– ‘ਆਧੁਨਿਕ ਭਾਰਤ ਦੀ ਨੀਂਹ ਰੱਖਣ ‘ਚ ਪੰਡਿਤ ਨਹਿਰੂ ਦਾ ਖਾਸ ਯੋਗਦਾਨ’
– 122ਵੇਂ ਜਨਮ ਦਿਵਸ ਦੇ ਸਬੰਧ ‘ਚ ਨਹਿਰੂ ਸਿਧਾਂਤ ਕੇਂਦਰ ਟਰੱਸਟ ਵੱਲੋਂ ਸਮਾਗਮ
– ਡਾ. ਅਬਰਾਹਿਮ ਅਤੇ ਏ. ਬਾਲਾਕ੍ਰਿਸ਼ਨਨ ਨੂੰ ਸੱਤ ਪਾਲ ਮਿੱਤਲ ਕੌਮੀ ਐਵਾਰਡ
ਲੁਧਿਆਣਾ – ਪੰਜਾਬ ਦੇ ਰਾਜਪਾਲ ਸ੍ਰੀ ਸ਼ਿਵਰਾਜ ਵੀ. ਪਾਟਿਲ ਨੇ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਇਕ ਬਹੁਪੱਖੀ ਸ਼ਖਸੀਅਤ ਦੱਸਦਿਆਂ ਉਨ੍ਹਾਂ ਦੇ ਸਿਧਾਂਤਾਂ ਨੂੰ ਮੌਜੂਦਾ ਸਮੇਂ ਵਿਚ ਵੀ ਓਨੇ ਹੀ ਸਾਰਥਕ ਦੱਸਿਆ ਜਿੰਨਾ ਕਿ ਕਈ ਸਾਲ ਪਹਿਲਾਂ ਸਨ। ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪੰਡਿਤ ਨਹਿਰੂ ਦੇ ਸਿਧਾਂਤਾਂ ਦੀ ਸਾਰਥਕਤਾ ਨੂੰ ਦੇਖਦਿਆਂ ਮੌਜੂਦਾ ਨੌਜਵਾਨ ਪੀੜ੍ਹੀ ‘ਚ ਉਨ੍ਹਾਂ ਦੇ ਸਿਧਾਂਤਾਂ ਦਾ ਪ੍ਰਚਾਰ-ਪ੍ਰਸਾਰ ਕਰਨਾ ਬਹੁਤ ਜ਼ਰੂਰੀ ਹੈ। ਸਥਾਨਕ ਨਹਿਰੂ ਸਿਧਾਂਤ ਕੇਂਦਰ ਵਿਖੇ ਨਹਿਰੂ ਸਿਧਾਂਤ ਕੇਂਦਰ ਟਰੱਸਟ ਵੱਲੋਂ ਪੰਡਿਤ ਨਹਿਰੂ ਦੇ 122ਵੇਂ ਜਨਮ ਦਿਵਸ ਦੇ ਸਬੰਧ ‘ਚ ਕਰਵਾਏ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਸ੍ਰੀ ਪਾਟਿਲ ਨੇ ਕਿਹਾ ਕਿ ਪੰਡਿਤ ਜਵਾਹਰ ਲਾਲ ਨਹਿਰੂ ਦੇ ਸਿਧਾਂਤ ਸਿਰਫ ਭਾਰਤ ਲਈ ਹੀ ਨਹੀਂ ਬਲਕਿ ਪੂਰੇ ਸੰਸਾਰ ਲਈ ਉਪਯੁਕਤ ਸਿੱਧ ਹੋਏ ਹਨ।
ਉਨ੍ਹਾਂ ਕਿਹਾ ਕਿ ਪੰਡਿਤ ਨਹਿਰੂ ਦੇ ਵਿਚਾਰਾਂ/ਸਿਧਾਂਤਾਂ ਕਰਕੇ ਹੀ ਆਧੁਨਿਕ ਭਾਰਤ ਦੀ ਨੀਂਹ ਰੱਖੀ ਗਈ। ਸ੍ਰੀ ਪਾਟਿਲ ਨੇ ਪੰਡਿਤ ਨਹਿਰੂ ਦੀ ਸ਼ਖਸੀਅਤ ਬਾਰੇ ਬੋਲਦਿਆਂ ਕਿਹਾ ਕਿ ਪੰਡਿਤ ਨਹਿਰੂ ਜਿੱਥੇ ਸਾਇੰਸ ਅਤੇ ਤਕਨਾਲੋਜੀ ਨੂੰ ਉਤਸ਼ਾਹਿਤ ਕਰਦੇ ਸਨ ਉੱਥੇ ਹੀ ਉਨ੍ਹਾਂ ਦਾ ਅਧਿਆਤਮਿਕ ਗਿਆਨ ਵੀ ਲਾਜਵਾਬ ਸੀ। ਉਨ੍ਹਾਂ ਕਿਹਾ ਕਿ ਪੰਡਿਤ ਨਹਿਰੂ ਦੀ ਦੂਰਅੰਦੇਸ਼ੀ ਸੋਚ, ਸਾਇੰਸ ਤੇ ਤਕਨਾਲੋਜੀ ਦੀ ਤਰੱਕੀ ਸਦਕਾ ਹੀ ਅੱਜ ਭਾਰਤ ‘ਚ ਖੇਤੀ ਅਤੇ ਉਦਯੋਗਿਕ ਖੇਤਰ ‘ਚ ਵਿਕਾਸ ਸੰਭਵ ਹੋਇਆ ਹੈ। ਉਨ੍ਹਾਂ ਕਿਹਾ ਕਿ ਮਿਸ਼ਰਿਤ ਆਰਥਿਕਤਾ ਦਾ ਸਿਧਾਂਤ ਵੀ ਪੰਡਿਤ ਨਹਿਰੂ ਦੀ ਹੀ ਦੇਣ ਸੀ ਜਿਸ ਅਨੁਸਾਰ ਸਰਕਾਰ ਨੂੰ ਕੁਝ ਮਸਲਿਆਂ ‘ਤੇ ਪ੍ਰਤੀਬੰਧ ਲਗਾਏ ਜਾਣੇ ਚਾਹੀਦੇ ਹਨ ਅਤੇ ਕਈ ਮੁੱਦਿਆਂ ‘ਤੇ ਸੁਤੰਤਰਤਾ ਦੇਣੀ ਚਾਹੀਦੀ ਹੈ। ਸ੍ਰੀ ਪਾਟਿਲ ਨੇ ਕਿਹਾ ਕਿ ਪੰਡਿਤ ਨਹਿਰੂ ਦਾ ਇਹ ਸਿਧਾਂਤ ਅੱਜ ਰੂਸ ਅਤੇ ਯੂਰਪੀ ਦੇਸ਼ ਵੀ ਅਪਣਾ ਰਹੇ ਹਨ।
ਇਸ ਮੌਕੇ ਸ੍ਰੀ ਪਾਟਿਲ ਨੇ ਮਨੁੱਖਤਾ ਦੀ ਸੇਵਾ ਲਈ ਦੋ ਸ਼ਖਸੀਅਤਾਂ ਨੂੰ ਸੱਤ ਪਾਲ ਮਿੱਤਲ ਕੌਮੀ ਐਵਾਰਡ 2011 ਵੀ ਪ੍ਰਦਾਨ ਕੀਤੇ। ਪਹਿਲਾ ਐਵਾਰਡ ਸੀਐਮਸੀ ਲੁਧਿਆਣਾ ਦੇ ਡਾਇਰੈਕਟਰ ਡਾ. ਅਬਰਾਹਿਮ ਜੀ. ਥਾਮਸ ਅਤੇ ਦੂਜਾ ਐਵਾਰਡ ਵਿਵੇਕਾਨੰਦ ਰੌਕ ਮੈਮੋਰੀਅਲ ਕੇਂਦਰ, ਕੰਨਿਆਕੁਮਾਰੀ ਦੇ ਉਪ-ਪ੍ਰਧਾਨ ਸ੍ਰੀ ਏ. ਬਾਲਾਕ੍ਰਿਸ਼ਨਨ ਨੂੰ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਨਹਿਰੂ ਸਿਧਾਂਤ ਕੇਂਦਰ ਟਰੱਸਟ ਵੱਲੋਂ ਕੀਤੇ ਜਾ ਰਹੇ ਚੰਗੇ ਕਾਰਜਾਂ ਦੀ ਵੀ ਪ੍ਰਸੰਸਾ ਕੀਤੀ ਅਤੇ ਮਰਹੂਮ ਸੱਤ ਪਾਲ ਮਿੱਤਲ ਨਾਲ ਆਪਣੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ। ਉਨ੍ਹਾਂ ਟਰੱਸਟ ਨੂੰ ਸੁਝਾਅ ਦਿੱਤਾ ਕਿ ਆਉਣ ਵਾਲੇ ਸਮੇਂ ‘ਚ ਪੰਡਿਤ ਨਹਿਰੂ ਦੇ ਆਰਥਿਕ, ਵਿਗਿਆਨਕ, ਸੰਸਕ੍ਰਿਤਿਕ, ਅਧਿਆਤਮਕ, ਜਾਗ੍ਰਿਤ ਦ੍ਰਿਸ਼ਟੀਕੋਣ ਅਤੇ ਧਾਰਮਿਕ ਦ੍ਰਿਸ਼ਟੀਕੋਣ ਬਾਰੇ ਵਿਚਾਰ-ਚਰਚਾ ਦਾ ਪ੍ਰਬੰਧ ਕੀਤਾ ਜਾਵੇ।
ਇਸ ਤੋਂ ਪਹਿਲਾਂ ਸ੍ਰੀ ਪਾਟਿਲ ਨੇ ਲਾਢੂਵਾਲ ਵਿਖੇ ਫੀਲਡ ਫਰੈਸ਼ ਫੂਡਜ਼ ਪ੍ਰਾਈਵੇਟ ਲਿਮਿਟਡ ਦਾ ਦੌਰਾ ਕੀਤਾ ਅਤੇ ਕਿਸਾਨਾਂ ਨਾਲ ਵੀ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਸਾਡੇ ਕਿਸਾਨਾਂ ਕੋਲ ਜਾਣਕਾਰੀ, ਪੇਸ਼ੇਵਰ ਸਮਰੱਥਾ, ਤਾਕਤ ਅਤੇ ਮਾਹਿਰਤਾ ਹੈ ਜੋ ਸਾਨੂੰ ਖੇਤੀ ਖੇਤਰ ‘ਚ ਵਧੀਆਂ ਨਤੀਜੇ ਪ੍ਰਾਪਤ ਕਰਨ ‘ਚ ਸਹਾਈ ਸਿੱਧ ਹੋ ਸਕਦੀ ਹੈ। ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕਿਸਾਨਾਂ ਨੂੰ ਆਧੁਨਿਕ ਤਕਨੀਕਾਂ, ਉੱਨਤ ਬੀਜਾਂ ਅਤੇ ਖੇਤੀ ਲਾਗਤਾਂ ਘੱਟ ਕਰਨ ‘ਚ ਸਿੱਖਿਅਤ ਕਰਨ ਲਈ ਦੇਸ਼ ਦੇ ਖੇਤੀ ਵਿਗਿਆਨੀਆਂ ਤੇ ਮਾਹਿਰਾਂ ਨੂੰ ਪਹਿਲ ਕਰਨੀ ਚਾਹੀਦੀ ਹੈ ਤਾਂ ਜੋ ਘੱਟ ਮੁੱਲ ‘ਤੇ ਜ਼ਿਆਦਾ ਤੋਂ ਜ਼ਿਆਦਾ ਉਤਪਾਦਨ ਲਿਆ ਜਾ ਸਕੇ।
ਇਸ ਮੌਕੇ ਉਨ੍ਹਾਂ ਸਾਰੇ ਸੈਂਟਰ ਦਾ ਦੌਰਾ ਕੀਤਾ ਅਤੇ ਸ੍ਰੀ ਰਾਕੇਸ਼ ਭਾਰਤੀ ਮਿੱਤਲ ਨੇ ਉਨ੍ਹਾਂ ਨੂੰ ਸੈਂਟਰ ਦੀ ਕਾਰਗੁਜ਼ਾਰੀ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਉਨ੍ਹਾਂ ਇਸ ਗੱਲ ‘ਤੇ ਖੁਸ਼ੀ ਪ੍ਰਗਟਾਈ ਕਿ ਖੇਤੀ ਖੇਤਰ ‘ਚ ਆਪਣੀ ਤਰ੍ਹਾਂ ਦੇ ਇਸ ਵਿਲੱਖਣ ਸੈਂਟਰ ਦੀਆਂ ਸੇਵਾਵਾਂ ਰਾਹੀਂ ਕੈਮੀਕਲਾਂ, ਹਾਨੀਕਾਰਕ ਖਾਦਾਂ ਅਤੇ ਦਵਾਈਆਂ ਰਹਿਤ ਫਸਲਾਂ ਦੀ ਪੈਦਾਵਾਰ ਰਾਹੀਂ ਜਿੱਥੇ ਭੂਮੀ ਦੀ ਸਿਹਤ ਸੁਧਰਦੀ ਹੈ ਉੱਥੇ ਹੀ ਖੇਤੀ ਲਾਗਤਾਂ ‘ਚ ਵੀ ਕਮੀ ਆਉਂਦੀ ਹੈ। ਉਨ੍ਹਾਂ ਸੈਂਟਰ ਵਿਖੇ ਖੋਲ੍ਹੇ ਸਤਿਆ ਭਾਰਤੀ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨਾਲ ਵੀ ਮੁਲਾਕਾਤ ਕੀਤੀ।
ਬਾਅਦ ਵਿਚ ਸ੍ਰੀ ਸ਼ਿਵਰਾਜ ਵੀ. ਪਾਟਿਲ ਨੇ ਦੁੱਗਰੀ ਸਥਿਤ ਸੱਤ ਪਾਲ ਮਿੱਤਲ ਸਕੂਲ ਦਾ ਦੌਰਾ ਵੀ ਕੀਤਾ ਅਤੇ ਵਿਦਿਆਰਥੀਆਂ ਨਾਲ ਖੁੱਲ੍ਹ ਕੇ ਗੱਲਾਬਾਤਾਂ ਕੀਤੀਆਂ। ਉਨ੍ਹਾਂ ਇਸ ਗੱਲ ਲਈ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਕਿ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਲਈ ਸਕੂਲ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਕਾਬਿਲੇ ਤਾਰੀਫ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਰਾਕੇਸ਼ ਭਾਰਤੀ ਮਿੱਤਲ, ਡਾ. ਡੀ.ਬੀ. ਸ਼ਰਮਾ, ਸ੍ਰੀ ਦੀਪਕ ਪਾਂਡੇ, ਸ੍ਰੀ ਪ੍ਰਵੀਨ ਸਿਆਲ, ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਤਿਵਾੜੀ, ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਪ੍ਰਦੀਪ ਅਗਰਵਾਲ, ਡਿਪਟੀ ਕਮਿਸ਼ਨਰ ਆਫ ਪੁਲਿਸ ਸ੍ਰੀ ਆਸ਼ੀਸ਼ ਚੌਧਰੀ ਸਮੇਤ ਸ਼ਹਿਰ ਦੀਆਂ ਨਾਮੀਂ ਸ਼ਖਸੀਅਤਾਂ ਹਾਜ਼ਰ ਸਨ।