November 13, 2011 admin

ਭਾਰਤੀ ਕਬੱਡੀ ਟੀਮ ਨੇ ਸੈਮੀ ਫਾਈਨਲ ਦੀ ਟਿਕਟ ਕਟਾਈ

*ਇੰਗਲੈਂਡ ਤੇ ਜਰਮਨੀ ਨੇ ਵੀ ਆਪੋ-ਆਪਣੇ ਮੈਚ ਜਿੱਤੇ
*ਖੇਡਾਂ ਦੇ ਵਿਕਾਸ ਲਈ ਪੰਚਾਇਤਾਂ ਅੱਗੇ ਆਉਣ: ਪਰਕਾਸ਼ ਸਿੰਘ ਬਾਦਲ
*ਭਾਰਤ ਨੇ ਕੈਨੇਡਾ ਨੂੰ 51-24 ਨਾਲ ਹਰਾਇਆ
*ਇੰਗਲੈਂਡ ਨੇ ਆਸਟਰੇਲੀਆ ਨੂੰ 45-32 ਨਾਲ ਹਰਾਇਆ
*ਜਰਮਨੀ ਨੇ ਅਫਗਾਨਸਿਤਾਨ ਨੂੰ 62-26 ਨਾਲ ਹਰਾਇਆ

ਦੋਦਾ (ਮੁਕਤਸਰ) – ਖਚਾਖਚ ਭਰੇ ਦੋਦਾ ਦੇ ਪੇਂਡੂ ਖੇਡ ਸਟੇਡੀਅਮ ਵਿੱਚ ਭਾਰਤੀ ਕਬੱਡੀ ਟੀਮ ਨੇ ਫਸਵੇਂ ਮੁਕਾਬਲੇ ਵਿੱਚ ਕੈਨੇਡਾ ਨੂੰ 51-24 ਨਾਲ ਹਰਾ ਕੇ ਸੈਮੀ ਫਾਈਨਲ ਦੀ ਟਿਕਟ ਕਟਾ ਲਈ। ਵਿਸ਼ਵ ਕੱਪ ਦੇ ਸੈਮੀ ਫਾਈਨਲ ਵਿੱਚ ਦਾਖਲਾ ਪਾਉਣ ਲਈ ਭਾਰਤ ਪਹਿਲੀ ਟੀਮ ਜਿਸ ਨੇ ਹੁਣ ਤੱਕ ਖੇਡੇ ਆਪਣੇ ਸਾਰੇ 5 ਮੈਚ ਜਿੱਤੇ ਹਨ। ਇੰਗਲੈਂਡ ਤੇ ਜਰਮਨੀ ਦੀਆਂ ਟੀਮਾਂ ਨੇ ਆਪੋ-ਆਪਣੇ ਲੀਗ ਮੈਚ ਜਿੱਤ ਲਏ। ਬਠਿੰਡਾ-ਮੁਕਸਤਰ ਰੋਡ ‘ਤੇ ਸਥਿਤ ਪਿੰਡ ਦੇ ਖੇਡ ਸਟੇਡੀਅਮ ਵਿਖੇ ਅੱਜ ਦੂਜੇ ਪਰਲਜ਼ ਵਿਸ਼ਵ ਕੱਪ ਕਬੱਡੀ-2011 ਦੇ ਪੂਲ ‘ਏ’ ਦੇ ਤਿੰਨ ਮੈਚ ਖੇਡੇ ਗਏ ਜਿਨ੍ਹਾਂ ਵਿੱਚ ਭਾਰਤ ਨੇ ਕੈਨੇਡਾ ਨੂੰ 51-24 , ਇੰਗਲੈਂਡ ਨੇ ਆਸਟਰੇਲੀਆ ਨੂੰ 45-32 ਅਤੇ ਜਰਮਨੀ ਨੂੰ 62-26 ਨਾਲ ਹਰਾਇਆ।
       ਅੱਜ ਦੇ ਮੈਚਾਂ ਦੌਰਾਨ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਮੁੱਖ ਮਹਿਮਾਨ ਵਜੋਂ ਪੁੱਜੇ। ਸ. ਬਾਦਲ ਨੇ ਜਿੱਥੇ ਤਿੰਨੇ ਮੈਚਾਂ ਦੌਰਾਨ ਸਾਰੀਆਂ ਟੀਮਾਂ ਨਾਲ ਜਾਣ-ਪਛਾਣ ਕਰ ਕੇ ਮੈਚਾਂ ਦੀ ਸ਼ੁਰੂਆਤ ਕਰਵਾਈ ਉਥੇ ਮੈਦਾਨ ਵਿੱਚ ਬੈਠ ਕੇ ਸਾਰੇ ਮੈਚਾਂ ਦਾ ਆਨੰਦ ਮਾਣਿਆ। ਸ. ਬਾਦਲ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਪਹਿਲਾਂ ਮਾਂ ਬੋਲੀ ਪੰਜਾਬੀ ਨੂੰ ਮਾਣ ਦਿੱਤਾ ਅਤੇ ਹੁਣ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦਾ ਖੁੱਸਿਆ ਵੱਕਾਰ ਬਹਾਲ ਕੀਤਾ। ਮੁੱਖ ਮੰਤਰੀ ਨੇ ਇਸ ਮੌਕੇ ਪਿੰਡਾਂ ਦੇ ਸਰਪੰਚਾਂ-ਪੰਚਾਂ ਨੂੰ ਖੇਡਾਂ ਦੇ ਵਿਕਾਸ ਲਈ ਅੱਗੇ ਆਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਪੰਚਾਇਤਾਂ ਆਪਣੇ ਪੱਧਰ ‘ਤੇ ਖੇਡ ਮੈਦਾਨ ਤਿਆਰ ਕਰਵਾ ਕੇ ਖੇਡਾਂ ਸ਼ੁਰੂ ਕਰਵਾਉਣ ਅਤੇ ਸਰਕਾਰ ਉਨ੍ਹਾਂ ਦੀ ਪੂਰੀ ਮੱਦਦ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਨਵੇਂ ਸਟੇਡੀਅਮ ਬਣਾਏ, ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੇ ਪਿੰਡਾਂ ਵਿੱਚ ਕੌਮਾਂਤਰੀ ਪੱਧਰ ਦੇ ਮੁਕਾਬਲੇ ਕਰਵਾਏ ਅਤੇ ਚੋਟੀ ਦੇ ਖਿਡਾਰੀਆਂ ਨੂੰ ਨੌਕਰੀਆਂ ਦਿੱਤੀਆਂ।
       ਦਿਨ ਦਾ ਸਭ ਤੋਂ ਦਿਲ ਖਿੱਚਵਾਂ ਅਤੇ ਫਸਵਾਂ ਮੁਕਾਬਲਾ ਭਾਰਤ ਤੇ ਕੈਨੇਡਾ ਵਿਚਾਲੇ ਖੇਡਿਆ ਗਿਆ ਜਿਹੜਾ ਦਿਨ ਦਾ ਆਖਰੀ ਮੈਚ ਸੀ। ਸੈਮੀ ਫਾਈਨਲ ਵਿੱਚ ਪਹੁੰਚਣ ਲਈ ਆਪਣੇ ਪੂਲ ਵਿੱਚ ਸਿਖਰ ‘ਤੇ ਰਹਿਣ ਲਈ ਦੋਵਾਂ ਟੀਮਾਂ ਵਿਚਾਲੇ ਕਾਂਟੇ ਦੀ ਟੱਕਰ ਹੋਈ ਪਰ ਭਾਰਤੀ ਜਾਫੀਆਂ ਵੱਲੋਂ ਕੈਨੇਡੀਅਨ ਰੇਡਰਾਂ ਨੂੰ ਲਾਏ ਜੱਫਿਆਂ ਸਦਕਾ ਭਾਰਤੀ ਟੀਮ ਨੇ ਇਹ ਮੈਚ 51-24 ਨਾਲ ਜਿੱਤ ਲਿਆ। ਭਾਰਤੀ ਟੀਮ ਅੱਧੇ ਸਮੇਂ ਤੱਕ 26-13 ਨਾਲ ਅੱਗੇ ਸੀ।
       ਇਸ ਮੈਚ ਵਿੱਚ ਭਾਰਤ ਦਾ ਜਾਫੀ ਬਿੱਟੂ ਦੁਗਾਲ ਛਾਇਆ ਰਿਹਾ ਜਿਸ ਨੇ ਕੈਨੇਡਾ ਦੇ ਭੱਜੇ ਜਾਂਦੇ ਰੇਡਰਾਂ ਨੂੰ ਹੰਧਿਆਂ ਦੇ ਕੰਢਿਆਂ ਤੋਂ ਛਾਲ ਮਾਰ ਕੇ ਲੱਕ ਨੂੰ ਕੈਂਚੀ ਪਾ ਕੇ ਜੱਫੇ ਲਾਏ। ਭਾਰਤੀ ਟੀਮ ਨੇ ਇਸ ਮੈਚ ਵਿੱਚ ਆਪਣੇ ਰੇਡਰ ਗੁਲਜ਼ਾਰੀ ਮੂਣਕ ਤੇ ਗੁਰਲਾਲ ਘਨੌਰ ਨੂੰ ਆਰਾਮ ਦਿੱਤੀ। ਭਾਰਤੀ ਟੀਮ ਦੇ ਰੇਡਰਾਂ ਸੰਦੀਪ ਦਿੜ੍ਹਬਾ ਤੇ ਗਗਨਦੀਪ ਸਿੰਘ ਗੱਗੀ ਖੀਰਾਵਾਲੀ ਨੇ 9-9 ਅਤੇ ਹਰਦਵਿੰਦਰਜੀਤ ਸਿੰਘ ਦੁੱਲਾ ਸੁਰਖਪੁਰੀਆ ਨੇ 5 ਅੰਕ ਬਟੋਰੇ ਜਦੋਂ ਜਾਫੀ ਨਰਿੰਦਰ ਕੁਮਾਰ ਬਿੱਟੂ ਦੁਗਾਲ ਨੇ 6 ਜੱਫੇ ਲਾਏ। ਕੈਨੇਡਾ ਵੱਲੋਂ ਰੇਡਰ ਕੁਲਵਿੰਦਰ ਸਿੰਘ ਕਿੰਦਾ ਬਿਹਾਰੀਪੁਰੀਆ ਨੇ 6 ਅੰਕ ਹਾਸਲ ਕੀਤੇ ਜਦੋਂ ਕਿ ਜਾਫੀ ਕੁਲਵਿੰਦਰ ਸਿੰਘ ਪਿੰਦਰੀ ਗਿੱਦੜਪਿੰਡੀ ਨੇ 2 ਜੱਫੇ ਲਾਏ।
ਸ ਤੋਂ ਪਹਿਲਾਂ ਸਵੇਰੇ ਖੇਡੇ ਗਏ ਦਿਨ ਦੇ ਪਹਿਲੇ ਮੈਚ ਵਿੱਚ ਇੰਗਲੈਂਡ ਨੇ ਆਸਟਰੇਲੀਆ ਨੂੰ 45-32 ਨਾਲ ਹਰਾਇਆ। ਇੰਗਲੈਂਡ ਦੀ ਟੀਮ ਅੱਧੇ ਸਮੇਂ ਤੱਕ 24-15 ਨਾਲ ਅੱਗੇ ਸੀ। ਇੰਗਲੈਂਡ ਵੱਲੋਂ ਮੰਗਾ ਮਿੱਠਾਪੁਰੀਆ ਤੇ ਕੁਲਵਿੰਦਰ ਸਿੰਘ ਕਿੰਦਾ ਨੇ 8-8 ਅੰਕ ਬਟੋਰੇ। ਜਾਫੀਆਂ ਵਿੱਚੋਂ ਸੰਦੀਪ ਨੰਗਲ ਅੰਬੀਆਂ ਤੇ ਅਮਨਦੀਪ ਸਿੰਘ ਦੀਪਾ ਨੇ 5-5 ਜੱਫੇ ਲਾਏ। ਆਸਟਰੇਲੀਆ ਵੱਲੋਂ ਰੇਡਰ ਸੁਖਬੀਰ ਭੂਰਾ ਨੇ 8 ਅੰਕ ਲਏ ਜਦੋਂ ਕਿ ਜਾਫੀ ਬਿੱਟੂ ਠੀਕਰੀਵਾਲ ਨੇ 5 ਜੱਫੇ ਲਾਏ।
       ਦਿਨ ਦੇ ਦੂਜੇ ਮੈਚ ਵਿੱਚ ਅਫਗਾਨਸਿਤਾਨ ਨੇ ਜਰਮਨੀ ਨੂੰ ਕੁਝ ਟੱਕਰ ਦੇਣ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਉਹ ਹਾਰ ਗਈ। ਜਰਮਨੀ ਨੇ ਇਹ ਮੈਚ 62-26 ਨਾਲ ਹਰਾਇਆ। ਜਰਮਨੀ ਦੀ ਟੀਮ ਅੱਧੇ ਸਮੇਂ ਤੱਕ 34-12 ਨਾਲ ਅੱਗੇ ਸੀ। ਜਰਮਨੀ ਦੇ ਰੇਡਰ ਰਣਜੀਤ ਬਾਠ ਨੂੰ ਇਕ ਵੀ ਜੱਫਾ ਨਹੀਂ ਲੱਗਿਆ ਅਤੇ 21 ਅੰਕ ਬਟੋਰੇ। ਜਾਫੀ ਹਰਵਿੰਦਰ ਸੋਨੀ ਨੇ 8 ਜੱਫੇ ਲਾਏ। ਅਫਗਾਨਸਿਤਾਨ ਦੇ ਰੇਡਰ ਸੈਫਿਉੱਲਾ ਨੇ 9 ਅੰਕ ਬਟੋਰੇ ਜਦੋਂ ਕਿ ਜਾਫੀ ਅਜ਼ਮਲ ਅਹਿਮਜ਼ਾਦੀ ਨੇ 2 ਜੱਫੇ ਲਾਏ।
       ਅੱਜ ਦੇ ਮੈਚਾਂ ਦੌਰਾਨ ਸੰਸਦ ਮੈਂਬਰ ਬੀਬੀ ਪਰਮਜੀਤ ਕੌਰ ਗੁਲਸ਼ਨ, ਸਾਬਕਾ ਮੰਤਰੀ ਸ. ਗੁਰਦੇਵ ਸਿੰਘ ਬਾਦਲ, ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ, ਖੇਡ ਵਿਭਾਗ ਦੇ ਡਾਇਰੈਕਟਰ ਪਦਮ ਸ੍ਰੀ ਪਰਗਟ ਸਿੰਘ ਵੀ ਹਾਜ਼ਰ ਸਨ।

Translate »