November 13, 2011 admin

ਪ੍ਰਕਾਸ਼ ਦਿਵਸ ‘ਤੇ ਖ਼ਾਲਸਾ ਕਾਲਜ ਵਿਦਿਅਕ ਸੰਸਥਾਵਾਂ ਵਲੋਂ ਨਗਰ ਕੀਰਤਨ

ਅੰਮ੍ਰਿਤਸਰ – ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਖ਼ਾਲਸਾ ਕਾਲਜ ਨਾਲ ਸਬੰਧਿਤ ਵਿਦਿਅਕ ਅਦਾਰਿਆਂ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਸ ਨਗਰ ਕੀਰਤਨ ਵਿਚ ਖਾਲਸਾ ਕਾਲਜ ਨਾਲ ਸਬੰਧਿਤ ਸਕੂਲਾਂ ਅਤੇ ਕਾਲਜਾਂ ਦੇ ਲਗਪਗ ਦਸ ਹਜ਼ਾਰ ਵਿਦਿਆਰਥੀਆਂ ਨੇ ਭਾਗ ਲਿਆ। ਇਸ ਨਗਰ ਕੀਰਤਨ ਵਿੱਚ ਵਿਦਿਆਰਥੀ-ਵਿਦਿਆਰਥਣਾਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ, ਰਾਜ ਕਰੇਗਾ ਖ਼ਾਲਸਾ, ਪੰਥ ਕੀ ਜੀਤ ਆਦਿ ਜੈਕਾਰੇ ਗੁਜਾਉਂਦੇ ਹੋਏ ਸ਼ਾਮਿਲ ਹੋਏ।
ਨਗਰ ਕੀਰਤਨ ਵਿੱਚ ਕਾਲਜ/ਸਕੂਲ ਦੇ ਵਿਦਿਆਰਥੀਆਂ ਨੇ ਸੰਗਤਾਂ ਨੂੰ ਕਥਾ ਕੀਰਤਨ ਰਾਹੀਂ ਨਿਹਾਲ ਕੀਤਾ। ਇਸ ਮੌਕੇ ‘ਤੇ ਕਾਲਜ ਦੇ ਵਿਦਿਆਰਥੀਆਂ ਨੇ ਗਤਕੇ ਦੇ ਜੌਹਰ ਵੀ ਦਿਖਾਏ। ਸ਼ਬਦ ਗਾਇਣ ਕਰਦਿਆਂ ਇਹ ਨਗਰ ਕੀਰਤਨ ਖਾਲਸਾ ਕਾਲਜ ਤੋਂ ਸ਼ੁਰੂ ਹੋ ਕੇ ਪੁਤਲੀਘਰ ਚੌਂਕ, ਰੇਲਵੇ ਸਟੇਸ਼ਨ, ਭੰਡਾਰੀ ਪੁੱਲ ਅਤੇ ਹਾਲ ਬਜਾਰ ਤੋਂ ਹੁੰਦਾ ਹੋਇਆ ਸ੍ਰੀ ਦਰਬਾਰ ਸਾਹਿਬ ਪਹੁੰਚ ਕੇ ਨਤਮਸਤਕ ਹੋਇਆ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਸਮੂਹਕ ਅਰਦਾਸ ਹੋਈ।
ਪ੍ਰਕਾਸ਼ ਦਿਵਸ ਦੀ ਸੰਗਤਾਂ ਨੂੰ ਵਧਾਈ ਦਿੰਦਿਆਂ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ, ਸ. ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਭਾਰਤੀ ਸਮਾਜ ਦੀ ਅਧੋਗਤੀ ਵਾਲੀ ਦਿਸ਼ਾ ਨੂੰ ਗੰਭੀਰਤਾ ਨਾਲ ਮਹਿਸੂਸ ਕੀਤਾ। ਉਨ੍ਹਾਂ ਪਹਿਲਾ ਕਦਮ ਇਹ ਚੁੱਕਿਆ ਕਿ ਇਥੋਂ ਦੀ ਜਨਤਾ ਨੂੰ ਆਪਣੀ ਊਚ-ਨੀਚ ਤੇ ਜਾਤ-ਪਾਤ ਦੇ ਵਿਤਕਰੇ ਤੋਂ ਨਿਜਾਤ ਦਿਵਾਈ ਜਾਵੇ। ਉਨ੍ਹਾਂ ਨੇ ਉੱਚ ਸ਼੍ਰੇਣੀਆਂ ਵਾਲੇ ਲੋਕਾਂ ਦੁਆਰਾ ਪੈਦਾ ਕੀਤੀਆਂ ਫੋਕੀਆਂ ਰਸਮਾਂ, ਰੀਤਾਂ, ਵੰਡ ਵਿਤਕਰੇ ‘ਤੇ ਕਰਾਰੀ ਸੱਟ ਮਾਰੀ ਤੇ ਵਿਦੇਸ਼ੀ ਹਮਲਾਵਰਾਂ ਨੂੰ ਵੀ ਡੱਟ ਕੇ ਵੰਗਾਰਿਆ।
ਇਸ ਮੌਕੇ ਸ. ਸੁਖਦੇਵ ਸਿੰਘ ਅਬਦਾਲ, ਸ.ਅਜਮੇਰ ਸਿੰਘ ਹੇਰ, ਪ੍ਰਿੰਸੀਪਲ (ਡਾ.) ਦਲਜੀਤ ਸਿੰਘ, ਪ੍ਰਿੰਸੀਪਲ (ਡਾ.) ਜਸਵਿੰਦਰ ਸਿੰਘ ਢਿਲੋਂ, ਪ੍ਰਿੰਸੀਪਲ (ਡਾ.) ਸੁਖਬੀਰ ਕੌਰ ਮਾਹਲ, ਪ੍ਰਿੰੰਸੀਪਲ (ਡਾ.) ਆਰ.ਪੀ. ਸਿੰਘ, ਪ੍ਰਿੰਸੀਪਲ (ਡਾ.) ਸੁਰਿੰਦਰਪਾਲ ਕੌਰ ਢਿਲੋਂ, ਪ੍ਰਿੰਸੀਪਲ (ਡਾ.) ਬਲਵਿੰਦਰ ਕੌਰ ਬੁੱਟਰ, ਪ੍ਰਿੰਸੀਪਲ (ਡਾ.) ਆਰ.ਕੇ. ਧਵਨ, ਪ੍ਰਿੰਸੀਪਲ ਸਰਵਜੀਤ ਕੌਰ ਬਰਾੜ, ਪ੍ਰਿੰਸੀਪਲ ਨਿਰਮਲ ਸਿੰਘ ਭੰਗੂ, ਪ੍ਰਿੰਸੀਪਲ ਡੀ.ਕੇ. ਸੰਧੂ, ਅਧਿਆਪਕ ਸਾਹਿਬਾਨ ਅਤੇ ਗੈਰ ਅਧਿਆਪਨ ਸਟਾਫ ਮੈਂਬਰ ਸ਼ਰਧਾ ਸਹਿਤ ਹਾਜ਼ਰ ਸਨ। ਰਸਤੇ ਵਿਚ ਥਾਂ-ਥਾਂ ਉੱਤੇ ਇਸ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਦਲਜੀਤ ਸਿੰਘ ਨੇ ਬੱਚਿਆਂ ਦੀ ਅਥਾਹ ਸ਼ਰਧਾ ਤੇ ਉਮਾਹ ਵੇਖ ਕੇ ਗੁਰਪੁਰਬ ਦੀ ਲੱਖ-ਲੱਖ ਵਧਾਈ ਦਿੱਤੀ।

Translate »