November 13, 2011 admin

ਆਪਣੇ ਧਰਮ ਵਿਚ ਪਰਪੱਕ ਹੋ ਕੇ ਦੂਜੇ ਧਰਮਾਂ ਦਾ ਸਤਿਕਾਰ ਕਰਨ ਵਾਲਾ ਹੀ ਇਕ ਆਦਰਸ਼ ਮਾਨਵ – ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ

ਆਰਥਿਕਤਾ ਨੂੰ ਧਿਆਨ ਵਿਚ ਰਖਦਿਆਂ ਵਿਸ਼ਵ-ਸਾਂਤੀ ‘ਤੇ ਧਿਆਨ ਕੇਂਦਰਿਤ ਕਰਨ ਦੀ ਲੋੜ – ਸੁਖਬੀਰ ਸਿੰਘ ਬਾਦਲ
ਅੰਮ੍ਰਿਤਸਰ – ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ”ਵਿਸ਼ਵ ਸ਼ਾਂਤੀ ਲਈ ਸਿੱਖ-ਈਸਾਈ ਸੰਵਾਦ” ਵਿਸ਼ੇ ‘ਤੇ ਇਕ ਰੋਜ਼ਾ ਸੈਮੀਨਾਰ ਅੱਜ ਇਥੇ ਯੂਨੀਵਰਸਿਟੀ ਦੇ ਗੁਰੂ ਨਾਨਕ ਭਵਨ ਦੇ ਕਾਨਫਰੰਸ ਹਾਲ ਵਿਚ ਕਰਵਾਇਆ ਗਿਆ। ਇਹ ਭਾਸ਼ਣ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਵੱਲੋਂ ਕਰਵਾਇਆ ਗਿਆ।
ਪੰਜਾਬ ਦੇ ਉਪ ਮੁੱਖ-ਮੰਤਰੀ, ਸ੍ਰ. ਸੁਖਬੀਰ ਸਿੰਘ ਬਾਦਲ ਇਸ ਮੌਕੇ ਮੁੱਖ ਮਹਿਮਾਨ ਸਨ। ਇਸ ਮੌਕੇ ਉਨ੍ਹਾਂ ਨਾਲ ਮੈਬਰ ਪਾਰਲੀਮੈਂਟ, ਸ੍ਰੀ ਨਵਜੋਤ ਸਿੰਘ ਸਿੱਧੂ ਵੀ ਮੌਜੂਦ ਸਨ।
ਸੈਮੀਨਾਰ ਦਾ ਉਦਘਾਟਨ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ, ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਕੀਤਾ ਜਦੋਂਕਿ ਰੋਮ ਤੋਂ ਹਿਜ਼ ਐਮੀਨੈਂਸ ਕਾਰਡੀਨਲ ਜੌਂ ਮੈਰੀ ਤੌਰਨ ਨੇ ਸੈਮੀਨਾਰ ਦੀ ਪ੍ਰਧਾਨਗੀ ਕੀਤੀ। ਵਾਈਸ-ਚਾਂਸਲਰ, ਪ੍ਰੋਫੈਸਰ ਅਜਾਇਬ ਸਿੰਘ ਬਰਾੜ ਨੇ ਮਹਿਮਾਨਾਂ ਅਤੇ ਹੋਰ ਪਤਵੰਤਿਆਂ ਦਾ ਸਵਾਗਤ ਕੀਤਾ। ਡਾ. ਬਲਵੰਤ ਸਿੰਘ ਢਿੱਲੋਂ ਨੇ ਇਤਿਹਾਸਕ ਪਰਿਪੇਖ ਵਿਚ ਸਿੱਖ ਈਸਾਈ ਸੰਵਾਦ ‘ਤੇ ਚਰਚਾ ਕੀਤੀ।
ਸ੍ਰ. ਸੁਖਬੀਰ ਸਿੰਘ ਬਾਦਲ ਨੇ ਇਸ ਮੌਕੇ ਰੋਮ ਤੋਂ ਆਏ ਅਤੇ ਹੋਰ ਪਤਵੰਤਿਆਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਅੱਜ ਵਿਸ਼ਵ ਵਿਚ ਆਰਥਿਕਤਾ ਦੀ ਦੌੜ ਲੱਗੀ ਹੋਈ ਹੈ ਜਦੋਂਕਿ ਸਾਨੂੰ ਆਰਥਿਕਤਾ ਨੂੰ ਧਿਆਨ ਵਿਚ ਰਖਦਿਆਂ ਵਿਸ਼ਵ-ਸਾਂਤੀ ‘ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਉਨਾਂ੍ਹ ਕਿਹਾ ਕਿ ਅੱਜ ਸੰਸਾਰ ਵਿਚ ਜੋ ਮੁੱਖ ਮੁੱਦਾ ਹੈ ਉਹ ਵਿਸ਼ਵ-ਸ਼ਾਂਤੀ ਦਾ ਹੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਗੁਰੂ ਸਾਹਿਬਾਨਾਂ ਦੀ ਧਰਤੀ ਹੈ ਅਤੇ ਗੁਰੂ ਸਾਹਿਬਾਨਾਂ ਨੇ ਸਾਨੂੰ ਸ਼ਾਂਤੀ ਦਾ ਹੀ ਉਪਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਇਕ ਪ੍ਰਮਾਤਮਾ ਦੀ ਸੰਤਾਨ ਹਾਂ ਅਤੇ ਸਾਰੇ ਧਰਮ ਬਰਾਬਰ ਦੀ ਮਹਾਨਤਾ ਰੱਖਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਹਰ ਧਰਮ ਦੇ ਇਨਸਾਨ ਰਹਿੰਦੇ ਹਨ, ਸਾਰੇ ਰਲ-ਮਿਲ ਕੇ ਤਿਉਹਾਰ ਮਨਾਉਂਦੇ ਹਨ ਅਤੇ ਕਿਸੇ ਕੌਮ ਵਿਚ ਕੋਈ ਟਕਰਾਅ ਨਹੀਂ ਹੈ। ਉਨ੍ਹਾਂ ਕਿਹਾ ਕਿ ਈਸਾਈ ਪੰਜਾਬ ਵਿਚ ਘੱਟ ਗਿਣਤੀ ਵਿਚ ਹਨ ਅਤੇ ਪੰਜਾਬ ਸਰਕਾਰ ਉਨ੍ਹਾਂ ਪ੍ਰਤੀ ਹਮੇਸ਼ਾ ਹੀ ਸੁਹਿਰਦ ਰਹੀ ਹੈ। ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਨੇ ਵਿਸ਼ਵ-ਭਾਈਚਾਰੇ ਨੂੰ ਸੁੱਖ-ਸ਼ਾਂਤੀ ਦਾ ਜੀਵਨ ਬਿਤਾਉਣ ਦਾ ਸੁਨੇਹਾ ਦਿੰਦਿਆਂ ਆਖਿਆ ਕਿ ਅੱਜ ਕੱਟੜਵਾਦ, ਜਬਰ-ਜੁਲਮ ਅਤੇ ਜੰਗਾਂ-ਯੁੱਧਾਂ ਦਾ ਸਮਾਂ ਖਤਮ ਹੋ ਗਿਆ ਹੈ ਅਤੇ ਮਨੁੱਖ ਇਕ ਚੰਗਾ ਜੀਵਨ ਸ਼ਾਂਤਮਈ ਵਾਤਾਵਰਣ ਵਿਚ ਹੀ ਜੀਅ ਸਕਦਾ ਹੈ। ਉਨਾਂ੍ਹ ਕਿਹਾ ਕਿ ਕੌਮਾਂ ਤੇ ਦੇਸ਼ ਜੋ ਮਾਰੂ ਹਥਿਆਰਾਂ ‘ਤੇ ਪੈਸਾ ਖਰਚ ਕਰ ਰਹੇ ਹਨ, ਉਨ੍ਹਾਂ ਦਾ ਇਹ ਕਦਮ ਪਿਆਰ ਅਤੇ ਮੁਹੱਬਤ ਦੇ ਰਿਸ਼ਤਿਆਂ ‘ਤੇ ਕਰਾਰੀ ਸੱਟ ਹੈ। ਉਨ੍ਹਾਂ ਕਿਹਾ ਕਿ ਅੱਜ ਸਾਡਾ ਧਾਰਮਿਕ ਅਤੇ ਇਖਲਾਕੀ ਫਰਜ ਵਿਸ਼ਵ ਸ਼ਾਂਤੀ ਪ੍ਰਤੀ ਯਤਨਸ਼ੀਲ ਹੋਣਾ ਹੈ।
ਉਨਾਂ੍ਹ ਕਿਹਾ ਕਿ ਸਿੱਖ ਧਰਮ ਸ਼ਾਂਤੀ ਦੀ ਬੁਨਿਆਦ ਉਪਰ ਉਸਰਿਆ ਹੈ ਕਿਉਂਕਿ ਉਹ ਵਿਸ਼ਵ ਦੇ ਹਰ ਜੀਅ ਨੂੰ ਪ੍ਰਮਾਤਮਾ ਦੀ ਸੰਤਾਨ ਸਮਝਦਾ ਹੈ। ਉਨਾਂ੍ਹ ਕਿਹਾ ਕਿ ਨੇਕੀ, ਈਮਾਨਦਾਰੀ, ਸੇਵਾ ਤੇ ਪਰਉਪਕਾਰ ਦੀਆਂ ਕਦਰਾਂ-ਕੀਮਤਾਂ ਨੂੰ ਵਿਸ਼ਵ-ਵਿਆਪੀ ਬਣਾਉਣ ਲਈ ਸਿੱਖ ਧਰਮ ਨੇ ਅਹਿਮ ਭੂਮਿਕਾ ਨਿਭਾਈ ਹੈ। ਉਨਾਂ੍ਹ ਕਿਹਾ ਕਿ ਸਿੱਖ ਧਰਮ ਹਰ ਯੁਗ ਵਿਚ ਤੇ ਹਰ ਖੇਤਰ ਵਿਚ ਵਿਸ਼ਵ-ਸ਼ਾਂਤੀ ਦਾ ਸੰਦੇਸ਼ ਹੀ ਫੈਲਾਅ ਰਿਹਾ ਹੈ ਅਤੇ ਅੱਜ ਵੀ ਵਿਸ਼ਵ-ਸ਼ਾਂਤੀ ਲਈ ਅੰਤਰ-ਧਰਮ ਸੰਵਾਦ ਰਚਾਉਣ ਵਾਸਤੇ ਸਿੱਖ ਪੰਥ ਦੇ ਦਰ ਹਮੇਸ਼ਾ ਖੁੱਲ਼੍ਹੇ ਹਨ।  ਗਿਆਨੀ ਜੋਗਿੰਦਰ ਸਿੰਘ ਨੇ ਕਿਹਾ ਕਿ ਜੋ ਮਨੁੱਖ ਆਪਣੇ ਧਰਮ ਵਿਚ ਪਰਪੱਕ ਹੁੰਦਾ ਹੋਇਆ ਦੂਜੇ ਧਰਮਾ ਦਾ ਸਤਿਕਾਰ ਕਰਦਾ ਹੈ, ਉਹ ਹੀ ਇਕ ਆਦਰਸ਼ ਮਾਨਵ ਹੈ। ਉਨਾਂ੍ਹ ਕਿਹਾ ਕਿ ਇਤਿਹਾਸ ਤੋਂ ਸਿਖਿਆ ਪ੍ਰਾਪਤ ਕਰਦੇ ਹੋਏ ਅੱਜ ਕੱਟੜਵਾਦੀ ਰਵੱਈਆ ਛੱਡ ਕੇ ਧਾਰਮਿਕ ਸਹਿਹੋਂਦ ਵੱਲ ਕਦਮ ਪੱਟਣ ਦੀ ਲੋੜ ਹੈ। ਪ੍ਰੋ. ਅਜਾਇਬ ਸਿੰਘ ਬਰਾੜ ਨੇ ਅਜੋਕੇ ਸੰਦਰਭ ਵਿਚ ਸਿੱਖ-ਈਸਾਈ ਸੰਬੰਧਾਂ ਦੀ ਚਰਚਾ ਅਤੇ ਵਿਸ਼ਵ ਸ਼ਾਂਤੀ ਲਈ ਦੋਵਾਂ ਧਰਮਾਂ ਵੱਲੋਂ ਨਿਭਾਈ ਜਾ ਰਹੀ ਭੂਮਿਕਾ ਦੀ ਪ੍ਰਸੰਸ਼ਾਂ ਕਰਦਿਆਂ ਕਿਹਾ ਕਿ ਪਿਛਲੇ ਸਮੇਂ ਵਿਚ ਵਿਗਿਆਨ ਅਤੇ ਧਰਮ ਦਾ ਆਪਸ ਵਿਚ ਟਕਰਾਅ ਸੀ ਪਰ ਅਜੋਕੇ ਸੰਦਰਭ ਵਿਚ ਇਹ ਦੋਵੇ ਇਕ ਦੂਜੇ ਦੇ ਨੇੜੇ ਹੋ ਕੇ ਮਾਨਵ ਕਲਿਆਣ ਵਿਚ ਆਪਣੀ ਭੂਮਿਕਾ ਨਿਭਾਅ ਰਹੇ ਹਨ। ਉਨਾਂ੍ਹ ਕਿਹਾ ਕਿ ਸਾਰੇ ਧਾਰਮਿਕ ਨੇਤਾ ਜੇਕਰ ਮਿਲ ਬੈਠਣ ਤਾਂ ਵਿਸ਼ਵ-ਸ਼ਾਂਤੀ ਵਿਚ ਇਹ ਇਕ ਸਾਰਥਕ ਅਗਵਾਈ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਅੰਤਰ-ਧਰਮ ਸੰਵਾਦ ਰਚਾਉਣ ਦੀ ਤਾਂ ਜੋ ਸਾਰੇ ਧਰਮ ਇਕ ਥਾਂ ‘ਤੇ ਮਿਲ ਬੈਠਣ ਤੇ ਵਿਚਾਰ ਕਰ ਸਕਣ। ਉਨਾਂ੍ਹ ਇਸ ਸੈਮੀਨਾਰ ਨੂੰ ਇਸ ਪਾਸੇ ਵੱਲ ਪੁੱਟਿਆ ਸ਼ਲਾਘਾਯੋਗ ਕਦਮ ਦੱਸਦਿਆਂ ਕੇਂਦਰ ਨੂੰ ਵਧਾਈ ਵੀ ਦਿੱਤੀ।
ਡਾ. ਬਲਵੰਤ ਸਿੰਘ ਢਿੱਲੋਂ ਨੇ ਇਤਿਹਾਸਕ ਪਰਿਪੇਖ ਵਿਚ ਸਿੱਖ ਈਸਾਈ ਸੰਵਾਦ ‘ਤੇ ਬੋਲਦਿਆਂ ਆਖਿਆ ਕਿ ਇਤਿਹਾਸਕ ਪਰਿਪੇਖ ਵਿਚ ਈਸਾਈ ਮਿਸ਼ਨਰੀਆਂ ਵੱਲੋਂ ਗੁਰੂ ਸਾਹਿਬਾਨਾਂ ਦੇ ਸੰਦੇਸ਼ ਨੂੰ ਪਹਿਲੀ ਵਾਰ ਅੰਗਰੇਜ਼ੀ ਅਤੇ ਫਰੈਂਚ ਭਾਸ਼ਾਵਾਂ ਵਿਚ ਪਰਸਾਰਿਆ ਗਿਆ। ਉਨਾਂ੍ਹ ਕਿਹਾ ਕਿ ਉਨ੍ਹਾਂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਬਾਰੇ ਮਹੱਤਵਪੂਰਨ ਤੱਥ ਉਜਾਗਰ ਕੀਤੇ। ਉਨ੍ਹਾਂ ਕਿਹਾ ਕਿ ਬਾਈਬਲ ਦਾ ਪੰਜਾਬੀ ਅਨੁਵਾਦ ਵੀ ਇਕ ਸ਼ਲਾਘਾਯੋਗ ਕਦਮ ਹੈ। ਉਨਾਂ੍ਹ ਕਿਹਾ ਕਿ ਵਿਆਕਰਣ ਲਿਖਣਾ, ਇਹ ਵੀ ਉਨ੍ਹਾਂ ਵੱਲੋਂ ਸਿੱਖ ਧਰਮ ਪ੍ਰਤੀ ਨਿਭਾਈ ਗਈ ਵਿਸ਼ੇਸ਼ ਭੂਮਿਕਾ ਹੈ। ਉਨਾਂ੍ਹ ਕਿਹਾ ਕਿ ਇਵੇਂ ਹੀ ਸਿੱਖ ਵਿਦਵਾਨਾਂ ਨੇ ਈਸਾਈ ਧਰਮ ਬਾਰੇ ਖੋਜ ਭਰਪੂਰ ਵਿਖਿਆਨ ਲਿਖੇ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੀਆਂ ਯੂਨੀਵਰਸਿਟੀਆਂ ਵਿਚ ਧਰਮ ਅਧਿਐਨ ਨੂੰ ਜਿੱਥੇ ਵਿਸ਼ਾ ਬਣਾਇਆ ਗਿਆ ਹੈ ਉੱਥੇ ਸਾਰੇ ਧਰਮਾਂ ਦਾ ਤੁਲਨਾਤਮਕ ਅਧਿਐਨ ਵੀ ਕਰਵਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਰੇ ਕਾਰਜ ਸਪੱਸ਼ਟ ਕਰਦੇ ਹਨ ਕਿ ਸਿੱਖ ਧਰਮ ਦੀ ਈਸਾਈ ਧਰਮ ਪ੍ਰਤੀ ਅਤੇ ਈਸਾਈ ਧਰਮ ਦੀ ਸਿੱਖ ਧਰਮ ਪ੍ਰਤੀ ਬਹੁਤ ਹੀ ਸਹਿਯੋਗੀ ਭੂਮਿਕਾ ਹੈ। ਪਹਿਲੇ ਸ਼ੈਸ਼ਨ ਦੀ ਸਟੇਜ ਸੰਚਾਲਨ ਗੁਰੂ ਅਧਿਐਨ ਵਿਭਾਗ ਦੀ ਪ੍ਰੋਫੈਸਰ ਡਾ. ਸ਼ਸ਼ੀ ਬਾਲਾ ਨੇ ਕੀਤੀ।

Translate »