ਹੁਸ਼ਿਆਰਪੁਰ – ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਲੜਕੀ ਦੇ ਪੈਦਾ ਹੋਣ ਤੇ ਬੇਬੇ ਨਾਨਕੀ ਲਾਡਲੀ ਬੇਟੀ ਕਲਿਆਣ ਸਕੀਮ ਤਹਿਤ 15000 ਰੁਪਏ ਪੈਦਾ ਹੋਣ ਵਾਲੀ ਲੜਕੀ ਦੇ ਖਾਤੇ ਵਿੱਚ ਜਮ੍ਹਾਂ ਕਰਵਾਏ ਜਾਣਗੇ। ਇਹ ਜਾਣਕਾਰੀ ਸਥਾਨਕ ਸਰਕਾਰਾਂ ਅਤੇ ਉਦਯੋਗ ਮੰਤਰੀ ਪੰਜਾਬ ਸ੍ਰੀ ਤੀਕਸ਼ਨ ਸੂਦ ਨੇ ਅੱਜ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਸਿਹਤ ਵਿਭਾਗ ਵੱਲੋਂ ਬੱਚੀ ਬਚਾਓ ਮੁਹਿੰਮ ਤਹਿਤ ਜ਼ਿਲ੍ਹਾ ਪੱਧਰੀ ਸਮਾਰੋਹ ਦੇ ਮੌਕੇ ਤੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੀਤਾ। ਇਸ ਮੌਕੇ ਤੇ ਉਨ੍ਹਾਂ ਨੇ ਜ਼ਿਲ੍ਹਾ ਪੱਧਰੀ ਸਮਾਰੋਹ ਦਾ ਉਦਘਾਟਨ ਗੁਬਾਰੇ ਉਡਾ ਕੇ ਕਰਨ ਉਪਰੰਤ ਬੱਚੀ ਬਚਾਓ ਮੁਹਿੰਮ ਤਹਿਤ ਲਗਾਈ ਗਈ ਪ੍ਰਦਰਸ਼ਨੀ ਨੂੰ ਵੀ ਦੇਖਿਆ।
ਸ੍ਰੀ ਸੂਦ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਚਲਾਈ ਗਈ ਬੱਚੀ ਬਚਾਓ ਮੁਹਿੰਮ ਨਾਲ ਭਰੂਣ ਹੱਤਿਆ ਰੋਕਣ ਵਿੱਚ ਕਾਫ਼ੀ ਹੱਦ ਤੱਕ ਸਫ਼ਲਤਾ ਮਿਲੀ ਹੈ। ਉਨ੍ਹਾਂ ਦੱਸਿਆ ਕਿ ਸਾਲ 2011 ਦੇ ਪ੍ਰਾਪਤ ਅੰਕੜਿਆ ਮੁਤਾਬਕ 1000 ਔਰਤਾਂ ਪਿਛੇ 48 ਔਰਤਾਂ ਦਾ ਅਨੁਪਾਤ ਘੱਟ ਹੋਇਆ ਹੈ ਜੋ ਕਿ ਭਾਰਤ ਦਾ ਇਸ ਸਮੇਂ 1000 ਔਰਤਾਂ ਪਿਛੇ 940 ਹੈ। ਪੰਜਾਬ ਵਿੱਚ 893 ਅਤੇ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ 961. 52 ਹੈ। ਇਹ ਸਿਹਤ ਵਿਭਾਗ, ਭਾਈਵਾਲ ਵਿਭਾਗਾਂ ਅਤੇ ਸਾਰਿਆਂ ਦੇ ਸਹਿਯੋਗ ਨਾਲ ਹੀ ਹੋਇਆ ਹੈ। ਇਸ ਨੂੰ ਹੋਰ ਵੱਧ ਤੋਂ ਵੱਧ ਲਿੰਗ ਅਨੁਪਾਤ ਦੇ ਵਾਧੇ ਨੂੰ ਰੋਕਣ ਲਈ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਲੜਕੀਆਂ ਲਈ ਵਿਸ਼ੇਸ਼ ਭਲਾਈ ਸਕੀਮਾਂ ਬਣਾਈਆਂ ਗਈਆਂ ਹਨ। ਸਰਕਾਰੀ ਸਕੂਲਾਂ ਵਿੱਚ ਲੜਕੀਆਂ ਨੂੰ ਦਸਵੀਂ ਤੱਕ ਮੁਫ਼ਤ ਵਿਦਿਆ ਅਤੇ ਕਾਪੀਆ-ਕਿਤਾਬਾਂ ਦਿੱਤੀਆਂ ਜਾ ਰਹੀਆਂ ਹਨ। ਗਿਆਰਵੀਂ ਅਤੇ ਬਾਹਰਵੀਂ ਵਿੱਚ ਪੜਦੀਆਂ ਲੜਕੀਆਂ ਨੂੰ ਸਾਈਕਲ ਦਿੱਤੇ ਜਾ ਰਹ ੇਹਨ ਅਤੇ ਗਰੀਬ ਪ੍ਰੀਵਾਰਾਂ ਦੀਆਂ ਲੜਕੀਆਂ ਨੂੰ ਸ਼ਾਦੀ ਦੇ ਮੌਕੇ ਤੇ ਸ਼ਗਨ ਸਕੀਮ ਤਹਿਤ 15 ਹਜ਼ਾਰ ਰੁਪਏ ਦਿੱਤੇ ਜਾ ਰਹੇ ਹਨ।
ਸ੍ਰੀ ਸੂਦ ਨੇ ਦੱਸਿਆ ਕਿ ਐਮਰਜੈਂਸੀ ਸਿਹਤ ਸੇਵਾਵਾਂ ਦੇਣ ਲਈ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ 108 ਨੰਬਰ ਦੀਆਂ 10 ਐਬੂਲੈਂਸਾਂ ਕੰਮ ਕਰ ਰਹੀਆਂ ਹਨ ਅਤੇ ਇਨ੍ਹਾਂ ਐਬੂਲੈਂਸਾਂ ਵਿੱਚ ਫ਼ਸਟ ਏਡ ਤੋਂ ਲੈ ਕੇ ਔਰਤਾਂ ਦੇ ਜਨੇਪੇ ਤੱਕ ਐਬੂਲੈਂਸ ਵਿੱਚ ਹੀ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ 6 ਜਨੇਪੇ ਇਨ੍ਹਾਂ ਐਬੂਲੈਂਸਾਂ ਵਿੱਚ ਜਦ ਕਿ 40 ਜਣੇਪੇ ਸਾਰੇ ਪੰਜਾਬ ਵਿੱਚ ਹੋਏ ਹਨ ਜਿਸ ਨਾਲ ਜੱਚਾ-ਬੱਚਾ ਦੀਆਂ ਕੀਮਤੀ ਜਾਨਾਂ ਬਚਾਉਣ ਵਿੱਚ ਇਨ੍ਹਾਂ ਐਬੂਲੈਂਸਾਂ ਨੇ ਸ਼ਲਾਘਾਯੋਗ ਕੰਮ ਕੀਤਾ ਹੈ।
ਸਿਵਲ ਸਰਜਨ ਹੁਸ਼ਿਆਰਪੁਰ ਡਾ. ਯਸ਼ ਮਿੱਤਰਾ ਨੇ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ 0-6 ਸਾਲ ਦੇ ਬੱਚਿਆਂ ਦੇ ਲਿੰਗ ਅਨੁਪਾਤ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ 2001 ਵਿੱਚ 812 ਤੋਂ 859 ਦਾ ਫਰਕ ਪਿਆ ਹੈ। ਇਸ ਨੂੰ ਹੋਰ ਘੱਟ ਕਰਨ ਲਈ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਚਲ ਰਹੀਆਂ 108 ਨੰਬਰ ਦੀਆਂ 10 ਐਬੂਲੈਂਸਾਂ 24 ਘੰਟੇ ਸਰਵਿਸ ਦੇ ਰਹੀਆਂ ਹਨ ਅਤੇ ਇਨ੍ਹਾਂ ਨੂੰ ਕਿਸੇ ਵੀ ਅਮਰਜੈਂਸੀ ਦੀ ਹਾਲਤ ਵਿੱਚ 108 ਨੰਬਰ ਡਾਇਲ ਕਰਕੇ ਇਸ ਦੀਆਂ ਸੇਵਾਵਾਂ ਲਈਆਂ ਜਾ ਸਕਦੀਆਂ ਹਨ ਜੋ ਕਿ ਬਿਲਕੁਲ ਮੁਫ਼ਤ ਹਨ।
ਇਸ ਮੌਕੇ ਤੇ ਡਾ. ਅਜੇ ਬੱਗਾ, ਡਾ. ਸੀ ਐਲ ਕਾਜ਼ਲ, ਡਾ. ਡੀ ਬੀ ਕਪੂਰ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਮਨਮੋਹਨ ਕੌਰ ਨੇ ਵੀ ਜਾਗਰੁਕਤਾ ਭਰਪੂਰ ਜਾਣਕਾਰੀ ਦਿੱਤੀ। ਇਸ ਮੌਕੇ ਤੇ ਜਿਲ੍ਹਾ ਪ੍ਰਧਾਨ ਭਾਜਪਾ ਜਗਤਾਰ ਸਿੰਘ, ਜਨਰਲ ਸਕੱਤਰ ਜ਼ਿਲ੍ਹਾ ਭਾਜਪਾ ਕਮਲਜੀਤ ਸੇਤੀਆ, ਐਡਵੋਕੇਟ ਜਵੇਦ ਸੂਦ, ਅਸ਼ਵਨੀ ਓਹਰੀ, ਵਿਨੋਦ ਪਰਮਾਰ, ਡਾ ਅਨਿਲ ਮਹਾਜਨ, ਲਾਇਨਜ਼ ਕਲੱਬ ਦੇ ਪ੍ਰਧਾਨ ਜਿਅੰਤਾ ਅਹੂਜਾ, ਲਾਈਨ ਵਿਜੇ ਅਰੋੜਾ, ਸ਼ਾਮ ਲਾਲ ਰਾਣਾ, ਮੋਹਨ ਵੀਰ ਸਿੰਘ, ਰੋਹਿਤ ਅਗਵਰਾਲ, ਰਵੀ ਸਰੂਪ, ਜਗਦੀਸ਼ ਰੋਸਲ, ਅਜੇ ਕਪੂਰ, ਅਮ੍ਰਿਤ ਲਾਲ ਵੈਦ, ਜ਼ਿਲ੍ਹੇ ਭਰ ਦੇ ਸਮੂਹ ਸੀਨੀਅਰ ਮੈਡੀਕਲ ਅਫ਼ਸਰ, ਪੈਰਾ ਮੈਡੀਕਲ ਸਟਾਫ਼, ਫੀਮੇਲ ਟਰੇਨਿੰਗ ਸਕੂਲ ਦੇ ਸਿਖਿਆਰਥੀ ਅਤੇ ਵਿਦਿਆਰਥੀ ਹਾਜ਼ਰ ਸਨ। ਇਸ ਮੌਕੇ ਤੇ ਬਹੁ ਰੰਗ ਕਲਾਮੰਚ ਦੇ ਕਲਾਕਾਰਾਂ ਵੱਲੋਂ ਭਰੂਣ ਹੱਤਿਆ ਤੇ ਅਧਾਰਤ ਸਕਿੱਟ ਵੀ ਪੇਸ਼ ਕੀਤੀ।