ਪੰਜਾਬ ਦੇ ਸਾਰੇ ਸਕੂਲਾਂ ਦੇ ਵਿਦਿਆਰਥੀ 12 ਨਵੰਬਰ ਤੋਂ ਰੋਜ਼ਾਨਾ
ਪਟਿਆਲਾ – ਪੰਜਾਬ ਦੇ ਸਿੱਖਿਆ ਮੰਤਰੀ ਸ. ਸੇਵਾ ਸਿੰਘ ਸੇਖਵਾਂ ਨੇ ਅੱਜ ਪਟਿਆਲਾ ਵਿਖੇ ‘ਸਿੱਖਿਆ ਦਾ ਅਧਿਕਾਰ ਕਾਨੂੰਨ’ ਨੂੰ ਲਾਗੂ ਕਰਨ ਦੀ ਰਾਜ ਪੱਧਰੀ ਮੁਹਿੰਮ ਦਾ ਉਦਘਾਟਨ ਕਰਨ ਮੌਕੇ ਇਹ ਐਲਾਨ ਕੀਤਾ ਕਿ 12 ਨਵੰਬਰ ਤੋਂ ਰਾਜ ਦੇ ਸਾਰੇ ਸਕੂਲਾਂ ਵਿੱਚ ਸਵੇਰ ਦੇ ਸਮੇਂ ਹੋਣ ਵਾਲੇ ਪ੍ਰਾਰਥਨਾ ਸੈਸ਼ਨ ਦੌਰਾਨ ਵਿਦਿਆਰਥੀਆਂ ਨੂੰ ਇੱਕ ਚੰਗਾ ਨਾਗਰਿਕ ਬਣਾਉਣ ਲਈ ਰੋਜ਼ਾਨਾ ਸਹੁੰ ਚੁਕਾਈ ਜਾਵੇਗੀ । ਸ. ਸੇਖਵਾਂ ਨੇ ਕਿਹਾ ਕਿ ਇਹ ਹਦਾਇਤ ਰਾਜ ਦੇ ਸਾਰੇ ਸਰਕਾਰੀ, ਪ੍ਰਾਈਵੇਟ, ਮਾਨਤਾ ਪ੍ਰਾਪਤ ਅਤੇ ਐਸੋਸੀਏਟਡ ਸਕੂਲਾਂ ‘ਤੇ ਲਾਗੂ ਹੋਵੇਗੀ । ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਿੱਖਿਆ ਪ੍ਰਣਾਲੀ ਚੰਗੇ ਡਾਕਟਰ, ਇੰਜੀਨੀਅਰ ਅਤੇ ਹੋਰ ਉੱਚ ਅਧਿਕਾਰੀ ਤਾਂ ਪੈਦਾ ਕਰ ਸਕਦੀ ਹੈ ਪਰ ਚੰਗੇ ਇਨਸਾਨ ਪੈਦਾ ਕਰਨ ਲਈ ਨੈਤਿਕ ਸਿੱਖਿਆ ਦੀ ਬਹੁਤ ਲੋੜ ਹੈ ।
ਸ. ਸੇਖਵਾਂ ਨੇ ਸਮਾਗਮ ਵਿੱਚ ਮੌਜੂਦ ਸਾਰੇ ਵਿਦਿਆਰਥੀਆਂ ਅਤੇ ਅਧਿਕਾਰੀਆਂ ਨੂੰ ਵੀ ਇਹ ਸਹੁੰ ਚੁਕਾਈ ਜੋ ਇਸ ਤਰ੍ਹਾਂ ਹੈ : ” ਮੈਂ ਪ੍ਰਮਾਤਮਾ ਨੂੰ ਹਾਜ਼ਰ-ਨਾਜ਼ਰ ਜਾਣ ਕੇ, ਭਾਰਤ ਮਾਤਾ ਅਤੇ ਸਾਰੇ ਦੇਸ਼ ਭਗਤ ਸ਼ਹੀਦਾਂ ਦੀ ਕਸਮ ਖਾ ਕੇ, ਆਪਣੇ ਗੁਰੂਆਂ-ਪੀਰਾਂ ਨੂੰ ਇਹ ਵਚਨ ਦਿੰਦਾ ਹਾਂ ਕਿ ਮੈਂ ਕਦੇ ਵੀ ਝੂਠ ਨਹੀਂ ਬੋਲਾਂਗਾ, ਬੇਇਮਾਨੀ ਨਹੀਂ ਕਰਾਂਗਾ, ਕਿਸੇ ਦਾ ਹੱਕ ਨਹੀਂ ਮਾਰਾਂਗਾ, ਰਿਸ਼ਵਤ ਨਹੀਂ ਲਵਾਂਗਾ, ਇਮਾਨਦਾਰੀ ਨਾਲ ਆਪਣੀ ਹਰ ਜ਼ਿੰਮੇਵਾਰੀ ਨਿਭਾਉਂਦੇ ਹੋਏ ਆਪਣੇ ਦੇਸ਼ ਦੀ ਸੇਵਾ ਕਰਾਂਗਾ । ਆਪਣੇ ਆਲੇ-ਦੁਆਲੇ ਰਿਸ਼ਵਤਖੋਰੀ, ਬੇਈਮਾਨੀ, ਧੋਖੇਬਾਜ਼ੀ, ਨਸ਼ਾਖੋਰੀ ਜਾਂ ਕਿਸੇ ਵੀ ਤਰ੍ਹਾਂ ਦਾ ਗੈਰ-ਕਾਨੂੰਨੀ ਕੰਮ ਕਰਨ ਵਾਲੇ ਹਰ ਇਨਸਾਨ ਦਾ ਲੋੜ ਅਤੇ ਸਮੇਂ ਮੁਤਾਬਿਕ ਢੁਕਵੇਂ ਤਰੀਕੇ ਨਾਲ ਵਿਰੋਧ ਜਾਂ ਤਿਆਗ ਕਰਾਂਗਾ । ਜੇਕਰ ਕਦੀ ਵੀ ਮੈਂ ਆਪਣਾ ਇਹ ਵਚਨ ਤੋੜਦਾ ਹਾਂ ਤਾਂ ਮੈਂ ਰੱਬ, ਦੇਸ਼ ਅਤੇ ਕੌਮ ਦਾ ਦੋਸ਼ੀ ਹੋਵਾਂਗਾ ਅਤੇ ਰੱਬ ਦੀ ਰਜ਼ਾ ਅਨੁਸਾਰ ਇਸ ਗੁਨਾਹ ਲਈ, ਹਰ ਢੁਕਵੀਂ ਸਜ਼ਾ ਦਾ ਹੱਕਦਾਰ ਹੋਵਾਂਗਾ । ਮੈਂ ਪਰਮ ਪਿਤਾ ਪਰਮੇਸ਼ਵਰ ਅੱਗੇ ਬੇਨਤੀ ਕਰਦਾ ਹਾਂ ਕਿ ਉਹ ਸਦਾ ਲਈ ਮੈਨੂੰ ਆਪਣੇ ਇਸ ਵਚਨ ਤੇ ਕਸਮ ‘ਤੇ ਕਾਇਮ ਰਹਿਣ ਦੀ ਸੋਝੀ ਅਤੇ ਸਮਰੱਥਾ ਬਖਸ਼ਣ । ” ਸ. ਸੇਖਵਾਂ ਨੇ ਦੱਸਿਆ ਕਿ ਬੱਚਿਆਂ ਵਿੱਚ ਮਿਆਰੀ ਗੁਣ ਪੈਦਾ ਕਰਕੇ ਉਨ੍ਹਾਂ ਨੂੰ ਦੇਸ਼ ਦੇ ਚੰਗੇ ਨਾਗਰਿਕ ਬਣਾਉਣ ਲਈ 12 ਨਵੰਬਰ ਤੋਂ ਰਾਜ ਦੇ ਸਾਰੇ ਸਕੂਲਾਂ ਵਿੱਚ ਸਵੇਰ ਦੀ ਪ੍ਰਾਰਥਨਾ ਮੌਕੇ ਇਹ ਸਹੁੰ ਚੁਕਾਉਣੀ ਲਾਜ਼ਮੀ ਹੋਵੇਗੀ ।