November 13, 2011 admin

ਮੈਗਸੀਪਾ ਵੱਲੋਂ ਸੇਵਾ ਅਤੇ ਸੂਚਨਾ ਦੇ ਅਧਿਕਾਰ ਕਾਨੂੰਨਾਂ ਬਾਰੇ ਸੈਮੀਨਾਰ

*ਬਠਿੰਡਾ ਬਲਾਕ ਦੇ ਪੰਚਾਇਤੀ ਰਾਜ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਕੀਤੀ ਸ਼ਿਰਕਤ
ਬਠਿੰਡਾ – ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾਨ ਪੰਜਾਬ (ਮੈਗਸੀਪਾ) ਦੇ ਜ਼ਿਲ੍ਹਾ ਕੇਂਦਰ ਬਠਿੰਡਾ ਵੱਲੋਂ ਅੱਜ ਸਥਾਨਕ ਬੀ. ਡੀ. ਪੀ. ਓ. ਦਫ਼ਤਰ ਵਿਖੇ ਬਠਿੰਡਾ ਬਲਾਕ ਦੇ ਪੰਚਾਇਤੀ ਰਾਜ ਸੰਸਥਾਵਾਂ ਦੇ ਨੁਮਾਇੰਦਿਆਂ ਲਈ ਸੇਵਾ ਦਾ ਅਧਿਕਾਰ ਕਾਨੂੰਨ ਅਤੇ ਸੂਚਨਾ ਦੇ ਅਧਿਕਾਰ ਕਾਨੂੰਨ (ਆਰ. ਟੀ. ਆਈ. ਐਕਟ) ਬਾਰੇ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੀ ਸ਼ੁਰੂਆਤ ਮੈਗਸੀਪਾ ਦੇ ਜ਼ਿਲ੍ਹਾ ਪ੍ਰਾਜੈਕਟ ਕੋਆਰਡੀਨੇਟਰ ਸ੍ਰੀ ਮਨਦੀਪ ਸਿੰਘ ਨੇ ਕਰਦਿਆਂ ਪੰਚਾਇਤੀ ਰਾਜ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਸੈਮੀਨਾਰ ਦੇ ਮਨੋਰਥ ਬਾਰੇ ਦੱਸਿਆ। ਉਨ੍ਹਾਂ ਦੱਸਿਆ ਕਿ ਮੈਗਸੀਪਾ ਵੱਲੋਂ ਉਪਰੋਕਤ ਵਿਸ਼ਿਆਂ ‘ਤੇ ਬਠਿੰਡੇ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿਚ ਬਲਾਕ ਪੱਧਰ ‘ਤੇ ਇਸ ਤਰ੍ਹਾਂ ਦੇ ਸੈਮੀਨਾਰ ਕਰਵਾ ਕੇ ਪੰਚਾਇਤੀ ਰਾਜ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਇਨ੍ਹਾਂ ਵਿਸ਼ਿਆਂ ਬਾਰੇ ਜਾਗਰੂਕ ਕੀਤਾ ਜਾਵੇਗਾ ਤਾਂ ਜੋ ਇਸ ਨੂੰ ਹੇਠਲੇ ਪੱਧਰ ਤੱਕ ਪਹੁੰਚਾਇਆ ਜਾ ਸਕੇ। ਮੈਗਸੀਪਾ ਦੇ ਰਿਸੋਰਸ ਪਰਸਨ ਸ੍ਰੀ ਵਿਨੋਦ ਕੁਮਾਰ ਬਾਂਸਲ ਡੀ. ਸੀ. ਦਫ਼ਤਰ ਬਠਿੰਡਾ ਨੇ ਸੇਵਾ ਦੇ ਅਧਿਕਾਰ ਬਾਰੇ ਚਾਨਣਾ ਪਾਉਂਦੇ ਹੋਏ ਇਸ ਕਾਨੂੰਨ ਤਹਿਤ ਆਉਣ ਵਾਲੀਆਂ ਸੇਵਾਵਾਂ ਅਤੇ ਨਿਸ਼ਚਿਤ ਸਮਾਂ ਅਤੇ ਸੰਬੰਧਿਤ ਅਧਿਕਾਰੀਆਂ ਬਾਰੇ ਵਿਸਥਾਰ ਪੂਰਵਕ ਦੱਸਿਆ। ਉਨ੍ਹਾਂ ਦੱਸਿਆ ਕਿ ਇਸ ਕਾਨੂੰਨ ਤਹਿਤ ਵੱਖ-ਵੱਖ ਵਿਭਾਗਾਂ ਦੀਆਂ 67 ਸੇਵਾਵਾਂ ਆਉਂਦੀਆਂ ਹਨ ਜੋ ਕਿ ਆਮ ਆਦਮੀ ਨਾਲ ਸੰਬੰਧਿਤ ਹਨ।
         ਇਸ ਮੌਕੇ ਮੈਗਸੀਪਾ ਦੇ ਦੂਸਰੇ ਰਿਸੋਰਸ ਪਰਸਨ ਸ੍ਰੀ ਦਰਸ਼ਨ ਸਿੰਘ ਬਜਾਜ ਐਡਵੋਕੇਟ ਜ਼ਿਲ੍ਹਾ ਕਚਹਿਰੀ ਬਠਿੰਡਾ ਨੇ ਸੂਚਨਾ ਦੇ ਅਧਿਕਾਰ ਕਾਨੂੰਨ ਬਾਰੇ ਦੱਸਦੇ ਹੋਏ ਕਿਹਾ ਕਿ ਇਸ ਕਾਨੂੰਨ ਦੇ ਤਹਿਤ ਵੱਖ-ਵੱਖ ਵਿਭਾਗਾਂ ਤੋਂ ਇਕ ਸਾਧਾਰਨ ਅਰਜ਼ੀ ਰਾਹੀਂ ਸੂਚਨਾ 30 ਦਿਨਾਂ ਦੇ ਅੰਦਰ-ਅੰਦਰ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਸ ਕਾਨੂੰਨ ਨਾਲ ਪ੍ਰਸ਼ਾਸਨ ਵਿਚ ਬਹੁਤ ਜ਼ਿਆਦਾ ਪਾਰਦਰਸ਼ਤਾ ਆਈ ਹੈ ਅਤੇ ਆਮ ਆਦਮੀ ਨੂੰ ਇਸ ਦਾ ਬਹੁਤ ਫਾਇਦਾ ਹੋ ਰਿਹਾ ਹੈ। ਪ੍ਰੋਗਰਾਮ ਦੇ ਅੰਤ ਵਿਚ ਚੇਅਰਮੈਨ ਪੰਚਾਇਤ ਸੰਮਤੀ ਸ੍ਰੀ ਬੀਰਬਹਾਦਰ ਸਿੰਘ ਨੇ ਮੈਗਸੀਪਾ ਦੇ ਇਸ ਯਤਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਸੈਮੀਨਾਰ ਸਮੇਂ ਦੀ ਲੋੜ ਹਨ ਜਿਨ੍ਹਾਂ ਨਾਲ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਸੇਵਾ ਦਾ ਅਧਿਕਾਰ ਕਾਨੂੰਨ ਪੰਜਾਬ ਸਰਕਾਰ ਦਾ ਇਕ ਬਹੁਤ ਸ਼ਲਾਘਾਯੋਗ ਉਪਰਾਲਾ ਹੈ ਜੋ ਕਿ ਭ੍ਰਿਸ਼ਟਾਚਾਰ ਨੂੰ ਠੱਲ ਪਾਉਣ ਵਿਚ ਬਹੁਤ ਵੱਡਾ ਮਾਰਗਦਰਸ਼ਕ ਸਾਬਿਤ ਹੋਵੇਗਾ।     ਇਸ ਮੌਕੇ ਬੀ. ਡੀ. ਪੀ. ਓ. ਬਠਿੰਡਾ ਸ੍ਰੀ ਹਰਕਿਸ਼ਨ ਲਾਲ ਅਤੇ ਪੰਚਾਇਤ ਅਫ਼ਸਰ ਵੀ ਹਾਜ਼ਰ ਸਨ।

Translate »