November 13, 2011 admin

ਆਪਣੀ ਆਮਦਨ ਦਾ ਸਵੈ ਪ੍ਰਚੋਲ ਕਰਦੇ ਹੋਏ ਆਪਣੀ ਸਹੀ ਆਮਦਨ ਘੋਸ਼ਿਤ ਕਰਕੇ ਉਸ ਅਨੁਸਾਰ ਆਮਦਨ ਟੈਕਸ ਅਦਾ ਕਰਨਾ ਚਾਹੀਦਾ ਹੈ

ਤਰਨਤਾਰਨ – ਸ੍ਰੀਮਤੀ ਆਭਾ ਰਾਣੀ ਸਿੰਘ ਵਧੀਕ ਕਮਿਸ਼ਨਰ ਆਮਦਨ ਕਰ ਰੇਂਜ-1 ਅੰਮ੍ਰਿਤਸਰ ਨੇ ਤਰਨਤਾਰਨ ਨਾਲ ਸਬੰਧਤ ਵਿਉਪਾਰੀਆਂ, ਕਾਰਖਾਨੇਦਾਰਾਂ, ਭੱਠਾ ਮਾਲਿਕਾਂ ਅਤੇ ਦੁਕਾਨਦਾਰਾਂ ਨਾਲ ਆਯੋਜਿਤ ਕੀਤੀ ਗਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਆਮਦਨ ਦਾ ਸਵੈ ਪ੍ਰਚੋਲ ਕਰਦੇ ਹੋਏ ਆਪਣੀ ਸਹੀ ਆਮਦਨ ਘੋਸ਼ਿਤ ਕਰਕੇ ਉਸ ਅਨੁਸਾਰ ਆਮਦਨ ਟੈਕਸ ਅਦਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਤਰਨਤਾਰਨ ਖੇਤਰ ਵਿਚ ਕੁਝ ਕਰ ਦਾਤਾਵਾਂ ਵੱਲੋਂ ਆਪਣੀ ਆਮਦਨ ਦਾ ਸਹੀ ਵੇਰਵਾ ਨਾ ਦੇਣ ਕਾਰਨ ਆਮਦਨ ਕਰ ਦੇ ਅੰਕੜੇ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਇਸ ਮੀਟਿੰਗ ਦੌਰਾਨ ਵੱਖ-ਵੱਖ ਵਿਉਪਾਰਿਕ ਘਰਾਣਿਆਂ ਅਤੇ ਉਦਯੋਗਪਤੀਆਂ ਨੂੰ ਕਿਹਾ ਕਿ ਵੱਧ ਤੋਂ ਵੱਧ ਟੈਕਸ ਦੇਣ ਲਈ ਅੱਗੇ ਆਉਣਾ ਚਾਹੀਦਾ ਹੈ, ਤਾਂ ਜੋ ਇਨਕਮ ਟੈਕਸ ਤੋਂ ਪ੍ਰਾਪਤ ਧਨ-ਰਾਸ਼ੀ ਦੇਸ਼ ਦੇ ਵੱਖ-ਵੱਖ ਵਿਕਾਸ ਕਾਰਜਾਂ ਵਿਚ ਲਗਾਈ ਜਾ ਸਕੇ ਅਤੇ ਭਵਿੱਖ ਵਿਚ ਹੋਣ ਵਾਲੀ ਕਿਸੇ ਵਿਭਾਗੀ ਕਾਰਵਾਈ ਤੋਂ ਵੀ ਬਚਿਆ ਜਾ ਸਕੇ।
ਵਿਉਪਾਰੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਅੱਗੇ ਦੱਸਿਆ ਕਿ ਅਪ੍ਰੈਲ 2011 ਤੋਂ 31 ਅਕਤੂਬਰ 2011 ਤੱਕ 4 ਕਰੋੜ ਤੋਂ ਵੱਧ ਰਕਮ ਵਿਉਪਾਰੀਆਂ, ਕਾਰਖਾਨੇਦਾਰਾਂ ਆਦਿ ਨੂੰ ਰਿਫੰਡ ਕੀਤੀ ਗਈ ਹੈ। ਸ੍ਰੀਮਤੀ ਆਭਾ ਰਾਣੀ ਸਿੰਘ ਨੇ ਤਰਨਤਾਰਨ ਜ਼ਿਲ੍ਹੇ ਦੇ ਇਨਕਮਟੈਕਸ ਨਾਲ ਸਬੰਧਤ ਬਾਰ ਐਸੋਸੀਏਸ਼ਨ ਅਤੇ ਚਾਰਟਡ ਲੇਖਾਕਾਰਾਂ ਨਾਲ ਆਮਦਨ ਕਰ ਰਿਟਰਨ ਭਰਨ ਦੀਆਂ ਵੱਖ-ਵੱਖ ਬਾਰੀਕੀਆਂ ਤੇ ਕਾਰਵਾਈ ਸਬੰਧੀ ਮੀਟਿੰਗ ਵੀ ਕੀਤੀ, ਜਿਸ ਵਿਚ ਇਨਕਮ ਟੈਕਸ ਬਾਰ ਐਸੋਸੀਏਸ਼ਨ ਦੇ ਮੈਂਬਰ ਸ੍ਰੀ ਜੇ.ਕੇ. ਸੂਦ, ਸ੍ਰੀ ਆਦੇਸ਼ ਅਗਨੀਹੋਤਰੀ ਤੋਂ ਇਲਾਵਾ ਸ੍ਰੀ ਪੀ.ਐੱਸ. ਓਹਜ਼ਾ ਅਤੇ ਰਮਨ ਵਧਵਾ ਨੇ ਹਿੱਸਾ ਲਿਆ।
ਇਨ੍ਹਾਂ ਮੀਟਿੰਗਾਂ ਉਪਰੰਤ ਵਧੀਕ ਆਮਦਨ ਕਰ ਕਮਿਸ਼ਨਰ ਨੇ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿਖੇ ਇਨਕਮਟੈਕਸ ਪ੍ਰਤੀ ਜਾਗਰੁਕਤਾ ਸੈਮੀਨਾਰ ਸਮੇਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਮਦਨ ਕਰ ਦੀ ਧਾਰਨਾ ਸਦੀਆਂ ਪੁਰਾਣੀ ਹੈ। ਉਨ੍ਹਾਂ ਇਤਿਹਾਸਿਕ ਹਵਾਲਿਆਂ ਨਾਲ ਆਮਦਨ ਕਰ ਅਦਾ ਕਰਨ ਦੀ ਪਰੰਮਰਾ ਬਾਰੇ ਬੋਲਦਿਆਂ ਕਿਹਾ ਕਿ ਇਨਕਮਟੈਕਸ ਅਦਾ ਕਰਨਾ ਹਰ ਸ਼ਹਿਰੀ ਦਾ ਕਰਤਵ ਹੈ। ਇਸ ਸਮੇਂ ਸ੍ਰੀ ਜੀ.ਐੱਲ. ਰਾਣਾ, ਸ੍ਰੀ ਏ.ਐੱਸ. ਰਾਹੀ ਅਤੇ ਸ੍ਰੀ ਅਜੇ ਸ਼ਰਮਾ ਤੋਂ ਇਲਾਵਾ ਸ੍ਰੀਮਤੀ ਹਰਜਿੰਦਰ ਕੌਰ ਸੋਖੀ ਪ੍ਰਿੰਸੀਪਲ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵੀ ਹਾਜਰ ਸਨ।

Translate »