ਹੁਸ਼ਿਆਰਪੁਰ – ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸ਼ਨ ਸੰਸਥਾਨ, ਜ਼ਿਲ੍ਹਾ ਸੈਂਟਰ ਹੁਸ਼ਿਆਰਪੁਰ ਜ਼ਿਲ੍ਹਾ ਸੈਂਟਰ ਹੁਸ਼ਿਆਰਪੁਰ ਵੱਲੋਂ ਦਫ਼ਤਰੀ ਕੰਮਕਾਰ ਵਿੱਚ ਕੋਮਲ ਕੁਸ਼ਲਤਾਵਾਂ ਦੀਆਂ ਵਿਧੀਆਂ ਜਿਵੇਂ ਕਿ ਮੋਟੀਵੇਸ਼ਨ, ਐਥਿਕਸ ਐਂਡ ਵੈਲਿਊਜ਼ ਇਨ ਗੁਡ ਗਵਰਨੈਸ, ਸਟਰੈਸ ਮੈਨੇਜਮੈਂਟ ਅਤੇ ਟੀਮ ਮੈਨੇਜਮੈਂਟ ਸੰਬੰਧੀ ਇੱਕ ਦਿਨ ਦੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਵੱਖ-ਵੱਖ ਵਿਭਾਗਾਂ, ਸਿੰਚਾਈ ਵਿਭਾਗ ਤੋਂ ਐਸ ਡੀ ਓ, ਸਰਕਾਰੀ ਕਾਲਜ ਤੋਂ ਪ੍ਰੋਫੈਸਰ, ਭੂਮੀ ਰੱਖਿਆ ਅਫ਼ਸਰ, ਵੈਟਰਨਰੀ ਅਫ਼ਸਰ, ਮੈਡੀਕਲ ਅਫ਼ਸਰ, ਵਣ ਅਫ਼ਸਰ, ਐਸ ਡੀ ਐਮ ਦਸੂਹਾ ਅਤੇ ਮੁਕੇਰੀਆਂ ਦੇ ਸੁਪਰਡੰਟ, ਕੰਢੀ ਕੈਨਾਲ ਅਤੇ ਜਲ ਨਿਕਾਸ ਵਿਭਾਗ ਦੇ ਐਸ ਡੀ ਓ ਹਾਜ਼ਰ ਸਨ।
ਜ਼ਿਲ੍ਹਾ ਪ੍ਰੋਗਰਾਮ ਕੋਆਰਡੀਨੇਟਰ ਸੁਰਜੀਤ ਸਿੰਘ ਨੇ ਇਸ ਮੌਕੇ ਤੇ ਆਏ ਹੋਏ ਅਧਿਕਾਰੀਆਂ ਨੂੰ ਜੀ ਆਇਆਂ ਆਖਦੇ ਹੋਏ ਅੱਜ ਦੇ ਵਿਸ਼ਿਆਂ ਬਾਰੇ ਜ਼ਿਲ੍ਹਾ ਸੈਂਟਰ ਵੱਲੋਂ ਦਿੱਤੀ ਜਾਂਦੀ ਜਾਣਕਾਰੀ ਨੂੰ ਗਵਰਨੈਂਸ ਵਿੱਚ ਸੁਧਾਰ ਲਿਆਉਣ ਲਈ ਸ਼ਲਾਘਾਯੋਗ ਯੰਤਰ ਵਜੋਂ ਵਰਤਣ ਲਈ ਜ਼ਰੂਰੀ ਕਦਮ ਦੱਸਿਆ। ਉਨ੍ਹਾਂ ਦੱਸਿਆ ਕਿ ਇਹ ਟਰੇਨਿੰਗਾਂ ਅਧਿਕਾਰੀਆਂ ਦੀਆਂ ਦਫ਼ਤਰੀ ਅਤੇ ਲੋਕਰਾਜੀ ਜ਼ਰੂਰਤਾਂ ਨੁੰ ਧਿਆਨ ਵਿੱਚ ਰੱਖਦੇ ਹੋਏ, ਉਨ੍ਹਾਂ ਦੀ ਕੰਮਕਾਜ ਵਿੱਚ ਕਾਰਜਕੁਸ਼ਲਤਾ ਵਧਾਉਣ ਅਤੇ ਵਿਵਸਥਾ ਵਿੱਚ ਪਾਰਦਰਸ਼ਤਾ ਲਿਆਉਣ ਲਈ ਜ਼ਰੂਰੀ ਹਨ। ਉਨ੍ਹਾਂ ਨੇ ਸਰਕਾਰੀ ਅਧਿਕਾਰੀਆਂਨੁੰੰ ਦਫ਼ਤਰੀ ਕੰਮ-ਕਾਜ ਕਰਦੇ ਸਮੇਂ ਨੈਤਿਕ ਕਦਰਾਂ ਕੀਮਤਾਂ ਨੂੰ ਅਪਨਾਉਣ ਅਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਲੋੜ ਤੇ ਜ਼ੋਰ ਦਿੱਤਾ। ਪ੍ਰਸ਼ਾਸ਼ਨਿਕ ਅਤੇ ਸਮਾਜਿਕ ਤੰਤਰ ਵਿੱਚ ਆਈਆਂ ਨੈਤਿਕ ਕਦਰਾਂ ਕੀਮਤਾਂ ਦੀਆਂ ਘਾਟਾਂ ਪ੍ਰਤੀ ਉਨ੍ਹਾਂ ਨੇ ਅਫ਼ਸਰਾਂ ਨੂੰ ਸੁਧਾਰਕ ਪ੍ਰਵਿਰਤੀ ਅਪਨਾਉਣ ਲਈ ਪ੍ਰੇਰਿਆ।
ਵਰਕਸ਼ਾਪ ਦੇ ਪਹਿਲੇ ਅਤੇ ਦੂਸਰੇ ਸੈਸ਼ਨ ਵਿੱਚ ਸ੍ਰੀ ਜਸਵੰਤ ਸਿੰਘ ਸੈਣੀ ਰਿਸੋਰਸ ਪਰਸਨ ਵੱਲੋਂ ਮੋਟੀਵੇਸ਼ਨ ਅਤੇ ਐਥਿਕਸ ਐਂਡ ਵੈਲਿਊਜ਼ ਇਨ ਗੁਡ ਗਵਰਨੈਸ ਸਬੰਧੀ ਪ੍ਰੁਜੈਕਟਰ ਤੇ ਸਲਾਈਡਜ਼ ਦੀ ਸਹਾਇਤਾ ਨਾਲ ਭਰਪੂਰ ਜਾਣਕਾਰੀ ਦਿੱਤੀ ਗਈ ਅਤੇ ਅਧਿਕਾਰੀਆਂ ਵੱਲੋਂ ਪੁਛੇ ਗਏ ਸਵਾਲਾਂ ਦੇ ਜਵਾਬ ਤਸੱਲੀਬਖਸ਼ ਢੰਗ ਨਾਲ ਦਿੰਦੇ ਹੋਏ ਉਨ੍ਹਾਂ ਦੇ ਸ਼ੱਕ ਸੂਬੇ ਦੂਰ ਕੀਤੇ। ਵਰਕਸ਼ਾਪ ਦੇ ਤੀਸਰੇ ਅਤੇ ਚੌਥੇ ਸੈਸ਼ਨ ਵਿੱਚ ਸ੍ਰੀਮਤੀ ਸੰਗੀਤਾ ਸ਼ੋਨਿਕ ਰਿਸੋਰਸ ਪਰਸਨ ਵੱਲੋਂ ਸਟਰੈਸ ਮੈਨੇਜਮੈਂਟ ਅਤੇ ਟੀਮ ਮੈਨੇਜਮੈਂਟ ਸਬੰਧੀ ਪ੍ਰੋਜੈਕਟਰ ਤੇ ਸਲਾਈਡਜ਼ ਦੀ ਸਹਾਇਤਾ ਨਾਲ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਵਰਕਸ਼ਾਪ ਵਿੱਚ ਸ੍ਰੀ ਪ੍ਰੇਮ ਸਿੰਘ ਕਾਹਲੋਂ ਸਹਾਇਕ ਪ੍ਰੋਗਰਾਮ ਕੋਆਰਡੀਨੇਟਰ ਮਗਸੀਪਾ ਜ਼ਿਲ੍ਹਾ ਸੈਂਟਰ ਹੁਸ਼ਿਆਰਪੁਰ ਵੀ ਹਾਜ਼ਰ ਸਨ।