ਹੁਸ਼ਿਆਰਪੁਰ – ਪੰਜਾਬ ਸਰਕਾਰ ਵੱਲੋਂ ਰਾਜ ਅੰਦਰ ਸਭਿਆਚਾਰਕ ਵਿਰਾਸਤ ਦੀ ਸੰਭਾਲ ਅਤੇ ਪਵਿੱਤਰ ਨਗਰਾਂ ਦੇ ਵਿਕਾਸ ਲਈ 597. 69 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਹ ਪ੍ਰਗਟਾਵਾ ਅੱਜ ਇਥੇ ਗੌਤਮ ਨਗਰ ਵਿਖੇ ਸਥਾਨਕ ਸਰਕਾਰਾਂ ਅਤੇ ਉਦਯੋਗ ਮੰਤਰੀ ਪੰਜਾਬ ਸ੍ਰੀ ਤੀਕਸ਼ਨ ਸੂਦ ਨੇ ਇੱਕ ਕਰੋੜ 25 ਲੱਖ ਰੁਪਏ ਦੀ ਲਾਗਤ ਨਾਲ ਡਾ. ਸਿਆਮਾ ਪ੍ਰਸ਼ਾਦ ਮੁਖਰਜੀ ਕਮਿਉਨਿਟੀ ਸੈਂਟਰ ਦਾ ਉਦਘਾਟਨ ਕਰਨ ਉਪਰੰਤ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਸ੍ਰੀਮਤੀ ਰਾਕੇਸ਼ ਸੂਦ ਧਰਮਪਤਨੀ ਸ੍ਰੀ ਤੀਕਸ਼ਨ ਸੂਦ, ਜਨਰਲ ਸਕੱਤਰ ਭਾਜਪਾ ਪੰਜਾਬ ਕਮਲ ਸ਼ਰਮਾ, ਐਡਵੋਕੇਟ ਜਵੇਦ ਸੂਦ ਵੀ ਉਨ੍ਹਾਂ ਦੇ ਨਾਲ ਸਨ।
ਇਸ ਮੌਕੇ ਸ੍ਰੀ ਸੂਦ ਨੇ ਕਿਹਾ ਕਿ ਇਹ ਕਮਿਉਨਿਟੀ ਸੈਂਟਰ ਮੁੱਖ ਮੰਤਰੀ ਪੰਜਾਬ ਸ੍ਰ: ਪ੍ਰਕਾਸ਼ ਸਿੰਘ ਬਾਦਲ ਜੀ ਦੀ ਸੁਚੱਜੀ ਅਗਵਾਈ ਹੇਠ ਉਸਾਰਿਆ ਗਿਆ ਹੈ ਜੋ ਕਿ ਅੱਜ ਸ਼ਹਿਰ ਨਿਵਾਸੀਆਂ ਨੂੰ ਸਮਰਪਿਤ ਕਰਕੇ ਮੁੱਖ ਮੰਤਰੀ ਪੰਜਾਬ ਵੱਲੋਂ ਇੱਕ ਤੋਹਫਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਕਮਿਉਨਿਟੀ ਸੈਂਟਰ ਦੇ ਬਣਨ ਨਾਲ ਸ਼ਹਿਰ ਨਿਵਾਸੀਆਂ ਨੂੰ ਮਹਿੰਗੇ ਕਿਰਾਏ ਤੇ ਮਿਲਣ ਵਾਲੇ ਮੈਰਿਜ ਪੈਲਸਾਂ ਤੋਂ ਰਾਹਤ ਮਿਲੇਗੀ ਕਿਉਂਕਿ ਇਹ ਕਮਿਉਨਿਟੀ ਸੈਂਟਰ ਸ਼ਹਿਰ ਨਿਵਾਸੀਆਂ ਦੇ ਸਾਂਝੇ ਸਮਾਗਮਾਂ ਆਦਿ ਤੇ ਘੱਟ ਰੇਟ ਤੇ ਮੁਹੱਈਆ ਕਰਵਾਇਆ ਜਾਵੇਗਾ ਜਿਸ ਨਾਲ ਆਮ ਲੋਕਾਂ ਨੂੰ ਆਪਣੇ ਘਰੇਲੂ ਸਮਾਗਮਾਂ ਦੇ ਮੌਕੇ ਤੇ ਕਾਫ਼ੀ ਰਾਹਤ ਮਿਲੇਗੀ।
ਸ੍ਰੀ ਸੂਦ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 254 ਕਰੋੜ ਰੁਪਏ ਖਰਚ ਕਰਕੇ ਸ੍ਰੀ ਅਨੰਦਪੁਰ ਸਾਹਿਬ ਵਿਰਾਸਤ ਕੰਪਲੈਕਸ ਬਣਾਇਆ ਗਿਆ ਹੈ ਜਿਸ ਦਾ ਉਦਘਾਟਨ ਇਸ ਮਹੀਨੇ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਰਾਜ ਦੇ ਪਵਿੱਤਰ ਨਗਰਾਂ ਦੇ ਮੁਢਲੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ 148. 69 ਕਰੋੜ ਰੁਪਏ ਖਰਚ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜ਼ਿਲ੍ਹਾ ਹੁਸ਼ਿਆਰਪੁਰ ਅੰਦਰ ਪੈਂਦੇ ਪਿੰਡ ਖੁਰਾਲਗੜ੍ਹ ਵਿਖੇ ਗੁਰੂ ਰਵਿਦਾਸ ਜੀ ਦੀ ਵਿਸ਼ਵ ਪੱਧਰੀ ਯਾਦਗਾਰ ਸਥਾਪਿਤ ਕੀਤੀ ਜਾ ਰਹੀ ਹੈ ਜਿਸ ਉਪਰ 10 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸੇ ਤਰ੍ਹਾਂ ਗੁਰੂ ਰਵਿਦਾਸ ਜੀ ਦੇ ਨਾਮ ਤੇ ਪਿੰਡ ਖੜਕਾਂ ਵਿਖੇ ਆਯੂਰਵੇਦ ਯੂਨੀਵਰਸਿਟੀ ਬਣਾਈ ਜਾ ਰਹੀ ਹੈ ਜਿਸ ਉਪਰ ਪਹਿਲੇ ਪੜਾਅ ਵਿੱਚ 55 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਵਿੱਚ ਭਗਵਾਨ ਵਾਲਮੀਕਿ ਜੀ ਦੇ ਨਾਮ ਤੇ ਅੰਤਰਰਾਜੀ ਬੱਸ ਸਟੈਂਡ ਬਣਾਇਆ ਗਿਆ ਹੈ ਅਤੇ ਭਗਵਾਨ ਮਹਾਂਵੀਰ ਜੀ ਦੀ ਯਾਦ ਵਿੱਚ ਸ਼ਹਿਰ ਦੇ ਨਾਲ ਲਗਦੇ ਭੰਗੀ ਚੋਅ ਤੇ ਮਹਾਂਵੀਰ ਸੇਤੂ ਪੁੱਲ ਬਣਾਇਆ ਹੈ ਅਤੇ ਇਸ ਨਵੇਂ ਬਣੇ ਕਮਿਉਨਿਟੀ ਸੈਂਟਰ ਦਾ ਨਾਮ ਵੀ ਡਾ. ਸ਼ਿਆਮਾ ਪ੍ਰਸ਼ਾਦ ਮੁਖਰਜੀ ਦੇ ਨਾਮ ਤੇ ਰੱਖਿਆ ਗਿਆ ਹੈ। ਇਸ ਮੌਕੇ ਤੇ ਸ੍ਰੀ ਸੂਦ ਨੇ ਵੱਖ-ਵੱਖ ਧਾਰਮਿਕ ਜਥੇਬੰਦੀਆਂ, ਸਮਾਜਿਕ ਸੰਸਥਾਵਾਂ ਅਤੇ ਕਲੱਬਾਂ ਨੂੰ ਆਪਣੇ ਅਖਤਿਆਰੀ ਫੰਡ ਵਿੱਚੋ 40 ਲੱਖ ਰੁਪਏ ਦੇ ਚੈਕ ਵੀ ਵੰਡੇ।
ਇਸ ਮੌਕੇ ਤੇ ਜਨਰਲ ਸਕੱਤਰ ਭਾਜਪਾ ਪੰਜਾਬ ਕਮਲ ਸ਼ਰਮਾ, ਪ੍ਰਧਾਨ ਨਗਰ ਕੌਂਸਲ ਸ਼ਿਵ ਸੂਦ, ਸੀਨੀਅਰ ਮੀਤ ਪ੍ਰਧਾਨ ਅਨੰਦਵੀਰ ਸਿੰਘ ਅਤੇ ਬਾਬਾ ਰਾਮ ਮੂਰਤੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਜਨਰਲ ਸਕੱਤਰ ਜ਼ਿਲ੍ਹਾ ਭਾਜਪਾ ਕਮਲਜੀਤ ਸੇਤੀਆ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ, ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਵਿਨੇ ਬੁਬਲਾਨੀ, ਕਾਰਜਸਾਧਕ ਅਫ਼ਸਰ ਪਰਮਜੀਤ ਸਿੰਘ, ਮਿਉਂਸਪਲ ਇੰਜੀਨੀਅਰ ਪਵਨ ਸ਼ਰਮਾ, ਕੌਂਸਲਰ ਸੁਸ਼ਮਾ ਸੇਤੀਆ, ਮੀਤ ਪ੍ਰਧਾਨ ਨਗਰ ਕੌਂਸਲ ਬੀਬੀ ਮਨਜੀਤ ਕੌਰ, ਬਲਵਿੰਦਰ ਬਿੰਦੀ, ਸੁਰਜੀਤ ਕੁਮਾਰ ਬੰਗੜ, ਵਿਕਰਮ ਸਿੰਘ ਕਲਸੀ, ਗੁਰਮੇਲ ਰਾਮ ਝਿੰਮ, ਦਿਹਾਤੀ ਮੰਡਲ ਪ੍ਰਧਾਨ ਵਿਜੇ ਪਠਾਨੀਆ, ਯਸ਼ਪਾਲ ਸ਼ਰਮਾ, ਵਿਨੋਦ ਪਰਮਾਰ, ਅਸ਼ਵਨੀ ਓਹਰੀ, ਰਾਮੇਸ਼ ਜ਼ਾਲਮ, ਸ਼ੀਲ ਸੂਦ, ਸ਼ਕਤੀ ਸੁਦ, ਰਾਜ ਕੁਮਾਰ, ਕੁਲਦੀਪ ਸੋਢੀ, ਰਾਕੇਸ਼ ਭੱਲਾ, ਤਿਲਕ ਰਾਜ ਸ਼ਰਮਾ, ਕ੍ਰਿਸ਼ਨ ਕੁਮਾਰ ਕੋਹਲੀ, ਡਾ. ਇੰਦਰਜੀਤ ਸ਼ਰਮਾ, ਸੁਧੀਰ ਗੁਪਤਾ ਲਕਸ਼ਮੀ, ਵਿਜੇ ਕੁਮਾਰ ਠਾਕੁਰ ਅਤੇ ਸ਼ਹਿਰ ਦੇ ਪਤਵੰਤੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ।