ਫਿਰੋਜ਼ਪੁਰ – ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ 12 ਨਵੰਬਰ ਨੂੰ ਵਿਸ਼ਵ ਕਬੱਡੀ ਕੱਪ 2011 ਤਹਿਤ ਹੋ ਰਹੇ ਚਾਰ ਅੰਤਰਰਾਸ਼ਟਰੀ ਕਬੱਡੀ ਮੈਚਾਂ ਦੀਆਂ ਤਿਆਰੀਆਂ ਸਬੰਧੀ ਜ਼ਿਲ੍ਹਾ ਪੱਧਰੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ ਕਮ-ਨੋਡਲ ਅਫਸਰ ਇੰਜੀ: ਡੀ.ਪੀ. ਐਸ. ਖਰਬੰਦਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਐਸ.ਡੀ.ਐਮ. ਸ੍ਰੀ ਸੁਭਾਸ਼ ਚੰਦਰ, ਸ. ਬਲਦੇਵ ਸਿੰਘ ਭੁੱਲਰ ਬੱਚਤ ਅਫਸਰ, ਜ਼ਿਲ੍ਹਾ ਖੇਡ ਅਫਸਰ ਸ੍ਰੀ ਸੁਨੀਲ ਸ਼ਰਮਾ, ਜ਼ਿਲ੍ਹਾ ਟਰਾਂਸਪੋਰਟ ਅਫਸਰ ਸ. ਗੁਰਚਰਨ ਸਿੰਘ ਸੰਧੂ, ਸ. ਅਮਰੀਕ ਸਿੰਘ ਡੀ.ਡੀ.ਪੀ.ਓ., ਸ. ਬਲਜਿੰਦਰ ਸਿੰਘ ਢਿੱਲੋਂ ਡੀ.ਐਫ.ਐਸ.ਸੀ, ਸ. ਜਤਿੰਦਰ ਸਿੰਘ ਬੈਨੀਪਾਲ ਐਸ.ਪੀ., ਸ. ਜਗਜੀਤ ਸਿੰਘ ਸਰੋਆ ਡੀ.ਐਸ.ਪੀ. ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਭਾਗ ਲਿਆ।
ਵਧੀਕ ਡਿਪਟੀ ਕਮਿਸ਼ਨਰ ਡੀ.ਪੀ.ਐਸ. ਖਰਬੰਦਾ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਇਨ੍ਹਾਂ ਮੈਚਾਂ ਲਈ ਬਣਾਈਆਂ ਵੱਖ-ਵੱਖ ਆਯੋਜਿਤ ਕਮੇਟੀਆਂ ਦੇ ਚੇਅਰਮੈਨਾਂ ਤੋਂ ਭਗਤ ਸਿੰਘ ਸਟੇਡੀਅਮ ਵਿਖੇ ਕੀਤੇ ਗਏ ਵੱਖ-ਵੱਖ ਤਰ੍ਹਾਂ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਕ ਦਿਨ ਦੇ ਅੰਦਰ-ਅੰਦਰ ਸਾਰੀਆਂ ਤਰੁੱਟੀਆਂ ਨੂੰ ਦੂਰ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ 12 ਨਵੰਬਰ ਨੂੰ ਦਪਿਹਰ 12 ਵਜੇਂ ਰੰਗਾਰੰਗ ਸੱਭਿਆਚਾਰ ਪ੍ਰੋਗਰਾਮ ਹੋਵੇਗਾ, ਜਿਸ ਵਿਚ ਪੰਜਾਬੀ ਲੋਕ ਗਾਇਕ ਬਲਕਾਰ ਸਿੰਘ ਸਿੱਧੂ ਦਰਸ਼ਕਾਂ ਦ ਮਨੋਰੰਜਨ ਕਰਨਗੇ। ਇਸ ਉਪਰੰਤ ਦੁਪਿਹਰੇ 1 ਵਜੇਂ ਸ਼ੁਰੂ ਹੋਣ ਵਾਲਾ ਪਹਿਲਾਂ ਮੁਕਾਬਲਾ ਲੜਕੀਆਂ ਦੀਆਂ ਇੰਗਲੈਂਡ ਅਤੇ ਭਾਰਤ ਦੀਆਂ ਟੀਮਾਂ ਵਿਚਕਾਰ ਹੋਵੇਗਾ। ਮਰਦਾਂ ਦੇ ਕਬੱਡੀ ਮੁਕਾਬਲਿਆਂ ਵਿਚ ਦੁਪਿਹਰ 2 ਵਜੇਂ ਕਨੇਡਾ ਬਨਾਮ ਨੇਪਾਲ, 3 ਵਜੇਂ ਆਸਟਰੇਲੀਆ ਬਨਾਮ ਅਫਗਾਨਿਸਤਾਨ ਅਤੇ 4 ਵਜੇਂ ਇੰਗਲੈਂਡ ਬਨਾਮ ਜਰਮਨ ਦੀਆਂ ਟੀਮਾਂ ਵਿਚਕਾਰ ਹੋਣਗੇ। ਉਨ੍ਹਾਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਇਨ੍ਹਾਂ ਮੈਚਾਂ ਨੂੰ ਦੇਖਣ ਲਈ ਆਉਣ।