ਪਟਿਆਲਾ – ਸਵਾਮੀ ਵਿਵੇਕਾਨੰਦ ਦੇ 150ਵੇਂ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਰੇਲ ਗੱਡੀ ‘ਵਿਵੇਕਾਨੰਦ ਐਕਸਪ੍ਰੈਸ’ ਦਾ ਅੱਜ ਪਟਿਆਲਾ ਰੇਲਵੇ ਸਟੇਸ਼ਨ ਵਿਖੇ ਪੁੱਜਣ ਮੌਕੇ ਸ਼ਹਿਰ ਦੀਆਂ ਵੱਖ-ਵੱਖ ਸ਼ਖ਼ਸ਼ੀਅਤਾਂ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ । ਇਸ ਰੇਲਗੱਡੀ ਦੇ ਪੰਜ ਵੱਖ-ਵੱਖ ਡੱਬਿਆਂ ਵਿੱਚ ਸਵਾਮੀ ਵਿਵੇਕਾਨੰਦ ਦੇ ਜੀਵਨ ਤਜਰਬਿਆਂ ਅਤੇ ਉਨ੍ਹਾਂ ਵੱਲੋਂ ਸਮਾਜ ਵਿੱਚ ਸੁਧਾਰ ਲਈ ਪਾਏ ਗਏ Îਨਿੱਗਰ ਯੋਗਦਾਨ ਨੂੰ ਦਰਸਾਉਂਦੀਆਂ ਤਸਵੀਰਾਂ ਤੇ ਤੱਥਾਂ ਨੂੰ ਬਹੁਤ ਆਕਰਸ਼ਕ ਢੰਗ ਨਾਲ ਪੇਸ਼ ਕੀਤਾ ਗਿਆ ਹੈ । ਇਸ ਮੌਕੇ ਥਾਪਰ ਯੂਨੀਵਰਸਿਟੀ ਦੇ ਡਾਇਰੈਕਟਰ ਸ਼੍ਰੀ ਅਭਿਜੀਤ ਮੁਖਰਜੀ ਨੇ ਇਸ ਰੇਲਗੱਡੀ ਵਿੱਚ ਲਗਾਈ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ । ਸ਼੍ਰੀ ਮੁਖਰਜੀ ਨੇ ਕਿਹਾ ਕਿ ਸਵਾਮੀ ਵਿਵੇਕਾਨੰਦ ਦੇ ਜਨਮ ਦਿਹਾੜੇ ਨੂੰ ਭਾਰਤ ਵਿੱਚ ਹਰ ਸਾਲ ਰਾਸ਼ਟਰੀ ਨੌਜਵਾਨ ਦਿਵਸ ਵੱਜੋਂ ਮਨਾਇਆ ਜਾਂਦਾ ਹੈ ਅਤੇ ਨੌਜਵਾਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਸਵਾਮੀ ਵਿਵੇਕਾਨੰਦ ਵੱਲੋਂ ਦਿਖਾਏ ਦੇਸ਼ਭਗਤੀ ਦੇ ਮਾਰਗ ‘ਤੇ ਚੱਲਦੇ ਹੋਏ ਦੇਸ਼ ਦੀ ਰਾਖੀ ਲਈ ਆਪਣੀ ਵਚਨਬੱਧਤਾ ਕਾਇਮ ਰੱਖਣ ।
ਇਸ ਰੇਲਗੱਡੀ ਵਿੱਚ ਲੱਗੀ ਪ੍ਰਦਰਸ਼ਨੀ ਨੂੰ ਦੇਖਣ ਲਈ ਵਿਦਿਆਰਥੀਆਂ ਅਤੇ ਪਟਿਆਲਵੀਆਂ ਨੇ ਖਾਸ ਉਤਸ਼ਾਹ ਦਿਖਾਇਆ । ਇਸ ਦੌਰਾਨ ਰਾਮਾਕ੍ਰਿਸ਼ਨਾ ਵਿਵੇਕਾਨੰਦ ਸੇਵਾ ਸਮਿਤੀ ਦੇ ਮੈਂਬਰਾਂ ਨੇ ਪ੍ਰਦਰਸ਼ਨੀ ਵਿੱਚ ਪ੍ਰਦਰਸ਼ਿਤ ਤਸਵੀਰਾਂ ਤੇ ਸਵਾਮੀ ਵਿਵੇਕਾਨੰਦ ਦੇ ਵੱਖ-ਵੱਖ ਜੀਵਨ ਪਹਿਲੂਆਂ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ । ਇਸ ਮੌਕੇ ਸਮਿਤੀ ਦੇ ਪਟਿਆਲਾ ਕੋਆਰਡੀਨੇਟਰ ਡਾ. ਆਰ.ਐਲ.ਮਿੱਤਲ ਨੇ ਦੱਸਿਆ ਕਿ ਇਹ ਵਿਸ਼ੇਸ਼ ਰੇਲ ਗੱਡੀ ਦੇਸ਼ ਭਰ ਵਿੱਚ ਜਾ ਕੇ ਸਵਾਮੀ ਵਿਵੇਕਾਨੰਦ ਦੇ ਜੀਵਨ ਸੰਦੇਸ਼ ਨੂੰ ਨੌਜਵਾਨ ਪੀੜ੍ਹੀ ਤੱਕ ਪਹੁੰਚਾਉਣ ਦਾ ਉਪਰਾਲਾ ਕਰ ਰਹੀ ਹੈ ਅਤੇ ਲੋਕਾਂ ਵੱਲੋਂ ਵੀ ਇਸ ਨੂੰ ਭਰਪੂਰ ਹੁੰਗਾਰਾ ਦਿੱਤਾ ਜਾ ਰਿਹਾ ਹੈ । ਇਹ ਰੇਲਗੱਡੀ ਚਾਰ ਦਿਨ ਪਟਿਆਲਾ ਰੇਲਵੇ ਸਟੇਸ਼ਨ ‘ਤੇ ਖੜ੍ਹੇਗੀ । ਇਸ ਮੌਕੇ ਸਵਾਮੀ ਅਨੰਤ ਆਤਮਾਨੰਦ, ਰੇਲਵੇ ਸਟੇਸ਼ਨ ਦੇ ਸੁਪਰਡੈਂਟ ਸ਼੍ਰੀ ਵਿਪਨ ਪੁਰੋਹਿਤ, ਸ਼੍ਰੀਮਤੀ ਰਾਧਾ ਰਾਣੀ ਮਿੱਤਲ, ਡਾ. ਡੀ.ਸੀ.ਬਾਂਸਲ, ਸ਼੍ਰੀ ਚਰਨਜੀਤ ਸਿੰਘ ਤੋਂ ਇਲਾਵਾ ਸੇਵਾ ਸਮਿਤੀ ਦੇ ਨੁਮਾਇੰਦੇ, ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਤੇ ਸ਼ਹਿਰੀ ਪਤਵੰਤੇ ਹਾਜ਼ਰ ਸਨ ।