਵਿੱਚ 60 ਫੀਸਦੀ ਸੀਟਾਂ ਸਰਕਾਰ ਵੱਲੋਂ ਅਤੇ ਬਾਕੀ ਦੀਆਂ ਕਾਲਜਾਂ ਵੱਲੋਂ ਭਰੀਆਂ ਜਾਣਗੀਆਂ। ਉਹਨਾਂ ਕਿਹਾ ਕਿ ਅਧਿਆਪਕ ਯੋਗਤਾ ਟੈਸਟ ਲੈਣ ਦਾ ਮੱੁਖ ਮਕਸਦ ਇਹੀ ਹੈ ਕਿ ਸਿਰਫ ਲਾਇਕ ਅਧਿਆਪਕ ਹੀ ਭਰਤੀ ਕੀਤੇ ਜਾ ਸਕਣ।
ਅੱਜ ਦੇ ਇਸ ਸਮਾਗਮ ਦੌਰਾਨ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਸ੍ਰੀ ਮਤੀ ਬਲਬੀਰ ਕੌਰ, ਜਾਇੰਟ ਡਾਇਰੈਕਟਰ ਚੇਤਨ ਸਿੰਘ, ਗੁਰਸ਼ਰਨ ਕੌਰ ਵਾਲੀਆ ਡਿਪਟੀ ਡਾਇਰੈਕਟਰ ਭਾਸ਼ਾ ਵਿਭਾਗ, ਜ਼ਿਲ੍ਹਾ ਭਾਸ਼ਾ ਅਫਸਰ ਪ੍ਰਿਤਪਾਲ ਕੌਰ, ਡਾ| ਸਤਨਾਮ ਸਿੰਘ ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ, ਬਲਬੀਰ ਸਿੰਘ ਘੰੁਨਸ ਵਿਧਾਇਕ ਭਦੌੜ, ਪਰਮਜੀਤ ਸਿੰਘ ਢਿਲੋਂ ਪ੍ਰਧਾਨ ਨਗਰ ਕੌਂਸਲ ਬਰਨਾਲਾ, ਪ੍ਰਿਸੀਪਲ ਡਾ| ਨੀਲਮ ਸ਼ਰਮਾਂ, ਸਾਹਿਤਕਾਰ ਓਮ ਪ੍ਰਕਾਸ਼ ਗਾਸੋ, ਡਾ| ਤੇਜਵੰਤ ਸਿੰਘ ਮਾਨ, ਇਕਬਾਲ ਸਿੰਘ ਸਿੱਧੂ, ਸੁਲੱਖਣ ਮੀਤ, ਹਰਵਿੰਦਰ ਸਿੰਘ ਖਾਲਸਾ, ਰਜਿੰਦਰ ਸਿੰਘ ਰਾਹੀ, ਸੁਖਦੇਵ ਸਿੰਘ ਪਟਵਾਰੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਤ ਰਾਮ ਉਦਾਸੀ ਨੂੰ ਪਿਆਰ ਕਰਨ ਵਾਲੇ ਲੋਕ ਹਾਜ਼ਰ ਸਨ।

Translate »