ਲੁਧਿਆਣਾ – ਕੌਮੀ ਕਾਨੂੰਨੀ ਸੇਵਾਵਾਂ ਦਿਵਸ ਮੌਕੇ ਸਰਕਾਰੀ ਕਾਲਜ (ਲੜਕੀਆਂ) ਵਿਖੇ ਕਰਵਾਏ ਸੈਮੀਨਾਰ ਮੌਕੇ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਐਸ.ਪੀ. ਬਾਂਗੜ ਨੇ ਦੇਸ਼ ‘ਚ ਕਾਨੂੰਨੀ ਸਿੱਖਿਆ ਪ੍ਰਤੀ ਹਰ ਵਰਗ ਨੂੰ ਸੁਚੇਤ ਹੋਣ ਦੀ ਲੋੜ ‘ਤੇ ਜ਼ੋਰ ਦਿੱਤਾ।
ਇਸ ਮੌਕੇ ਕਾਲਜ ਦੇ ਹਾਲ ‘ਚ ਕਰਵਾਏ ਸੈਮੀਨਾਰ ਦੌਰਾਨ ਬੋਲਦਿਆਂ ਸ੍ਰੀ ਬਾਂਗੜ ਨੇ ਕਿਹਾ ਕਿ ਕਾਨੂੰਨੀ ਸਿੱਖਿਆ ਪ੍ਰਤੀ ਸੁਚੇਤ ਕਰਨ ਦੇ ਮਕਸਦ ਨਾਲ ਹੀ ਕਾਲਜਾਂ ‘ਚ ਲੀਗਲ ਲਿਟਰੇਸੀ ਕਲੱਬ ਖੋਲ੍ਹੇ ਜਾ ਰਹੇ ਹਨ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਚੇਤਨਾ ਫੈਲਾਈ ਜਾ ਸਕੇ। ਸ੍ਰੀ ਬਾਂਗੜ ਨੇ ਕੌਮੀ ਕਾਨੂੰਨੀ ਸੇਵਾਵਾਂ ਦਿਵਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪੱਧਰ ਤੋਂ ਲੈ ਕੇ ਰਾਸ਼ਟਰੀ ਪੱਧਰ ਤੱਕ ਬਣੀਆਂ ਕਾਨੂੰਨੀ ਸੇਵਾਵਾਂ ਅਥਾਰਟੀਆਂ ਰਾਹੀਂ ਯੋਗ ਵਿਅਕਤੀ ਮੁਫਤ ਕਾਨੂੰਨੀ ਸਹਾਇਤਾ ਲੈ ਸਕਣ, ਇਸ ਮਕਸਦ ਨਾਲ ਹੀ ਹਰ ਸਾਲ 9 ਨਵੰਬਰ ਨੂੰ ਕੌਮੀ ਕਾਨੂੰਨੀ ਸੇਵਾਵਾਂ ਦਿਵਸ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਲਈ ਬਰਾਬਰ ਨਿਆਂ ਅਤੇ ਬਰਾਬਰ ਮੌਕੇ ਯਕੀਨੀ ਬਣਾਉਣਾ ਇਸ ਦਿਵਸ ਨੂੰ ਮਨਾਉਣ ਦਾ ਮੁੱਖ ਮਨੋਰਥ ਹੈ।
ਉਨ੍ਹਾਂ ਕਿਹਾ ਕਿ ਕਾਨੂੰਨ ‘ਚ ਵਿਸ਼ਵਾਸ ਬਣਾਏ ਰੱਖਣਾ ਬੁਹਤ ਜ਼ਰੂਰੀ ਹੈ ਅਤੇ ਠੀਕ-ਗਲਤ ਦਾ ਨਿਤਾਰਾ ਸਭ ਤੋਂ ਪਹਿਲਾਂ ਹਰ ਮਨੁੱਖ ਨੂੰ ਨਿੱਜੀ ਪੱਧਰ ‘ਤੇ ਕਰਨਾ ਚਾਹੀਦਾ ਹੈ। ਉਨ੍ਹਾਂ ਭ੍ਰਿਸ਼ਟਾਚਾਰ, ਦਹੇਜ, ਨਸ਼ਿਆਂ, ਲੜਾਈ-ਝਗੜੇ, ਸੜਕੀ ਆਵਾਜਾਈ ਅਤੇ ਭਰੂਣ ਹੱਤਿਆ ਸਬੰਧੀ ਕਾਨੂੰਨਾਂ ਦੀ ਉਦਾਹਰਣਾਂ ਸਹਿਤ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੂੰ ਚੰਗਾ ਭਵਿੱਖ ਬਣਾਉਣ ਲਈ ਮਿਹਨਤ, ਸਿੱਖਣ ਦੀ ਲਾਲਸਾ ਅਤੇ ਵਿਚਾਰਵਾਨ ਬਣਨ ਦੀ ਵੀ ਸ੍ਰੀ ਬਾਂਗੜ ਨੇ ਹੌਂਸਲਾ ਅਫਜਾਈਂ ਕੀਤੀ।
ਉਨ੍ਹਾਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਦੱਸਿਆ ਕਿ ਕੋਈ ਵੀ ਨਾਗਰਿਕ ਕਾਨੂੰਨੀ ਸੇਵਾਵਾਂ ਤੋਂ ਵਾਂਝਾ ਨਹੀਂ ਰਹਿ ਸਕਦਾ ਕਿਉਂ ਕਿ ਇਸ ਸਬੰਧੀ ਸਹਾਇਤਾ ਕਰਨ ਲਈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀਆਂ ਦੀ ਸਥਾਪਨਾ ਕੀਤੀ ਹੋਈ ਹੈ। ਸ੍ਰੀ ਬਾਂਗੜ ਨੇ ਖਾਸ ਤੌਰ ‘ਤੇ ਵਿਦਿਆਰਥਣਾਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਸਿਵਲ ਸੁਸਾਇਟੀ ‘ਚ ਵਿਦਿਆਰਥੀ ਤੇ ਨੌਜਵਾਨ ਵਰਗ ਦਾ ਯੋਗਦਾਨ ਬਹੁਤ ਅਹਿਮ ਹੁੰਦਾ ਹੈ ਇਸ ਲਈ ਚੰਗਾ ਸਮਾਜ ਸਿਰਜਨ ਲਈ ਵਿਦਿਆਰੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਹਾਇਕ ਜ਼ਿਲ੍ਹਾ ਅਟਾਰਨੀ (ਕਾਨੂੰਨੀ ਸੇਵਾਵਾਂ) ਮੈਡਮ ਰਿਤੂ ਜੈਨ, ਸ੍ਰੀ ਅਸ਼ੋਕ ਮਿੱਤਲ, ਸ੍ਰੀ ਐਚ.ਐਸ. ਸਿੱਧੂ, ਮੈਡਮ ਪੱਪੂ ਅਵਿਨਾਸ਼ ਸਿੰਘ, ਐਡਵੋਕੇਟ ਦਵਿੰਦਰ ਸਿੰਘ ਸੈਣੀ, ਪ੍ਰਿੰਸੀਪਲ ਗੁਰਵਿੰਦਰ ਕੌਰ ਅਤੇ ਕਾਲਜ ਦੇ ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ।