November 13, 2011 admin

ਖਾਲਸਾ ਕਾਲਜ ਵਿਖੇ ਸੁੰਦਰ ਦਸਤਾਰ ਸਜਾਉਣ ਮੁਕਾਬਲਾ

ਅੰਮ੍ਰਿਤਸਰ – ਸਿੱਖ ਪੰਥ ਦੀ ਸਿਰਮੌਰ ਵਿੱਦਿਅਕ ਸੰਸਥਾ ਸਥਾਨਕ ਖਾਲਸਾ ਕਾਲਜ ਵਿਖੇ ਵਿਦਿਆਰਥੀਆਂ ਵਿੱਚ ਦਸਤਾਰ ਦੇ ਪ੍ਰਸਾਰ ਨੂੰ ਮੁੱਖ ਰੱਖਦਿਆਂ ਸੁੰਦਰ ਦਸਤਾਰ ਸਜਾਉਣ ਦਾ ਮੁਕਾਬਲਾ ਅੱਜ ਕਾਲਜ ਦੇ ਹਾਲ ਵਿਖੇ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਖਾਲਸਾ ਕਾਲਜ ਚੈਰੀਟੇਬਲ ਸੁਸਾਇਟੀ ਦੀਆਂ ਸਮੂੰਹ ਵਿਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਹ ਮੁਕਾਬਲਾ ਕਾਲਜ ਦੇ ਪ੍ਰਿੰਸੀਪਲ, ਡਾ. ਦਲਜੀਤ ਸਿੰਘ ਦੀ ਰਹਿਨੁਮਾਈ ਹੇਠ ਹੋਇਆ। ਡਾ. ਦਲਜੀਤ ਸਿੰਘ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਦਸਤਾਰ ਦੀ ਮਹੱਤਤਾ ਬਾਰੇ ਜਾਣੂੰ ਕਰਵਾਇਆ।
ਇਸ ਮੁਕਾਬਲੇ ਵਿੱਚ ਖਾਲਸਾ ਕਾਲਜ (ਅੰਮ੍ਰਿਤਸਰ) ਦਾ ਵਿਦਿਆਰਥੀ ਬਲਪ੍ਰੀਤ ਸਿੰਘ ਪਹਿਲੇ, ਖਾਲਸਾ ਕਾਲਜ ਸੀਨੀਅਰ ਸੈਕੰਡੀਰੀ ਸਕੂਲ ਦਾ ਵਿਸ਼ਾਲ ਸਿੰਘ ਦੂਜੇ ਅਤੇ ਖਾਲਸਾ ਕਾਲਜ ਆਫ ਫਿਜ਼ੀਕਲ ਐਜ਼ੂਕੇਸ਼ਨ (ਹੇਰ) ਦੇ ਜੋਬਨਜੀਤ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਮੁਕਾਬਲੇ ਵਿੱਚ ਸੁਖਦੀਪ ਸਿੰਘ, ਅਮੋਲਕ ਸਿੰਘ ਅਤੇ ਹਰਕਿਰਨਬੀਰ ਸਿੰਘ ਨੇ ਵਿਸ਼ੇਸ਼ ਇਨਾਮ ਪ੍ਰਾਪਤ ਕੀਤੇ। ਜੱਜਾਂ ਦੀ ਭੂਮਿਕਾ ਸ. ਸੁਖਦੇਵ ਸਿੰਘ ਰੰਧਾਵਾ ਅਤੇ ਸ. ਕੁਲਵੰਤ ਸਿੰਘ ਗਿੱਲ ਨੇ ਨਿਭਾਈ। ਇਸ ਦਾ ਸਮੁੱਚਾ ਪ੍ਰਬੰਧ ਪ੍ਰੋ. ਬਲਜਿੰਦਰ ਸਿੰਘ (ਰਜਿਸਟਰਾਰ), ਡਾ. ਭੁਪਿੰਦਰ ਸਿੰਘ ਜੌਲੀ (ਪੰਜਾਬੀ ਵਿਭਾਗ) ਅਤੇ ਡਾ. ਇੰਦਰਜੀਤ ਸਿੰਘ ਗੋਗੋਆਣੀ (ਸਿੱਖ ਇਤਿਹਾਸ ਖੋਜ ਵਿਭਾਗ) ਵੱਲੋਂ ਕੀਤਾ ਗਿਆ।

Translate »