November 13, 2011 admin

ਪੰਜਾਬ ਸਰਕਾਰ ਪੰਜਾਬੀ ਮਾਂ ਬੋਲੀ, ਸਾਹਿਤ ਅਤੇ ਸੱਭਿਆਚਾਰ ਦੇ ਵਿਕਾਸ ਲਈ ਹਮੇਸ਼ਾਂ ਯਤਨਸ਼ੀਲ: ਸੇਖਵਾਂ

*ਭਾਸ਼ਾ ਭਵਨ ਪਟਿਆਲਾ ਵਿਖੇ ‘ਪੰਜਾਬੀ ਸਪਤਾਹ’ ਵਿਦਾਇਗੀ ਸਮਾਗਮ ਸੰਪਨ
ਪਟਿਆਲਾ –  ਪੰਜਾਬ ਸਰਕਾਰ ਪੰਜਾਬੀ ਮਾਂ ਬੋਲੀ, ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦੇ ਵਿਕਾਸ ਲਈ ਹਮੇਸ਼ਾਂ ਯਤਨਸ਼ੀਲ ਰਹੀ ਹੈ। ਪੰਜਾਬੀ ਸਾਹਿਤਕਾਰਾਂ ਦੇ ਵਡਮੁੱਲੇ ਯੋਗਦਾਨ ਸਦਕਾ ਹੀ ਅੱਜ ਸਾਡਾ ਵਿਰਸਾ ਸੁਰੱਖਿਅਤ ਹੈ ਅਤੇ ਸਰਕਾਰ ਉਨ੍ਹਾਂ ਨੂੰ ਬਣਦਾ ਮਾਣ ਸਤਿਕਾਰ ਦੇਣ ਲਈ ਵਚਨਵੱਧ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਿੱਖਿਆ ਅਤੇ ਭਾਸ਼ਾ ਮੰਤਰੀ ਪੰਜਾਬ ਸ. ਸੇਵਾ ਸਿੰਘ ਸੇਖਵਾਂ ਨੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਭਾਸ਼ਾ ਭਵਨ ਪਟਿਆਲਾ ਵਿਖੇ ਪ੍ਰਸਿੱਧ ਨਾਟਕਕਾਰ ਸਵ: ਸ. ਗੁਰਸ਼ਰਨ ਸਿੰਘ ਨੂੰ ਸਮਰਪਿਤ ‘ਪੰਜਾਬੀ ਸਪਤਾਹ’ ਦੇ ਵਿਦਾਇਗੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਭਾਸ਼ਾ ਵਿਭਾਗ ਵੱਲੋਂ ਹਰ ਸਾਲ ਨਵੰਬਰ ਦਾ ਪਹਿਲਾ ਹਫਤਾ ਪੰਜਾਬੀ ਮਾਂ ਬੋਲੀ ਨੂੰ ਪ੍ਰਫੂਲਿਤ ਕਰਨ ਲਈ ਮਨਾਇਆ ਜਾਂਦਾ ਹੈ। ਸ. ਸੇਖਵਾਂ ਨੇ ਕਿਹਾ ਕਿ ਭਾਸ਼ਾ ਵਿਭਾਗ ਵੱਲੋਂ ਕਰਵਾਏ ਜਾਣ ਵਾਲੇ ਸਮਾਗਮ ਉਨ੍ਹਾਂ ਸਾਹਿਤਕਾਰਾਂ ਨੂੰ ਸਮਰਪਿਤ ਕੀਤੇ ਜਾਂਦੇ ਹਨ ਜਿਨ੍ਹਾਂ ਨੇ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਵੱਡਾ ਯੋਗਦਾਨ ਪਾਇਆ ਹੈ ਜਿਸ ਨਾਲ ਸਾਡੀ ਨੌਜਵਾਨ ਪੀੜ੍ਹੀ ਉਨ੍ਹਾਂ ਵੱਲੋਂ ਪੰਜਾਬੀ ਸਾਹਿਤ ਵਿੱਚ ਪਾਏ ਯੋਗਦਾਨ ਤੋਂ ਸੇਧ ਲੈ ਸਕਣ।
         ਸ. ਸੇਖਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਟਾਲਾ ਵਿਖੇ ਪੰਜਾਬੀ ਦੇ ਪ੍ਰਸਿੱਧ ਕਵੀ ਸ਼੍ਰੀ ਸ਼ਿਵ ਕੁਮਾਰ ਬਟਾਲਵੀ ਦੀ ਯਾਦ ਵਿੱਚ ਬਟਾਲਾ ਵਿਖੇ ਬਣੇ ‘ਸ਼ਿਵ ਕੁਮਾਰ ਐਡੀਟੋਰੀਅਮ’ ਦੇ ਨਵੀਨੀਕਰਨ ਲਈ 1 ਕਰੋੜ 80 ਲੱਖ ਰੁਪਏ ਦੀ ਰਾਸ਼ੀ ਪ੍ਰਵਾਨ ਕੀਤੀ ਗਈ ਹੈ ਅਤੇ ਇਸ ਆਡੀਟੋਰੀਅਮ ਦੇ ਨਵੀਨੀਕਰਨ ਲਈ ਇੱਕ ਟਰੱਸਟ ਬਣਾਇਆ ਗਿਆ ਹੈ ਜਿਸ ਦੇ ਚੇਅਰਮੈਨ ਡਿਪਟੀ ਕਮਿਸ਼ਨਰ ਗੁਰਦਾਸਪੁਰ ਹੋਣਗੇ। ਉਨ੍ਹਾਂ ਦੱਸਿਆ ਕਿ ਭਾਸ਼ਾ ਵਿਭਾਗ ਵੱਲੋਂ ਪੰਜਾਬੀ ਦੇ ਉੱਘੇ ਸ਼ਾਇਰ ਸ਼੍ਰੀ ਸੰਤ ਰਾਮ ਉਦਾਸੀ ਦੀ ਯਾਦ ਵਿੱਚ 8 ਨਵੰਬਰ ਨੂੰ ਬਰਨਾਲਾ ਵਿਖੇ ਉਨ੍ਹਾਂ ਨੂੰ ਸਮਰਪਿਤ ਇੱਕ ਪ੍ਰੋਗਰਾਮ ਕਰਵਾਇਆ ਗਿਆ ਅਤੇ ਸਰਕਾਰ ਵੱਲੋਂ ਉਨ੍ਹਾਂ ਦੇ ਜੱਦੀ ਪਿੰਡ ਰਾਏਸਰ ਦੇ ਸਕੂਲ ਦਾ ਨਾਂ ਸ਼੍ਰੀ ਸੰਤ ਰਾਮ ਉਦਾਸੀ ਦੇ ਨਾਂ ‘ਤੇ ਰੱਖਿਆ ਹੈ ਅਤੇ ਉੱਥੇ 1 ਏਕੜ ਦੇ ਰਕਬੇ ਵਿੱਚ ਉਨ੍ਹਾਂ ਨੂੰ ਸਮਰਪਿਤ ਲਾਇਬਰੇਰੀ ਦਾ ਨੀਂਹ ਪੱਥਰ ਵੀ ਰੱਖਿਆ ਗਿਆ ਹੈ।  ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਦੇ ਪਸਾਰ ਅਤੇ ਵਿਕਾਸ ਲਈ ਵੱਡੇ ਪੱਧਰ ‘ਤੇ ਯਤਨ ਕੀਤੇ ਜਾ ਰਹੇ ਹਨ। ਇਸ ਮੌਕੇ ਸਿੱਖਿਆ ਮੰਤਰੀ ਵੱਲੋਂ ਭਾਸ਼ਾ ਵਿਭਾਗ ਦਾ ਝੰਡਾ ਜੋ ਪੰਜਾਬੀ ਸਪਤਾਹ ਦੇ ਸਮਾਗਮਾਂ ਦੀ ਸ਼ੁਰੂਆਤ ਸਮੇਂ 1 ਨਵੰਬਰ ਨੂੰ ਲਹਿਰਾਇਆ ਗਿਆ ਸੀ, ਨੂੰ ਵਿਦਾਇਗੀ ਸਮਾਗਮ ਮੌਕੇ ਉਤਾਰਨ ਦੀ ਰਸਮ ਵੀ ਅਦਾ ਕੀਤੀ ਗਈ।
         ਇਸ ਮੌਕੇ ਸਿੱਖਿਆ ਮੰਤਰੀ ਵੱਲੋਂ ਡਾ. ਰਾਜਵੰਤ ਕੌਰ ਦੀ ਪੁਸਤਕ ‘ਸਿਹਰਾ, ਸਿੱਖਿਆ, ਸੰਕਲਪ ਅਤੇ ਮੁਲਾਂਕਣ’ ਨੂੰ ਡਾ. ਅਤਰ ਸਿੰਘ ਪੁਰਸਕਾਰ ਨਾਲ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਸਿੱਖਿਆ ਮੰਤਰੀ ਵੱਲੋਂ ਸਾਬਕਾ ਵਿਧਾਇਕ ਸ. ਬਲਵੰਤ ਸਿੰਘ ਸ਼ਾਹਪੁਰ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਬਕਾ ਚੇਅਰਮੈਨ ਡਾ. ਕੇਸਰ ਸਿੰਘ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਰਜਿਸਟਰਾਰ ਸ. ਮਨਜੀਤ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ। ਡਾਇਰੈਕਟਰ ਭਾਸ਼ਾ ਵਿਭਾਗ ਸ਼੍ਰੀਮਤੀ ਬਲਬੀਰ ਕੌਰ ਨੇ ਮੁੱਖ ਮਹਿਮਾਨ ਅਤੇ ਹੋਰ ਪਤਵੰਤਿਆਂ ਨੂੰ ਜੀ ਆਇਆਂ ਕਿਹਾ ਅਤੇ ਉਨ੍ਹਾਂ ਵੱਲੋਂ ਸਿੱਖਿਆ ਮੰਤਰੀ ਸ. ਸੇਖਵਾਂ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਪ੍ਰਸਿੱਧ ਨਾਟਕਕਾਰ ਸਵ: ਸ. ਗੁਰਸ਼ਰਨ ਸਿੰਘ ਨੂੰ ਸਮਰਪਿਤ ਸ਼੍ਰੀ ਕੇਵਲ ਧਾਲੀਵਾਲ ਵੱਲੋਂ ਨਿਰਦੇਸ਼ਿਤ ਨਾਟਕ ‘ਨਵਾਂ ਜਨਮ’ ਅਤੇ ਸ਼੍ਰੀ ਹੰਸਾ ਸਿੰਘ ਵੱਲੋਂ ਨਿਰਦੇਸ਼ਿਤ ਨਾਟਕ ‘ਮਿੱਟੀ ਰੁਦਨ ਕਰੇ’ ਦਾ ਸ਼ਾਨਦਾਰ ਮੰਚਨ ਕੀਤਾ ਗਿਆ ਹੈ। ਇਹਨਾਂ ਨਾਟਕਾਂ ਵਿੱਚ ਸਮਾਜਿਕ ਕੁਰਤੀਆਂ ਨੂੰ ਪੇਸ਼ ਕਰਕੇ ਸਮਾਜ ਸੁਧਾਰ ‘ਤੇ ਜ਼ੋਰ ਦਿੱਤਾ ਗਿਆ। ਇਸ ਮੌਕੇ ਸੱਭਿਆਚਾਰਕ ਪ੍ਰੋਗਰਾਮ ਅਤੇ ਲੋਕ ਨਾਚ ਭੰਗੜਾ ਵੀ ਪੇਸ਼ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਉਰਦੂ ਸਾਹਿਤਕਾਰ ਸਰਦਾਰ ਪੰਛੀ, ਡਾ. ਤੇਜਵੰਤ ਸਿੰਘ ਮਾਨ, ਡਾ. ਸੁਰਜੀਤ ਸਿੰਘ ਭੱਟੀ, ਡਾ. ਬਲਕਾਰ ਸਿੰਘ, ਸ. ਹਰਵਿੰਦਰ ਸਿੰਘ ਖਾਲਸਾ, ਸ. ਜੋਗਿੰਦਰ ਸਿੰਘ ਪੰਛੀ, ਸ਼੍ਰੀ ਬਾਬੂ ਰਾਮ ਦੀਵਾਨਾ, ਪ੍ਰਸਿੱਧ ਕਹਾਣੀਕਾਰ ਸਵ: ਸੁਜਾਨ ਸਿੰਘ ਦੀ ਸਪੁੱਤਰੀ ਬੀਬੀ ਸੁਰਿੰਦਰ ਕੌਰ, ਡੀ.ਐਸ.ਪੀ. ਸ. ਕੇਸਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਾਹਿਤਕਾਰ, ਸਾਹਿਤ ਪ੍ਰੇਮੀ, ਭਾਸ਼ਾ ਵਿਭਾਗ ਦੇ ਅਧਿਕਾਰੀ ਤੇ ਹੋਰ ਪਤਵੰਤੇ ਵੀ ਹਾਜ਼ਰ ਸਨ। ਇਸ ਮੌਕੇ ਸਟੇਜ ਦਾ ਸੰਚਾਲਨ ਭਾਸ਼ਾ ਵਿਭਾਗ ਦੇ ਸੰਯੁਕਤ ਸੰਚਾਲਕ ਡਾ. ਚੇਤਨ ਸਿੰਘ ਨੇ ਕੀਤਾ।

Translate »