ਸਾਰੀ ਫਿਜ਼ਾ ਚ ਫੈਲੀ ਖ਼ੁਸ਼ਬੂ ਤੇਰੀ ਹਿਨਾ ਦੀ
ਬਰਸੀ ਕਿ ਹੁਣ ਵੀ ਬਰਸੀ ਮਰਜ਼ੀ ਹੈ ਇਸ ਘਟਾ ਦੀ।
ਤੇਰੇ ਹੀ ਪਿਆਰ ਸਦਕਾ ਰੌਣਕ ਹੈ ਇਸ ਚਮਨ ਦੀ
ਹਰ ਸ਼ਾਮ ਹੈ ਦਿਵਾਨੀ ਸੁਣ ਰਾਗਣੀ ਹਵਾ ਦੀ।
ਰੋਮਾਂ ਚ ਆਣ ਵੱਸੇ ਜਾਦੂ ਸ਼ਬਾਬ ਵਾਲਾ
ਸੂਰਤ ਨਜ਼ਰ ਨਾ ਆਵੇ ਕੋਈ ਵੀ ਫਿਰ ਬਚਾ ਦੀ।
ਮੁਰਦੇ ਦਿਲਾਂ ਚ ਜਾਗੀ ਹੈ ਜੀਣ ਦੀ ਤਮੰਨਾ
ਰੱਖੇ ਅਦਾ ਇਹ ਤੇਰੀ ਤਾਸੀਰ ਵੀ ਦਵਾ ਦੀ।
ਅਪਣੇ ਹੀ ਪਿਆਰ ਦਾ ਹੈ ਚਰਚਾ ਹਰੇਕ ਥਾਂਵੇਂ
ਮੰਜ਼ਲ ਨੂੰ ਆਣ ਪਹੁੰਚੀ ਅਜ਼ਮਤ ਹੈ ਉਸ ਵਫਾ ਦੀ।
ਏਸੇ ਦੇ ਨਾਲ ਬੱਝੇ ਜੀਵਣ ਦੇ ਰਾਜ਼ ਸਾਰੇ
ਤਾਕਤ ਹੀ ਪਿਆਰ ਅੰਦਰ ਹੋਂਦੀ ਹੈ ਬਸ ਬਲਾ ਦੀ।
ਮੇਰੇ ਜੋ ਸੁਪਨਿਆਂ ਵਿਚ ਰੰਗਾਂ ਨੂੰ ਆਣ ਭਰਦੈਂ
ਸਿਫਤੀ ਕਰਾਂ ਮੈਂ ਕੀਕਣ ਤੇਰੀ ਮੈਂ ਉਸ ਅਦਾ ਦੀ।
ਤੇਰਾ ਪਿਆਰ ਪਾ ਕੇ ਹੋਇਆ ਨਿਹਾਲ ਜੀਵਨ
ਮਿਲਿਆ ਹੈ ਆ ਕਿਨਾਰਾ ਰਹਿਮਤ ਜਿਵੇਂ ਖ਼ੁਦਾ ਦੀ।
ਸ਼ਮਸ਼ੇਰ ਸਿੰਘ ਸੰਧੂ- ਕੈਲਗਰੀ