November 13, 2011 admin

ਵਿਸ਼ਵ ਕੱਪ ਕਬੱਡੀ ਦੇ ਮੈਚਾਂ ਲਈ ਕੀਤੇ ਪ੍ਰਬੰਧਾਂ ਸਬੰਧੀ ਸਿੰਚਾਈ ਮੰਤਰੀ ਸ. ਜਨਮੇਜਾ ਸਿੰਘ ਸੇਖੋਂ ਵੱਲੋਂ ਸ਼ਹੀਦ ਭਗਤ ਸਿੰਘ ਸਟੇਡੀਅਮ ਦਾ ਦੌਰਾ

*ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਹੋਣਗੇ ਸਮਾਗਮ ਦੇ ਮੁੱਖ ਮਹਿਮਾਨ
ਫ਼ਿਰੋਜ਼ਪੁਰ – 12 ਨਵੰਬਰ ਨੂੰ ਇਥੋਂ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਹੋ ਰਹੇ ਵਿਸ਼ਵ ਕਬੱਡੀ ਕੱਪ ਦੀਆਂ ਤਿਆਰੀਆਂ ਤੇ ਪ੍ਰਬੰਧਾਂ ਸਬੰਧੀ ਜਾਇਜ਼ਾ ਲੈਣ ਲਈ ਸਿੰਚਾਈ ਮੰਤਰੀ ਸ. ਜਨਮੇਜਾ ਸਿੰਘ ਸੇਖੋਂ ਵੱਲੋਂ ਸ਼ਹੀਦ ਭਗਤ ਸਿੰਘ ਸਟੇਡੀਅਮ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਡਾ. ਐਸ.ਕੇ. ਰਾਜੂ, ਜ਼ਿਲ੍ਹਾ ਪੁਲੀਸ ਮੁਖੀ ਸ. ਸੁਰਜੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ. ਖਰਬੰਦਾ, ਸ੍ਰੀ ਸੁਭਾਸ਼ ਚੰਦਰ ਐਸ.ਡੀ.ਐਮ., ਸ. ਜੇ.ਜੇ. ਸਿੰਘ,  ਜ਼ਿਲ੍ਹਾ ਬੱਚਤ ਅਫਸਰ ਸ. ਬਲਦੇਵ ਸਿੰਘ ਭੁੱਲਰ, ਜ਼ਿਲ੍ਹਾ ਸਪੋਰਟਰ ਅਫਸਰ ਸ੍ਰੀ ਸੁਨੀਲ ਸ਼ਰਮਾ ਆਦਿ ਅਧਿਕਾਰੀ ਵੀ ਹਾਜ਼ਰ ਸਨ।
ਸ: ਸੇਖੋਂ ਨੇ ਕਿਹਾ ਕਿ ਫਿਰੋਜ਼ਪੁਰ ਵਾਸੀਆਂ ਲਈ ਇਹ ਬੜੇ ਮਾਣ ਵਾਲੀ ਗੱਲ ਹੈ  ਕਿ ਇਥੇ ਪਹਿਲੀ ਵਾਰ ਵਿਸ਼ਵ ਕਬੱਡੀ ਕੱਪ ਦੇ ਚਾਰ ਮੈਚ ਹੋ ਰਹੇ ਹਨ, ਜਿਨ੍ਹਾਂ ਵਿਚੋਂ ਇਕ ਮੈਚ ਲੜਕੀਆਂ ਦਾ ਵੀ ਹੋਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਖਿਡਾਰੀਆਂ ਤੇ ਦਰਸ਼ਕਾਂ ਦੀ ਸਹੂਲਤ ਲਈ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਇਸ ਤੋਂ ਇਲਾਵਾ ਪੁਲੀਸ ਵੱਲੋਂ ਸੁਰੱਖਿਆ ਦੀ ਦ੍ਰਿਸ਼ਟੀ ਤੋਂ ਵੀ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ 12 ਨਵੰਬਰ ਨੂੰ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ 12 ਵਜੇਂ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਸ਼ੁਰੂ ਹੋਵੇਗਾ, ਜਿਸ ਵਿਚ ਪ੍ਰਸਿੱਧ ਲੋਕ ਗਾਇਕ ਬਲਕਾਰ ਸਿੱਧੂ ਆਪਣੇ ਮਕਬੂਲ ਗੀਤਾਂ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਇਨ੍ਹਾਂ ਕਬੱਡੀ ਮੈਚਾਂ ਦਾ ਉਦਘਾਟਨ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੁਪਿਹਰ 1.00 ਵਜੇਂ ਆਪਣੇ ਕਰ ਕਮਲਾਂ ਨਾਲ ਕਰਨਗੇ।
ਦੁਪਿਹਰ 1.00 ਵਜੇਂ ਕਨੇਡਾ ਬਨਾਮ ਨੇਪਾਲ ਦੀਆਂ ਟੀਮਾਂ ਦੇ ਮੁਕਾਬਲੇ ਨਾਲ ਮੈਚ ਸ਼ੁਰੂ ਹੋਵੇਗਾ। ਇਸ ਉਪਰੰਤ ਆਸਟਰੇਲੀਆ ਬਨਾਮ ਅਫਗਾਨਿਸਤਾਨ, ਇੰਗਲੈਂਡ ਬਨਾਮ ਭਾਰਤ (ਲੜਕੀਆਂ) ਅਤੇ ਇੰਗਲੈਂਡ ਬਨਾਮ ਜਰਮਨ ਮਰਦਾਂ ਦੇ ਕਬੱਡੀ ਮੁਕਾਬਲੇ ਹੋਣਗੇ। ਇਹ ਸਾਰੀਆਂ ਟੀਮਾਂ ਪੂਲ ਏ ਨਾਲ ਸਬੰਧਿਤ ਹਨ। ਸਿੰਚਾਈ ਮੰਤਰੀ ਨੇ ਅੱਗੇ ਦੱਸਿਆ ਕਿ ਇਨ੍ਹਾਂ ਮੈਚਾਂ ਦੀ ਕੋਈ ਐਂਟਰੀ ਫੀਸ ਨਹੀਂ ਹੋਵੇਗੀ। ਉਨ੍ਹਾਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿਚ  12 ਨਵੰਬਰ ਨੂੰ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਪਹੁੰਚ ਕੇ ਇਨ੍ਹਾਂ ਕੌਮਾਂਤਰੀ ਕਬੱਡੀ ਮੈਂਚਾਂ ਦਾ ਆਨੰਦ ਮਾਣਨ।

Translate »