November 13, 2011 admin

ਈਰਾਨ ਓਲਪਿੰਕ ਐਸੋਸੀਏਸ਼ਨ ਵੱਲੋਂ ਸਰਕਲ ਕਬੱਡੀ ਨੂੰ ਓਲਪਿੰਕ ਅਤੇ ਏਸ਼ੀਆਈ ਖੇਡਾਂ ਵਿੱਚ ਸ਼ਾਮਲ ਕਰਵਾਉਣ ਲਈ ਹਮਾਇਤ ਦਾ ਐਲਾਨ

*ਈਰਾਨ ਅਤੇ ਪੰਜਾਬ ਖੇਡਾਂ ਦਾ ਪੱਧਰ ਚੁੱਕਣ ਲਈ ਆਪਸੀ ਸਮਝੌਤਾ ਕਰਨਗੇ-ਕਿਹਾ ਈਰਾਨ ਦੇ ਉਪ ਰਾਸ਼ਟਰਪਤੀ ਮੁਹੰਮਦ ਅਲੀ ਅਬਾਦੀ ਨੇ
*ਦਸੰਬਰ ਤੱਕ 6 ਐਸਟਰੋ ਟਰਫ ਸਟੇਡੀਅਮ ਹੋਣਗੇ ਮੁਕੰਮਲ: ਸੁਖਬੀਰ ਸਿੰਘ ਬਾਦਲ
*ਪੰਜਾਬ ਸਰਕਾਰ ਵੱਲੋਂ ਪੰਜ ਦੇਸ਼ਾਂ ਦਾ ਹਾਕੀ ਟੂਰਨਾਮੈਂਟ ਅਤੇ ਹਾਕੀ ਲੀਗ ਕਰਵਾਉਣ ਦੀ ਯੋਜਨਾ

ਪਟਿਆਲਾ-  ਈਰਾਨ ਗਣਰਾਜ ਨੇ ਅੱਜ ਸਰਕਲ ਸਟਾਈਲ ਕਬੱਡੀ ਨੂੰ ਕੌਮਾਂਤਰੀ ਮਾਨਤਾ ਦਿਵਾਉਣ ਲਈ ਪੂਰਨ ਹਮਾਇਤ ਦੇਣ ਦਾ ਭਰੋਸਾ ਦਿੰਦਿਆਂ ਕਿਹਾ ਹੈ ਕਿ ਉਨ੍ਹਾਂ ਵੱਲੋਂ ਸਰਕਲ ਸਟਾਈਲ ਕਬੱਡੀ ਨੂੰ ਏਸ਼ੀਆਈ ਅਤੇ ਓਲੰਪਿਕ ਖੇਡਾਂ ਵਿੱਚ ਸ਼ਾਮਲ ਕਰਵਾਉਣ ਲਈ ਭਾਰਤ ਦੇ ਯਤਨਾਂ ਦੀ ਪੂਰੀ ਹਮਾਇਤ ਕੀਤੀ ਜਾਵੇਗੀ।
         ਇਹ ਭਰੋਸਾ ਈਰਾਨ ਦੇ ਡਿਪਟੀ ਵਾਇਸ ਪ੍ਰੈਜੀਡੈਂਟ ਅਤੇ ਈਰਾਨ ਓਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਮੁਹੰਮਦ ਅਲੀ ਅਬਾਦੀ, ਜੋ ਅੱਜ ਦੂਸਰੇ ਵਿਸ਼ਵ ਕਬੱਡੀ ਕੱਪ ਦੇ ਮੁਕਾਬਲੇ ਵੇਖਣ ਲਈ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੇ ਵਿਸ਼ੇਸ਼ ਸੱਦੇ ‘ਤੇ ਪਟਿਆਲਾ ਪਹੁੰਚੇ ਸਨ, ਵੱਲੋਂ ਦਿੱਤਾ ਗਿਆ ਹੈ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਬੀਤੀ ਰਾਤ ਸ. ਸੁਖਬੀਰ ਸਿੰਘ ਬਾਦਲ ਨਾਲ ਖੇਡਾਂ ਬਾਰੇ ਖੁੱਲ ਕੇ ਵਿਚਾਰ ਵਟਾਂਦਰਾ ਕਰਨ ਉਪਰੰਤ ਇਹ ਫੈਸਲਾ ਕੀਤਾ ਹੈ ਕਿ ਈਰਾਨ ਪੰਜਾਬ ਨੂੰ ਕੁਸ਼ਤੀ ਅਤੇ ਫੁਟਬਾਲ ਲਈ ਮਾਹਿਰ ਕੋਚਾਂ ਦੀਆਂ ਸੇਵਾਵਾਂ ਪ੍ਰਦਾਨ ਕਰੇਗਾ ਅਤੇ ਪੰਜਾਬ ਦੇ ਕਬੱਡੀ ਕੋਚ ਈਰਾਨ ਦੇ ਖਿਡਾਰੀਆਂ ਨੂੰ ਕਬੱਡੀ ਦੀ ਸਿਖਲਾਈ ਦੇਣ ਲਈ ਈਰਾਨ ਜਾਣਗੇ।
         ਜਨਾਬ ਅਬਾਦੀ ਨੇ ਕਿਹਾ ਕਿ ਉਨ੍ਹਾਂ ਸ. ਸੁਖਬੀਰ ਸਿੰਘ ਬਾਦਲ ਨੂੰ ਕਿਹਾ ਹੈ ਕਿ ਉਹ ਆਪਣੀ ਟੀਮ ਸਮੇਤ ਈਰਾਨ ਦਾ ਦੌਰਾ ਕਰਨ ਤਾਂ ਜੋ ਖੇਡਾਂ ਦੇ ਖੇਤਰ ਵਿੱਚ ਸਹਿਯੋਗ ਲਈ ਇੱਕ ਢੁੱਕਵੇਂ ਸਮਝੌਤੇ ‘ਤੇ ਸਹੀ ਪਾਈ ਜਾ ਸਕੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਭਾਰਤ ਨਾਲ ਇਰਾਨ ਦੇ ਸਬੰਧ ਹੋਰ ਮਜਬੂਤ ਅਤੇ ਨਿੱਘੇ ਹੋਣ ਦਾ ਪੂਰਨ ਭਰੋਸਾ ਹੈ ਅਤੇ ਉਹ ਪੰਜਾਬੀਆਂ ਦੀ ਮਹਿਮਾਨਨਿਵਾਜ਼ੀ ਅਤੇ ਨਿੱਘੇ ਸੁਭਾਅ ਤੋਂ ਬੇਹਦ ਪ੍ਰਭਾਵਿਤ ਹੋਏ ਹਨ।
         ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ. ਬਾਦਲ ਨੇ ਕਿਹਾ ਕਿ ਕਬੱਡੀ ਨੂੰ ਕੌਮਾਂਤਰੀ ਪੱਧਰ ‘ਤੇ ਮਾਨਤਾ ਦਿਵਾਉਣਾ ਉਨ੍ਹਾਂ ਦਾ ਜਨੂਨ ਹੀ ਨਹੀਂ ਬਲਕਿ ਇੱਕ ਮਿਸ਼ਨ ਹੈ ਅਤੇ ਉਹ 2016 ਵਿੱਚ ਹੋ ਰਹੀਆਂ ਬ੍ਰਾਜੀਲ ਓਲੰਪਿਕ ਖੇਡਾਂ ਵਿੱਚ ਕਬੱਡੀ ਨੂੰ ਸ਼ਾਮਲ ਕਰਵਾਉਣ ਲਈ ਯਤਨਸ਼ੀਲ ਹਨ ਅਤੇ ਉਨ੍ਹਾਂ ਦਾ ਇਹ ਵੀ ਸੁਪਨਾ ਹੈ ਕਿ ਪੰਜਾਬੀਆਂ ਦੇ ਦਬਦਬੇ ਵਾਲੀ ਖੇਡ ਕਬੱਡੀ ਵਿੱਚ ਭਾਰਤ ਲਈ ਪਹਿਲਾ ਓਲੰਪਿਕ ਸੋਨ ਤਮਗਾ ਜਿੱਤਿਆ ਜਾ ਸਕੇ। ਉਪ ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਕਬੱਡੀ ਤੋਂ ਇਲਾਵਾ ਪੰਜਾਬ ਸਰਕਾਰ ਨੇ 10 ਹੋਰ ਖੇਡਾਂ ਨੂੰ ਉਤਸ਼ਾਹਿਤ ਕਰਨ ਦਾ ਨਿਸ਼ਾਨਾ ਮਿੱਥਿਆ ਹੈ ਅਤੇ ਇਸ ਮਕਸਦ ਲਈ ਹਰ ਜ਼ਿਲ੍ਹੇ ਅੰਦਰ ਉੱਚ ਕੋਟੀ ਦੇ ਖੇਡ ਸਕੂਲ ਖੋਲ੍ਹਣ ਦੀ ਯੋਜਨਾਬੰਦੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਨਵੀਂ ਐਸਰੋ ਟਰਫ ਵਾਲੇ 6 ਸਟੇਡੀਅਮਾਂ ਦਾ ਨਿਰਮਾਣ ਜੋਰਾਂ ‘ਤੇ ਚੱਲ ਰਿਹਾ ਹੈ ਅਤੇ ਦਸੰਬਰ ਤੱਕ ਮੁਕੰਮਲ ਹੋ ਜਾਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਛੇਤੀ ਹੀ ਇੱਕ 5 ਦੇਸ਼ਾਂ ਦਾ ਹਾਕੀ ਟੂਰਨਾਮੈਂਟ ਅਤੇ ਹਾਕੀ ਲੀਗ ਕਰਵਾਈ ਜਾ ਰਹੀ ਹੈ।
         ਇਸ ਤੋਂ ਪਹਿਲਾਂ ਸਥਾਨਕ ਵਾਈ.ਪੀ.ਐਸ. ਸਟੇਡੀਅਮ ਵਿਖੇ ਖੇਡੇ ਗਏ ਮੁਕਾਬਲਿਆਂ ਵਿੱਚ ਭਾਰਤ ਨੇ ਯੂ.ਕੇ. ਦੀ ਕਬੱਡੀ ਟੀਮ ‘ਤੇ 58-22 ਅੰਕਾਂ ਦੇ ਵੱਡੇ ਫਰਕ ਨਾਲ ਜਿੱਤ ਦਰਜ਼ ਕੀਤੀ ਜਦੋਂ ਕਿ ਇੱਕ ਬੇਹਦ ਸਖ਼ਤ ਮੁਕਾਬਲੇ ਵਿੱਚ ਅਫਗਾਨਿਸਤਾਨ ਨੇ ਨੇਪਾਲ ਨੂੰ 48-41 ਅੰਕਾਂ ਦੇ ਫਰਕ ਨਾਲ ਮਾਤ ਦਿੱਤੀ। ਤੀਸਰੇ ਮੈਚ ਵਿੱਚ ਆਸਟ੍ਰੇਲੀਆ ਨੇ ਜਰਮਨੀ ਨੂੰ 60-29 ਅੰਕਾਂ ਦੇ ਫਰਕ ਨਾਲ ਵੱਡੀ ਹਾਰ ਦਿੱਤੀ।
         ਇਸ ਸਾਬਕਾ ਰਾਜ ਸਭਾ ਮੈਂਬਰ ਬੀਬਾ ਅਮਰਜੀਤ ਕੌਰ, ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਉਪ-ਚੇਅਰਮੈਨ ਸ. ਹਰਜੀਤ ਸਿੰਘ ਅਦਾਲਤੀਵਾਲਾ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ. ਸੁਰਜੀਤ ਸਿੰਘ ਰੱਖੜਾ, ਯੂਥ ਵਿਕਾਸ ਬੋਰਡ ਪੰਜਾਬ ਦੇ ਚੇਅਰਮੈਨ ਸ. ਗੁਰਪ੍ਰੀਤ ਸਿੰਘ ਰਾਜੂਖੰਨਾ, ਮੇਅਰ ਸ. ਅਜੀਤਪਾਲ ਸਿੰਘ ਕੋਹਲੀ, ਡਿਪਟੀ ਮੇਅਰ ਸ਼੍ਰੀ ਅਨਿਲ ਬਜਾਜ, ਫੂਡਗ੍ਰੇਨ ਦੇ ਚੇਅਰਮੈਨ ਸ. ਰਣਧੀਰ ਸਿੰਘ ਰੱਖੜਾ, ਸ. ਸੁਰਜੀਤ ਸਿੰਘ ਕੋਹਲੀ, ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਸ. ਹਰਿੰਦਰਪਾਲ ਸਿੰਘ ਹੈਰੀਮਾਨ, ਸ. ਅਜਾਇਬ ਸਿੰਘ ਮੁਖਮੇਲਪੁਰ ਅਤੇ ਸ. ਹਮੀਰ ਸਿੰਘ ਘੱਗਾ ( ਤਿੰਨੇ ਸਾਬਕਾ ਮੰਤਰੀ), ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ. ਇੰਦਰਮੋਹਨ ਸਿੰਘ ਬਜਾਜ, ਐਸ.ਐਸ. ਬੋਰਡ ਦੇ ਸਾਬਕਾ ਚੇਅਰਮੈਨ ਸ. ਤਜਿੰਦਰਪਾਲ ਸਿੰਘ ਸੰਧੂ, ਜ਼ਿਲ੍ਹਾ ਪਰਿਸ਼ਦ ਦੇ ਚੇਅਰਮੈਨ ਸ. ਮਹਿੰਦਰ ਸਿੰਘ ਲਾਲਵਾ, ਭਾਜਪਾ ਦੇ ਮਾਰਕੀਟ ਕਮੇਟੀ ਪਟਿਆਲਾ ਦੇ ਚੇਅਰਮੈਨ ਸ. ਹਰਵਿੰਦਰ ਸਿੰਘ ਹਰਪਾਲਪੁਰ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸ਼੍ਰੀ ਅਰੁਣ ਗੁਪਤਾ, ਜਨਰਲ ਸਕੱਤਰ ਸ਼੍ਰੀ ਤ੍ਰਿਭੁਵਨ ਕੁਮਾਰ ਗੁਪਤਾ, ਐਮ.ਡੀ. ਸ਼੍ਰੀ ਹਰਿੰਦਰਪਾਲ ਸਿੰਘ ਚੰਦੂਮਾਜਰਾ, ਸ. ਸ਼ਵਿੰਦਰ ਸਿੰਘ ਸੱਭਰਵਾਲ ਅਤੇ ਸ. ਜਸਮੇਰ ਸਿੰਘ ਲਾਛੜੂ (ਦੋਵੇਂ ਮੈਂਬਰ ਐਸ.ਜੀ.ਪੀ.ਸੀ),  ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੀ ਦਿਹਾਤੀ ਪ੍ਰਧਾਨ ਸ਼੍ਰੀਮਤੀ ਜਸਪਾਲ ਕੌਰ ਧਾਰਨੀ, ਸ. ਸਤਬੀਰ ਸਿੰਘ ਖੱਟੜਾ ਆਈ.ਜੀ ਪਟਿਆਲਾ ਜੋਨ ਸ਼੍ਰੀ ਸ਼ਾਮ ਲਾਲ ਗੱਖੜ, ਡੀ.ਆਈ.ਜੀ ਸ਼੍ਰੀ ਐਲ.ਕੇ. ਯਾਦਵ, ਡਿਪਟੀ ਕਮਿਸ਼ਨਰ ਸ਼੍ਰੀ ਵਿਕਾਸ ਗਰਗ, ਐਸ. ਐਸ.ਪੀ ਸ਼੍ਰੀ ਗੁਰਪ੍ਰੀਤ ਸਿੰਘ ਗਿੱਲ, ਵਧੀਕ ਡਿਪਟੀ ਕਮਿਸ਼ਨਰ ਸ. ਕੁਲਦੀਪ ਸਿੰਘ, ਖੇਡ ਨਿਰਦੇਸ਼ਕ ਪੰਜਾਬ ਸ. ਪਰਗਟ ਸਿੰਘ, ਡਿਪਟੀ ਡਾਇਰੈਕਟਰ ਸ਼੍ਰੀ ਸੋਹਨ ਲਾਲ ਲੋਟੇ, ਸਹਾਇਕ ਨਿਰਦੇਸ਼ਕਾ ਸ਼੍ਰੀਮਤੀ ਜਸਵੀਰਪਾਲ ਕੌਰ ਬਰਾੜ, ਜ਼ਿਲ੍ਹਾ ਖੇਡ ਅਫਸਰ ਸ਼੍ਰੀ ਯੋਗਰਾਜ, ਐਸ.ਪੀ. ਸ਼੍ਰੀ ਸ਼ਿਵਦੇਵ ਸਿੰਘ ਟੂਰਨਾਮੈਂਟ ਡਾਇਰੈਕਟਰ, ਸ਼੍ਰੀ ਦੇਵੀ ਦਿਆਲ ਸ਼੍ਰੀ ਸੁਰਿੰਦਰਪਾਲ ਸਿੰਘ ਟੋਨੀ ਕਾਲਖ਼, ਸ. ਕਰਤਾਰ ਸਿੰਘ, ਸ. ਹਰਜਿੰਦਰ ਸਿੰਘ ਬਰਾੜ, ਸ਼੍ਰੀ ਜਸਵੰਤ ਖੜਗ, ਸ਼੍ਰੀ ਜਸਵੀਰ ਸਿੰਘ ਕਪਿਆਲ, ਸ਼੍ਰੀ ਅੰਮ੍ਰਿਤਪਾਲ ਵਲਾਣ, ਕਮਿਸ਼ਨਰ ਨਗਰ ਨਿਗਮ ਸ਼੍ਰੀ ਗੁਰਲਵਲੀਨ ਸਿੰਘ ਸਿੱਧੂ, ਐਸ.ਡੀ.ਐਮ ਪਟਿਆਲਾ ਸ਼੍ਰੀ ਅਨਿਲ ਗਰਗ, ਜ਼ਿਲ੍ਹਾ ਟਰਾਂਸਪੋਰਟ ਅਫਸਰ ਸ਼੍ਰੀ ਜੀ.ਐਸ. ਚਹਿਲ, ਜ਼ਿਲ੍ਹਾ ਪਟਿਆਲਾ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸ. ਗੁਰਪ੍ਰੀਤ ਸਿੰਘ ਸੰਧੂ ਤੇ ਜਨਰਲ ਸਕੱਤਰ ਸ. ਉਪਕਾਰ ਸਿੰਘ ਵਿਰਕ ਤੋਂ ਇਲਾਵਾ ਭਾਰਤੀ ਫੌਜ, ਸਿਵਲ, ਪੁਲਿਸ, ਜੁਡੀਅਸ਼ਰੀ ਦੇ ਅਧਿਕਾਰੀ, ਪੰਚਾਇਤਾਂ, ਮਿਊਂਸੀਪਲ ਕੌਂਸਲਰ, ਵੱਖ-ਵੱਖ ਰਾਜਸੀ, ਧਾਰਮਿਕ, ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦੇ, ਸਕੂਲਾਂ ਦੇ ਬੱਚੇ ਅਤੇ ਅਧਿਆਪਕ ਅਤੇ ਵੱਡੀ ਗਿਣਤੀ ਸ਼ਹਿਰੀ ਪਤਵੰਤੇ ਵੀ ਹਾਜ਼ਰ ਸਨ । 

 

Translate »