November 13, 2011 admin

ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ਅੰਤਰ-ਵਿਭਾਗੀ ਹੈਂਡਬਾਲ ਮੁਕਾਬਲੇ ਸੰਪੰਨ

ਅੰਮ੍ਰਿਤਸਰ – ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁਰਸ਼ਾਂ ਦੇ ਅੰਤਰ-ਵਿਭਾਗੀ ਹੈਡਬਾਲ ਮੁਕਾਬਲੇ ਬੀਤੀ ਦਿਨੀ ਯੂਨੀਵਰਸਿਟੀ ਦੀ ਹੈਡਬਾਲ ਗਰਾਊਡ ਵਿਖੇ ਸੰਪਨ ਹੋਏ। ਤਿੰਨ-ਦਿਨਾਂ ਮੁਕਾਬਲਿਆਂ ਵਿਚ ਪੁਰਸ਼ਾਂ ਦੀਆਂ 8 ਟੀਮਾਂ ਦੇ ਨਾਕ-ਆਊਟ ਮੈਚਾਂ ਵਿਚੋ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੀਆਂ ਚਾਰ ਟੀਮਾਂ ਦੇ ਲੀਗ ਮੁਕਾਬਲੇ ਕਰਵਾਏ ਗਏ । ਜਿਸ ਵਿਚ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ ਨੇ ਲੀਗ ਦੇ ਸਾਰੇ ਮੈਚ ਜਿੱਤਕੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਅਪਲਾਈਡ ਕੈਮਿਕਲ ਸਾਇੰਸਜ਼ ਵਿਭਾਗ ਨੇ 4 ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਹਾਸਲ ਕੀਤਾ ਜਦਕਿ ਫਾਰਮਾਸਿਊਟੀਕਲ ਸਾਇੰਸ ਵਿਭਾਗ ਤੀਜੇ ਅਤੇ ਫੂਡ ਸਾਇੰਸ ਐਡ ਟੈਕਨੋਲੋਜੀ ਵਿਭਾਗ ਚੌਥੇ ਸਥਾਨ ਤੇ ਰਿਹਾ।
  ਪ੍ਰੋਫੈਸਰ ਅਮਰਜੀਤ ਸਿੰਘ ਸਿੱਧੂ, ਪ੍ਰੋਫੈਸਰ ਇੰਚਾਰਜ (ਪਬਲੀਕੇਸ਼ਨ ਬਿਊਰੋ) ਸਮਾਪਤੀ ਸਮਾਗਮ ਵਿਚ ਮੁੱਖ ਮਹਿਮਾਨ ਸਨ ਅਤੇ ਉਨ੍ਹਾਂ ਨੇ ਜੇਤੂ ਟੀਮਾਂ ਨੂੰ ਟਰਾਫ਼ੀਆਂ ਪ੍ਰਦਾਨ ਕੀਤੀਆਂ। ਇਸ ਮੌਕੇ ਪ੍ਰੋਫੈਸਰ ਸ਼ਰਨਜੀਤ ਸਿੰਘ ਢਿਲੋ, ਪ੍ਰੋਫੈਸਰ ਇੰਚਾਰਜ ਵਿੱਤ ਤੇ ਵਿਕਾਸ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।
ਇਸਤ੍ਰੀਆਂ ਦੇ ਸੈਕਸ਼ਨ ਵਿਚ ਕੰਪਿਊਟਰ ਸਾਇੰਸ ਐਡ ਟੈਕਨੋਲੋਜੀ ਵਿਭਾਗ ਨੇ ਲੀਗ ਮੁਕਾਬਲਿਆਂ ਵਿਚ 4 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ ਨੇ 2 ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਹਾਸਲ ਕੀਤਾ ਜਦਕਿ ਫੂਡ ਸਾਇੰਸ ਐਡ ਟੈਕਨੋਲੋਜੀ ਵਿਭਾਗ ਤੀਜੇ ਸਥਾਨ ਤੇ ਰਿਹਾ।  
ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਸਥਾਪਨਾ ਦਿਵਸ 24 ਨਵੰਬਰ ਨੂੰ ਧੂਮਧਾਮ ਨਾਲ ਮਨਾਇਆ ਜਾਵੇਗਾ
ਪ੍ਰੋਫੈਸਰ ਵੇਦ ਪ੍ਰਕਾਸ਼, ਡਾ. ਏ. ਕੇ. ਮਹਾਪਾਤਰਾ ਅਤੇ ਦਲੀਪ ਕੌਰ ਟਿਵਾਣਾ ਵਿਦਿਅਕ ਭਾਸ਼ਣ ਦੇਣਗੇ
ਅੰਮ੍ਰਿਤਸਰ – ਗੁਰੂ ਨਾਨਕ ਦੇਵ ਯੂਨੀਵਰਸਿਟੀ ਆਪਣਾ 42ਵਾਂ ਸਥਾਪਨਾ ਦਿਵਸ 24 ਨਵੰਬਰ ਨੂੰ ਧੂਮਧਾਮ ਨਾਲ ਮਨਾਏਗੀ। ਸਾਰਾ ਦਿਨ ਚੱੱਲਣ ਵਾਲੇ ਜਸ਼ਨਾਂ ਦਾ ਆਰੰਭ ਸਵੇਰੇ 7.45 ਵਜੇ ਗੁਰਦੁਆਰਾ ਸਾਹਿਬ ਵਿਖੇ ਭੋਗ ਸ੍ਰੀ ਅਖੰਡ ਪਾਠ ਉਪਰੰਤ ਸ਼ਬਦ ਕੀਰਤਨ ਅਤੇ ਅਰਦਾਸ ਨਾਲ ਹੋਵੇਗਾ।
ਰਜਿਸਟਰਾਰ ਡਾ. ਇੰਦਰਜੀਤ ਸਿੰਘ ਨੇ ਵੇਰਵਾ ਦਿੰਦਿਆਂ ਦੱਸਿਆ ਕਿ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ, ਨਵੀਂ ਦਿੱਲੀ ਦੇ ਚੇਅਰਮੈਨ ਪ੍ਰੋਫੈਸਰ ਵੇਦ ਪ੍ਰਕਾਸ਼; ਨਿਊਰੋਸਰਜਰੀ ਵਿਭਾਗ, ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼, ਨਵੀਂ ਦਿੱਲੀ ਦੇ ਪ੍ਰੋਫੈਸਰ ਤੇ ਮੁਖੀ, ਡਾ. ਏ. ਕੇ. ਮਹਾਪਾਤਰਾ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਉੱਘੀ ਲੇਖਿਕਾ ਡਾ. ਦਲੀਪ ਕੌਰ ਟਿਵਾਣਾ ਯੂਨੀਵਰਸਿਟੀ ਦੇ ਸਥਾਪਨਾ ਦਿਵਸ ਮੌਕੇ ਗੁਰੂ ਨਾਨਕ ਭਵਨ ਆਡੀਟੋਰੀਅਮ ਵਿਖੇ ਸਵੇਰੇ  10.15 ਵਜੇ ਵਿਦਿਅਕ ਭਾਸ਼ਣ ਦੇਣਗੇ।
ਉਨ੍ਹਾਂ ਦੱਸਿਆ ਕਿ ਇਸ ਮੌਕੇ ਭਾਈ ਗੁਰਦਾਸ ਲਾਇਬ੍ਰੇਰੀ ਵਿਖੇ ਦੁਰਲੱਭ ਪੁਸਤਕਾਂ ਤੇ ਖਰੜਿਆਂ ਦੀ ਪ੍ਰਦਰਸ਼ਨੀ ਅਤੇ ਪੇਂਟਿੰਗ ਪ੍ਰਦਰਸ਼ਨੀ ਵੀ ਲਗਾਈ ਜਾਏਗੀ। ਇਸੇ ਤਰ੍ਹਾਂ ਫਿਜ਼ਿਕਸ ਬਲਾਕ ਦੇ ਨੇੜੇ ਲੋਕ ਕਲਾ ਪ੍ਰਦਰਸ਼ਨੀ ਵੀ ਲੱਗੇਗੀ, ਜਿਸ ਵਿਚ ਯੂਨੀਵਰਸਿਟੀ ਨਾਲ ਸਬੰਧਤ ਕਾਲਜਾਂ ਵਲੋਂ ਲੋਕ ਕਲਾ ਨਾਲ ਸਬੰਧਤ ਵਸਤਾਂ ਦੀ ਨੁਮਾਇਸ਼ ਕੀਤੀ ਜਾਵੇਗੀ।         
ਡਾ. ਇੰਦਰਜੀਤ ਸਿੰਘ ਨੇ ਦੱਸਿਆ ਕਿ ਇਸ ਦਿਨ ਗੁਰੂ-ਕਾ-ਲੰਗਰ ਸੈਨੇਟ ਹਾਲ ਲਾਅਨਜ਼ ਵਿਖੇ ਦੁਪਹਿਰ 1.30 ਵਜੇ ਆਰੰਭ ਹੋਵੇਗਾ ਅਤੇ ਸ਼ਾਮੀਂ 3.00 ਤੋਂ 4.20 ਵਜੇ ਤਕ ਯੂਨੀਵਰਸਿਟੀ ਹਾਕੀ ਮੈਦਾਨ ਵਿਚ ਪ੍ਰਦਰਸ਼ਨੀ ਹਾਕੀ ਮੈਚ ਹੋਵੇਗਾ। ਇਸੇ ਤਰ੍ਹਾਂ ਸ਼ਾਮ 7 ਤੋਂ 8 ਵਜੇ ਤਕ ਗੁਰਦਵਾਰਾ ਸਾਹਿਬ ਵਿਖੇ ਕੀਰਤਨ ਦਰਬਾਰ ਹੋਵੇਗਾ। ਕੀਰਤਨ ਉਪਰੰਤ ਗੱਤਕੇ ਦੇ ਜੌਹਰ ਵਿਖਾਏ ਜਾਣਗੇ। ਉਨ੍ਹਾਂ ਦੱਸਿਆ ਕਿ 24 ਨਵੰਬਰ ਰਾਤ ਨੂੰ ਯੂਨੀਵਰਸਿਟੀ ਕੈਂਪਸ ਦੀਆਂ ਪ੍ਰਮੁੱਖ ਇਮਾਰਤਾਂ ‘ਤੇ ਦੀਪਮਾਲਾ ਵੀ ਕੀਤੀ ਜਾਵੇਗੀ।

Translate »