November 13, 2011 admin

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵਿਸ਼ਾਲ ਨਗਰ-ਕੀਰਤਨ ਆਯੋਜਿਤ

ਅੰਮ੍ਰਿਤਸਰ – ਜਦੋਂ ਸੰਸਾਰ ‘ਤੇ ਕੂੜ-ਕੁਸੱਤ ਅਤੇ ਅਧਰਮ ਦਾ ਬੋਲਬਾਲਾ ਸੀ ਤਾਂ ਅਕਾਲ ਪੁਰਖ ਆਪਣੇ ਦਰ ਤੋਂ ਵਰੋਸਾਈ ਹੋਈ ਕਿਸੇ ਆਤਮਾ ਨੂੰ ਧਰਤੀ ‘ਤੇ ਭੇਜਦਾ ਹੈ। ਸਿੱਖ ਧਰਮ ਦੇ ਬਾਨੀ, ਮਾਨਵਤਾ ਦੇ ਮਹਾਨ ਰਹਿਬਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਵੀ ਅਜਿਹੇ ਮਨੋਰਥ ਦੀ ਪੂਰਤੀ ਲਈ ਹੋਇਆ ਸੀ। ਇਤਿਹਾਸ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਸਮੇਂ ਵੀ ਜ਼ੁਲਮ, ਅਨਿਆਂ ਅਤੇ ਅਧਰਮ ਦਾ ਇਸ ਧਰਤੀ ‘ਤੇ ਬੋਲਬਾਲਾ ਸੀ। ਉਸ ਵਕਤ ਪਰਉਪਕਾਰੀ ਸਤਿਗੁਰੂ ਚੌਹਾਂ ਉਦਾਸੀਆਂ ਰਾਹੀਂ ਚਾਰੇ ਦਿਸ਼ਾਵਾਂ ਵਿੱਚ ਧਰਮ ਦਾ ਪ੍ਰਸਾਰ ਕੀਤਾ। ਪਰਉਪਕਾਰੀ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ‘ਚ ਵਿਸ਼ਾਲ ਨਗਰ-ਕੀਰਤਨ ਆਯੋਜਿਤ ਕੀਤਾ ਗਿਆ। ਫੁੱਲਾਂ ਨਾਲ ਸੱਜੀ ਸੁਨਹਿਰੀ ਪਾਲਕੀ ਵਿੱਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਜੀ ਚੌਰ ਸਾਹਿਬ ਦੀ ਸੇਵਾ ਕਰ ਰਹੇ ਸਨ।
ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਵੇਲ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਸ. ਬਾਵਾ ਸਿੰਘ ਗੁਮਾਨਪੁਰਾ, ਸ. ਹਰਜਾਪ ਸਿੰਘ ਸੁਲਤਾਨਵਿੰਡ ਤੇ ਸ. ਬਿਕਰਮਜੀਤ ਸਿੰਘ ਕੋਟਲਾ, ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਦਲਮੇਘ ਸਿੰਘ ਖੱਟੜਾ, ਐਡੀਸ਼ਨਲ ਸਕੱਤਰ ਸ. ਮਨਜੀਤ ਸਿੰਘ, ਸ. ਹਰਭਜਨ ਸਿੰਘ, ਸ. ਦਿਲਬਾਗ ਸਿੰਘ, ਸ. ਤਰਲੋਚਨ ਸਿੰਘ, ਸ. ਹਰਜੀਤ ਸਿੰਘ ਤੇ ਸ. ਸਤਬੀਰ ਸਿੰਘ, ਪੱਤਰ ਵਿਹਾਰ ਕੋਰਸ ਦੇ ਡਾਇਰੈਕਟਰ ਡਾ. ਜਸਬੀਰ ਸਿੰਘ ਸਾਬਰ, ਮੀਤ ਸਕੱਤਰ ਸ. ਹਰਭਜਨ ਸਿੰਘ ਮਨਾਵਾਂ, ਸ. ਕੁਲਦੀਪ ਸਿੰਘ, ਸ. ਅੰਗਰੇਜ਼ ਸਿੰਘ, ਸ. ਦਿਲਜੀਤ ਸਿੰਘ ਬੇਦੀ, ਸ. ਕੇਵਲ ਸਿੰਘ, ਸ. ਜਸਪਾਲ ਸਿੰਘ ਤੇ ਸ. ਰਣਜੀਤ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸ. ਹਰਬੰਸ ਸਿੰਘ ਮੱਲ੍ਹੀ ਤੇ ਸ. ਪ੍ਰਤਾਪ ਸਿੰਘ, ਕੇਂਦਰੀ ਸਿੱਖ ਅਜਾਇਬ ਘਰ ਦੇ ਕਿਊਰੇਟਰ ਸ. ਇਕਬਾਲ ਸਿੰਘ (ਮੁਖੀ) ਪਬਲੀਸਿਟੀ ਵਿਭਾਗ ਦੇ ਇੰਚਾਰਜ ਸ. ਕੁਲਵਿੰਦਰ ਸਿੰਘ ਰਮਦਾਸ, ਸ. ਕਰਮਬੀਰ ਸਿੰਘ, ਸ. ਸੁਰਿੰਦਰਪਾਲ ਸਿੰਘ, ਸ. ਪਰਮਦੀਪ ਸਿੰਘ, ਸ. ਜਸਵਿੰਦਰ ਸਿੰਘ ਦੀਪ, ਸੁਪ੍ਰਿੰਟੈਂਡੈਂਟ ਸ. ਹਰਮਿੰਦਰ ਸਿੰਘ ਮੂਧਲ, ਸ/ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ, ਚੀਫ਼ ਅਕਾਊਂਟੈਂਟ ਸ. ਹਰਿੰਦਰਪਾਲ ਸਿੰਘ ਤੇ ਸ. ਰਜਿੰਦਰ ਸਿੰਘ, ਅਕਾਊਂਟੈਂਟ ਸ. ਮਿਲਖਾ ਸਿੰਘ, ਇੰਟਰਨਲ ਆਡਿਟਰ ਸ. ਦਰਸ਼ਨ ਸਿੰਘ, ਐਡੀਸ਼ਨਲ ਮੈਨੇਜਰ ਸ. ਬਲਦੇਵ ਸਿੰਘ, ਸ. ਮਹਿੰਦਰ ਸਿੰਘ, ਸ. ਸੁਖਦੇਵ ਸਿੰਘ ਤਲਵੰਡੀ, ਸ. ਬਿਅੰਤ ਸਿੰਘ ਤੇ ਸ. ਰਘਬੀਰ ਸਿੰਘ, ਮੀਤ ਮੈਨੇਜਰ ਸ. ਮੰਗਲ ਸਿੰਘ, ਸ. ਸੁੱਚਾ ਸਿੰਘ ਤੇ ਸ. ਪਰਮਜੀਤ ਸਿੰਘ, ਸਕੂਲਾਂ/ਕਾਲਜਾਂ ਦੇ ਵਿਦਿਆਰਥੀ, ਸਿੰਘ ਸਭਾਵਾਂ, ਟਕਸਾਲਾਂ, ਧਾਰਮਿਕ ਸਭਾ-ਸੁਸਾਇਟੀਆਂ, ਨਿਹੰਗ ਸਿੰਘ ਜਥੇਬੰਦੀਆਂ, ਗਤਕਾ ਪਾਰਟੀਆਂ ਤੇ ਵੱਖ-ਵੱਖ ਬੈਂਡ ਪਾਰਟੀਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਧਰਮ ਪ੍ਰਚਾਰ ਕਮੇਟੀ ਤੇ ਸ੍ਰੀ ਦਰਬਾਰ ਸਾਹਿਬ ਦੇ ਸਮੁੱਚੇ ਸਟਾਫ਼ ਤੋਂ ਇਲਾਵਾ ਵੱਡੀ ਗਿਣਤੀ ‘ਚ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ।
ਇਹ ਨਗਰ ਕੀਰਤਨ ਬ੍ਰਹਮ ਬੂਟਾ ਮਾਰਕੀਟ, ਚੌਕ ਘੰਟਾ ਘਰ, ਬਜ਼ਾਰ ਮਾਈ ਸੇਵਾ, ਬਜ਼ਾਰ ਕਾਠੀਆਂ, ਬਜ਼ਾਰ ਪਾਪੜਾਂ, ਬਜ਼ਾਰ ਬਾਂਸਾਂ ਵਾਲਾ, ਚੌਕ ਛੱਤੀ ਖੂਹੀ, ਚਾਵਲ ਮੰਡੀ, ਚੌਕ ਢਾਬ ਬਸਤੀ ਰਾਮ, ਚੌਕ ਲਛਮਣਸਰ, ਚੌਕ ਮੋਨੀ, ਚੌਕ ਕਰੋੜੀ, ਚੌਕ ਮੰਨਾ ਸਿੰਘ, ਚੌਕ ਪਰਾਗਦਾਸ ਤੋਂ ਹੁੰਦਾ ਹੋਇਆ ਸ਼ਾਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮਾਪਤ ਹੋਇਆ।
10 ਨਵੰਬਰ ਨੂੰ ਗੁਰਪੁਰਬ ਵਾਲੇ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਵਿਖੇ ਸਵੇਰੇ 10 ਵਜੇ ਤੋਂ 12 ਵਜੇ ਤੀਕ ਸੁੰਦਰ ਜਲੌ ਸਜਾਏ ਜਾਣਗੇ। ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਵੇਰੇ ਮੁੱਖਵਾਕ ਦੀ ਕਥਾ ਉਪਰੰਤ ਸਕੂਲੀ ਬੱਚਿਆਂ ਦੇ ਜਥੇ ਕੀਰਤਨ ਕਰਨਗੇ ਅਤੇ ਬੱਚਿਆਂ ਨੂੰ ਗੁਰੂ ਨਾਨਕ ਗੁਰਪੁਰਬ ਕਮੇਟੀ ਵੱਲੋਂ ਇਨਾਮ ਵੀ ਦਿੱਤੇ ਜਾਣਗੇ। ਪ੍ਰਸਿੱਧ ਢਾਡੀ ਕਵੀਸ਼ਰ ਬੀਰ ਰਸੀ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਰਾਤ 7 ਵਜੇ ਤੋਂ 9 ਵਜੇ ਤੀਕ ਕੀਰਤਨ ਸਮਾਗਮ ਹੋਵੇਗਾ ਜਿਸ ਵਿੱਚ ਪ੍ਰਸਿੱਧ ਰਾਗੀ ਜਥੇ ਇਲਾਹੀ ਬਾਣੀ ਦੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ ਅਤੇ ਰਾਤ 9 ਵਜੇ ਤੋਂ ਬਾਅਦ ਕਵੀ ਸਮਾਗਮ ਹੋਵੇਗਾ ਜਿਸ ਵਿੱਚ ਉੱਚ ਕੋਟੀ ਦੇ ਕਵੀ-ਜਨ ਹਿੱਸਾ ਲੈਣਗੇ ਅਤੇ ਰਾਤ ਨੂੰ ਦੀਪਮਾਲਾ ਕੀਤੀ ਜਾਵੇਗੀ ਤੇ ਰਹਿਰਾਸ ਦੇ ਪਾਠ ਉਪਰੰਤ ਸੁੰਦਰ ਆਤਿਸ਼ਬਾਜੀ ਚਲਾਈ ਜਾਵੇਗੀ।
ਸਮੂੰਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਮਹਾਨ ਪਰਉਪਕਾਰੀ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਰਿਵਾਰਾਂ ਸਮੇਤ ਹਾਜ਼ਰੀਆਂ ਭਰਦਿਆਂ ਗੁਰਬਾਣੀ ਸਰਵਣ ਕਰਕੇ ਜਨਮ ਸਫ਼ਲਾ ਤੇ ਗੁਰੂ-ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ।
 

Translate »