November 13, 2011 admin

ਪ੍ਰਧਾਨ ਮੰਤਰੀ ਨੂੰ ‘ਵਿਰਾਸਤ-ਏ-ਖਾਲਸਾ ਕੇਂਦਰ’ ਦੇ ਉਦਘਾਟਨ ਸਮਾਰੋਹ ‘ਚ ਆਉਣ ਤੋਂ ਰੋਕਣ ਲਈ ਕੈਪਟਨ ਅਮਰਿੰਦਰ ਸਿੰਘ ਸਿੱਧੇ ਤੌਰ ‘ਤੇ ਜ਼ਿੰਮੇਵਾਰ: ਬਾਦਲ

*ਕੇਂਦਰ ਵੱਲੋਂ ਤੇਲ ਦੀਆਂ ਕੀਮਤਾਂ ਵਿੱਚ ਕੀਤੇ ਜਾ ਰਹੇ ਲਗਾਤਾਰ ਵਾਧੇ ਬਾਰੇ
*ਪੰਜਾਬ ਦੀ ਕਾਂਗਰਸ ਲੀਡਰਸ਼ਿਪ ਆਪਣੀ ਚੁੱਪ ਤੋੜੇ: ਬਾਦਲ
*ਸੂਬੇਦਾਰ ਕਰਤਾਰ ਸਿੰਘ ਧਾਲੀਵਾਲ ਦੀ 15ਵੀਂ ਬਰਸੀ ‘ਤੇ ਸ਼ਰਧਾਂਜਲੀ ਸਮਾਰੋਹ

ਰੱਖੜਾ (ਪਟਿਆਲਾ) –  ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਜੇਕਰ ਪੰਜਾਬ ਦੇ ਕਾਂਗਰਸੀ ਆਗੂ ਪੰਜਾਬ ਦੇ ਹਿੱਤਾਂ ਲਈ ਗੰਭੀਰ ਹਨ ਤਾਂ ਕੇਂਦਰ ਸਰਕਾਰ ਵੱਲੋਂ ਪੈਟਰੋਲ ਦੀਆਂ ਕੀਮਤਾਂ ਵਿੱਚ ਕੀਤੇ ਜਾ ਰਹੇ ਲਗਾਤਾਰ ਭਾਰੀ ਵਾਧੇ ਬਾਰੇ ਤੁਰੰਤ ਆਪਣੀ ਚੁੱਪ ਤੋੜਦੇ ਹੋਏ ਕੇਂਦਰ ‘ਤੇ ਦਬਾਓ ਪਾਉਣ। ਜ਼ਿਲ੍ਹੇ ਦੇ ਪਿੰਡ ਰੱਖੜਾ ਵਿਖੇ ਸਾਬਕਾ ਵਿਧਾਇਕ ਸ. ਸੁਰਜੀਤ ਸਿੰਘ ਰੱਖੜਾ ਦੇ ਸਵ: ਪਿਤਾ ਸੂਬੇਦਾਰ ਕਰਤਾਰ ਸਿੰਘ ਧਾਲੀਵਾਲ ਦੀ 15ਵੀਂ ਬਰਸੀ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬਾਦਲ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਪੰਜਾਬ ਸਰਕਾਰ ਨੂੰ ਪੈਟਰੋਲ ‘ਤੇ ਟੈਕਸ ਘਟਾਉਣ ਦੀ ਸਲਾਹ ਦੇਣ ਦੀ ਬਜਾਏ ਕੇਂਦਰ ਸਰਕਾਰ ਵੱਲੋਂ 1 ਸਾਲ ਵਿੱਚ ਹੀ ਪੈਟਰੋਲ ਦੀਆਂ ਕੀਮਤਾਂ ਵਿੱਚ ਲਗਾਤਾਰ 6 ਵਾਰ ਕੀਤੇ ਗਏ 30 ਫੀਸਦੀ ਵਾਧੇ ਨੂੰ ਵਾਪਸ ਲੈਣ ਲਈ ਦਬਾਓ ਪਾਉਣ। ਸ. ਬਾਦਲ ਨੇ ਕਿਹਾ ਕਿ ਕਾਂਗਰਸ ਦੀ ਲੀਡਰਸ਼ਿਪ ਨੂੰ ਆਮ ਆਦਮੀ ਦੀਆਂ ਸਮੱਸਿਆਵਾਂ ਦੀ ਕੋਈ ਪਰਵਾਹ ਨਹੀਂ ਹੈ ਉਹ ਤਾਂ ਸਿਰਫ ਮਗਰਮੱਛ ਦੇ ਹੰਝੂ ਬਹਾ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਤੇਲ ਦੀਆਂ ਕੀਮਤਾਂ ਵਿੱਚ ਕੀਤੇ ਭਾਰੀ ਵਾਧੇ ਕਾਰਨ ਆਮ ਆਦਮੀ ‘ਤੇ ਪਏ ਵਿੱਤੀ ਬੋਝ ਨੂੰ ਘੱਟ ਕਰਨ ਲਈ ਪੰਜਾਬ ਸਰਕਾਰ ਪੈਟਰੋਲ ‘ਤੇ ਲਗਾਏ ਵੈਟ ਨੂੰ ਘਟਾਉਣ ਲਈ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ।
         ਮੁੱਖ ਮੰਤਰੀ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਸ਼੍ਰੀ ਆਨੰਦਪੁਰ ਸਾਹਿਬ ਵਿਖੇ  ‘ਵਿਰਾਸਤ-ਏ-ਖਾਲਸਾ ਕੇਂਦਰ’ ਦੇ ਉਦਘਾਟਨੀ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਨੂੰ ਸ਼ਾਮਲ ਹੋਣ ਤੋਂ ਰੋਕਣ ਦਾ ਦੋਸ਼ੀ ਠਹਿਰਾਉਂਦਿਆਂ ਕਿਹਾ ਕਿ ਕੈਪਟਨ ਨੇ ਕਦੇ ਵੀ ਪੰਜਾਬ ਦੇ ਹਿੱਤਾਂ ਦੀ ਗੱਲ ਨਹੀਂ ਕੀਤੀ। ਸ. ਬਾਦਲ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਬਹੁਤ ਸਤਿਕਾਰ ਕਰਦੇ ਹਨ ਇਸੇ ਲਈ ਉਨ੍ਹਾਂ ਨੇ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਸਿੱਖ ਕੌਮ ਦੀ ਵਿਰਾਸਤ ਨੂੰ ਸਾਂਭਣ ਲਈ ਤਿਆਰ ਕੀਤੇ ਇਸ ਵਿਲੱਖਣ ਕੇਂਦਰ ਦੇ ਉਦਘਾਟਨ ਲਈ ਰੁਤਬੇ ਦਾ ਸਤਿਕਾਰ ਕਰਦੇ ਹੋਏ ਪ੍ਰਧਾਨ ਮੰਤਰੀ ਨੂੰ ਸੱਦਾ ਦਿੱਤਾ ਸੀ ਪਰ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਦੀ ਕਾਂਗਰਸ ਪ੍ਰਧਾਨ ਸ਼੍ਰੀਮਤੀ ਸੋਨੀਆ ਗਾਂਧੀ ਨੂੰ ਹੀ ਸ਼ਿਕਾਇਤ ਲਗਾ ਦਿੱਤੀ। ਸ. ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨਾਲ ਜਿੰਨਾ ਮਰਜੀ ਧੱਕਾ ਕਰ ਲਵੇ ਪਰ ਪੰਜਾਬ ਦੇ ਕਾਂਗਰਸੀ ਆਗੂ ਆਪਣੇ ਅਹੁਦੇ ਬਚਾਉਣ ਲਈ ਹਮੇਸ਼ਾਂ ਚੁੱਪ ਵੱਟ ਰੱਖਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ 19 ਹਜ਼ਾਰ ਕਰੋੜ ਰੁਪਏ ਦੀ ਲਾਗਤ ਵਾਲੇ ਬਠਿੰਡਾ ਤੇਲ ਸੋਧਕ ਕਾਰਖਾਨਾ ਪ੍ਰੋਜੈਕਟ ਵਿੱਚ ਅੜਿੱਕਾ ਲਗਾਉਣ ਕਾਰਨ ਜਿੱਥੇ ਉਹ ਪ੍ਰੋਜੈਕਟ ਮੁਕੰਮਲ ਹੋਣ ਵਿੱਚ ਦੇਰੀ ਹੋਈ ਹੈ ਉੱਥੇ ਹੀ ਉਸਦੀ ਲਾਗਤ ਵਿੱਚ ਵੀ 3 ਹਜ਼ਾਰ ਕਰੋੜ ਰੁਪਏ ਦਾ ਵਾਧਾ ਹੋ ਗਿਆ ਹੈ ਜਿਸ ਲਈ ਕੈਪਟਨ ਅਮਰਿੰਦਰ ਸਿੰਘ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹਨ। ਇਸ ਮੌਕੇ ਪੱਤਰਕਾਰਾਂ ਵੱਲੋਂ ਵਿਰੋਧੀ ਧਿਰ ਦੀ ਨੇਤਾ ਬੀਬੀ ਰਜਿੰਦਰ ਕੌਰ ਭੱਠਲ ਵੱਲੋਂ ਦਿੱਤੇ ਇਹ ਬਿਆਨ ਕਿ ਸ. ਪਰਕਾਸ਼ ਸਿੰਘ ਬਾਦਲ ਇੱਕ ਸੱਚੇ ਸਿੱਖ ਨਹੀਂ ਹਨ, ‘ਤੇ ਸਖ਼ਤ ਪ੍ਰਤੀਕਿਰਿਆ ਜਾਹਿਰ ਕਰਦਿਆਂ ਉਹਨਾਂ ਕਿਹਾ ਕਿ ਉਨ੍ਹਾਂ ਨੂੰ ਬੀਬੀ ਭੱਠਲ ਤੋਂ ਸਿੱਖ ਹੋਣ ਬਾਰੇ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ। ਸ. ਬਾਦਲ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਮੌਜੂਦਾ ਅਕਾਲੀ-ਭਾਜਪਾ ਸਰਕਾਰ ਵੱਲੋ ਬੇਮਿਸਾਲ ਵਿਕਾਸ ਕਾਰਜਾਂ ਤੋਂ ਬੌਖਲਾ ਕੇ ਅਜਿਹੀ ਹੋਛੀ ਬਿਆਨਬਾਜ਼ੀ ‘ਤੇ ਉਤਰ ਆਈ ਹੈ।
         ਸ. ਬਾਦਲ ਨੇ ਕਿਹਾ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਹਿੱਤਾਂ ਦੀ ਰਾਖੀ ਦੀ ਬਜਾਏ ਇਹ ਬਿਆਨਬਾਜੀ ਕਰ ਰਹੇ ਹਨ ਕਿ ਉਹ ਪੰਜਾਬ ਸਰਕਾਰ ਵੱਲੋਂ ਲਗਾਏ ਜਾ ਰਹੇ ਥਰਮਲ ਪਲਾਂਟਾ ਨੂੰ ਬੰਦ ਕਰਵਾ ਦੇਣਗੇ ਜਦਕਿ ਇਹ ਥਰਮਲ ਪਲਾਂਟ ਪੰਜਾਬ ਦੀ ਖੇਤੀਬਾੜੀ, ਸਨਅਤ ਅਤੇ ਸੂਬੇ ਦੇ ਹਰੇਕ ਖੇਤਰ ਦੇ ਸਰਵਪੱਖੀ ਵਿਕਾਸ ਦਾ ਧੁਰਾ ਹਨ। ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਕਾਰ ਸੀਟਾਂ ਦੀ ਵੰਡ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸੀਟਾਂ ਦੀ ਗਿਣਤੀ ਪਹਿਲਾਂ ਜਿੰਨੀ ਹੀ ਰੱਖੀ ਜਾਵੇਗੀ ਪਰ ਜੇਕਰ ਕਿਤੇ ਸੀਟ ਬਦਲਣ ਦੀ ਲੋੜ ਪਈ ਤਾਂ ਦੋਵੇਂ ਪਾਰਟੀਆਂ ਦੀ ਆਪਸੀ ਸਹਿਮਤੀ ਨਾਲ ਫੈਸਲਾ ਕੀਤਾ ਜਾਵੇਗਾ। ਇਸ ਮੌਕੇ ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਵੰਬਰ ਮਹੀਨੇ ਵਿੱਚ ਰਾਜ ‘ਚ 4 ਵੱਡੇ ਸਮਾਗਮ ਕਰਵਾਏ ਜਾ ਰਹੇ ਹਨ ਜਿਸ ਵਿੱਚ 25 ਨਵੰਬਰ ਨੂੰ ਸ਼੍ਰੀ ਆਨੰਦਪੁਰ ਸਾਹਿਬ ਵਿਖੇ ‘ਵਿਰਾਸਤ-ਏ-ਖਾਲਸਾ ਕੇਂਦਰ’ ਕੌਮ ਨੂੰ ਸਮਰਪਿਤ ਕੀਤਾ ਜਾਵੇਗਾ ਜਦਕਿ 28 ਨਵੰਬਰ ਨੂੰ ਗੁਰਦਾਸਪੁਰ ਜ਼ਿਲ੍ਹੇ ਵਿੱਚ ਕਾਹਨੂਵਾਨ ਵਿਖੇ ਛੋਟਾ ਘੱਲੂਘਾਰਾ ਅਤੇ 29 ਨਵੰਬਰ ਨੂੰ ਸੰਗਰੂਰ ਜ਼ਿਲ੍ਹੇ ‘ਚ ਕੁਪਰਹੀੜਾ ਵਿਖੇ ਵੱਡੇ ਘੱਲੂਘਾਰੇ ਦੀਆਂ ਉਸਾਰੀਆਂ ਯਾਦਗਾਰਾਂ ਦਾ ਉਦਘਾਟਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਦੇਸ਼ ਦੀ ਪਹਿਲੀ ਆਜ਼ਾਦੀ ਜੰਗ ਦੇ ਹੀਰੋ ‘ਬਾਬਾ ਬੰਦਾ ਸਿੰਘ ਬਹਾਦਰ’ ਦੀ ਯਾਦ ਵਿੱਚ ਐਸ.ਏ.ਐਸ. ਨਗਰ ਜ਼ਿਲ੍ਹੇ ਵਿੱਚ ਚੱਪੜਚਿੜੀ ਵਿਖੇ ਬਣਾਈ ਯਾਦਗਾਰ ਕੌਮ ਨੂੰ 30 ਨਵੰਬਰ ਨੂੰ ਸਮਰਪਿਤ ਕੀਤੀ ਜਾਵੇਗੀ।
         ਇਸ ਉਪਰੰਤ ਸਵ: ਸੂਬੇਦਾਰ ਕਰਤਾਰ ਸਿੰਘ ਧਾਲੀਵਾਲ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਸ. ਬਾਦਲ ਨੇ ਕਿਹਾ ਕਿ ਸੂਬੇਦਾਰ ਕਰਤਾਰ ਸਿੰਘ ਨੇ ਜਿੱਥੇ ਫੌਜ ਵਿੱਚ ਰਹਿ ਕੇ ਦੇਸ਼ ਦੀ ਵੱਡੀ ਸੇਵਾ ਕੀਤਾ ਹੈ। ਉੱਥੇ ਰੱਖੜਾ ਪਰਿਵਾਰ ਵੱਲੋਂ ਵੀ ਸੂਬੇਦਾਰ ਕਰਤਾਰ ਸਿੰਘ ਵੱਲੋਂ ਵਿਖਾਏ ਰਾਹ ‘ਤੇ ਚਲਦਿਆਂ ਸਮਾਜ ਸੇਵਾ ਵਿੱਚ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਵੀ ਦੇਸ਼ ਜਾਂ ਸੂਬੇ ਵਿੱਚ ਕੋਈ ਸੰਕਟ ਦੀ ਘੜੀ ਆਈ ਤਾਂ ਇਸ ਪਰਿਵਾਰ ਨੇ ਲੋੜਵੰਦਾਂ ਦੀ ਵੱਧ ਚੜ ਕੇ ਸੇਵਾ ਕੀਤੀ। ਇਸ ਤੋਂ ਇਲਾਵਾ ਇਸ ਪਰਿਵਾਰ ਵੱਲੋਂ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਦਸਮੇਸ਼ ਅਕੈਡਮੀ ਦੀ ਭਾਰੀ ਵਿੱਤੀ ਮਦਦ ਕੀਤੀ। ਇਸ ਮੌਕੇ ਮੁੱਖ ਮੰਤਰੀ ਵੱਲੋਂ ਸਵ: ਸੂਬੇਦਾਰ ਕਰਤਾਰ ਸਿੰਘ ਦੀ ਯਾਦ ਵਿੱਚ ਇੱਕ ਸੋਵੀਨਾਰ ਵੀ ਜਾਰੀ ਕੀਤਾ। ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ. ਸੁਰਜੀਤ ਸਿੰਘ ਰੱਖੜਾ ਨੇ ਮੁੱਖ ਮੰਤਰੀ ਸਮੇਤ ਪੁੱਜੀਆਂ ਸਮੂਹ ਸੰਗਤਾਂ ਦਾ ਪਰਿਵਾਰ ਵੱਲੋਂ ਧੰਨਵਾਦ ਕੀਤਾ। ਇਸ ਮੌਕੇ ਰਾਜ ਸਭਾ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ, ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ, ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਪੰਜਾਬ ਦੇ ਚੇਅਰਮੈਨ ਪ੍ਰੋ: ਕਿਰਪਾਲ ਸਿੰਘ ਬਡੂੰਗਰ, ਸ਼੍ਰੋਮਣੀ ਅਕਾਲੀ ਦਲ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਸ. ਅਜੈਬ ਸਿੰਘ ਮੁਖਮੇਲਪੁਰ ਨੇ ਸਵ: ਸੂਬੇਦਾਰ ਕਰਤਾਰ ਸਿੰਘ ਨੂੰ ਸ਼ਰਧਾਂਜ਼ਲੀਆਂ ਭੇਂਟ ਕੀਤੀਆਂ।
         ਇਸ ਮੌਕੇ ਹੋਰਨਾਂ ਤੋਂ ਇਲਾਵਾ ਸਵ: ਸੂਬੇਦਾਰ ਕਰਤਾਰ ਸਿੰਘ ਦੇ ਸਪੁੱਤਰ ਅਤੇ ਉੱਘੇ ਪ੍ਰਵਾਸੀ ਭਾਰਤੀ ਸ. ਦਰਸ਼ਨ ਸਿੰਘ ਧਾਲੀਵਾਲ ਅਤੇ ਸ. ਚਰਨਜੀਤ ਸਿੰਘ ਧਾਲੀਵਾਲ, ਸਾਬਕਾ ਮੈਂਬਰ ਰਾਜ ਸਭਾ ਬੀਬਾ ਅਮਰਜੀਤ ਕੌਰ, ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ. ਹੀਰਾ ਸਿੰਘ ਗਾਬੜੀਆ, ਸਿੱਖਿਆ ਮੰਤਰੀ ਸ. ਸੇਵਾ ਸਿੰਘ ਸੇਖਵਾਂ, ਐਸ.ਜੀ.ਪੀ.ਸੀ. ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਸ. ਹਰਿੰਦਰਪਾਲ ਸਿੰਘ ਹੈਰੀਮਾਨ, ਪੰਜਾਬ ਫੂਡਗਰੇਨ ਦੇ ਚੇਅਰਮੈਨ ਸ. ਰਣਧੀਰ ਸਿੰਘ ਰੱਖੜਾ, ਪਨਸੀਡ ਦੇ ਚੇਅਰਮੈਨ ਸ. ਸੁਰਜੀਤ ਸਿੰਘ ਅਬਲੋਵਾਲ, ਪੰਜਾਬ ਮੁਲਾਜ਼ਮ ਭਲਾਈ ਬੋਰਡ ਦੇ ਚੇਅਰਮੈਨ ਸ. ਸੁਰਿੰਦਰ ਸਿੰਘ ਪਹਿਲਵਾਨ, ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਪੰਜਾਬ ਦੇ ਉਪ ਚੇਅਰਮੈਨ ਸ. ਹਰਜੀਤ ਸਿੰਘ ਅਦਾਲਤੀਵਾਲਾ, ਸਾਬਕਾ ਮੰਤਰੀ ਸ. ਸੁਰਜੀਤ ਸਿੰਘ ਕੋਹਲੀ ਤੇ ਸ. ਹਮੀਰ ਸਿੰਘ ਘੱਗਾ, ਸਾਬਕਾ ਵਿਧਾਇਕ ਸ. ਗੁਰਦੇਵ ਸਿੰਘ ਸਿੱਧੂ, ਵਿਧਾਇਕ ਸ਼੍ਰੀ ਰਾਜ ਖੁਰਾਣਾ, ਨਗਰ ਸੁਧਾਰ ਟਰਸੱਟ ਪਟਿਆਲਾ ਦੇ ਚੇਅਰਮੈਨ ਸ. ਇੰਦਰਮੋਹਨ ਸਿੰਘ ਬਜਾਜ, ਨਗਰ ਨਿਗਮ ਪਟਿਆਲਾ ਦੇ ਮੇਅਰ ਸ. ਅਜੀਤਪਾਲ ਸਿੰਘ ਕੋਹਲੀ, ਸ਼੍ਰੋਮਣੀ ਅਕਾਲੀ ਦਲ ਦੇ ਕਾਰਜ਼ਕਾਰਨੀ ਦੇ ਮੈਂਬਰ ਸ਼੍ਰੀ ਛੱਜੂ ਰਾਮ ਸੋਫਤ, ਸਾਬਕਾ ਚੇਅਰਮੈਨ ਐਸ.ਐਸ. ਬੋਰਡ ਸ. ਤੇਜਿੰਦਰਪਾਲ ਸਿੰਘ ਸੰਧੂ, ਜ਼ਿਲ੍ਹਾ ਪ੍ਰੀਸ਼ਦ ਪਟਿਆਲਾ ਦੇ ਚੇਅਰਮੈਨ ਸ. ਮਹਿੰਦਰ ਸਿੰਘ ਲਾਲਵਾ, ਚੇਅਰਮੈਨ ਮਾਰਕੀਟ ਕਮੇਟੀ ਪਟਿਆਲਾ ਸ. ਹਰਵਿੰਦਰ ਸਿੰਘ ਹਰਪਾਲਪੁਰ, ਕੌਮੀ ਜਨਰਲ ਸਕੱਤਰ ਯੂਥ ਅਕਾਲੀ ਦਲ ਸ਼੍ਰੀ ਸੰਜੀਵ ਸਿੰਗਲਾ, ਸ਼੍ਰੀਮਤੀ ਮੰਜੂ ਕੂਰੈਸ਼ੀ, ਬਾਬਾ ਭੁਪਿੰਦਰ ਸਿੰਘ, ਡਾ. ਮਨਮੋਹਨ ਸਿੰਘ, ਡਾ. ਨਵੀਨ ਸਾਰੋਂਵਾਲ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਸ. ਹਰਿੰਦਰਪਾਲ ਸਿੰਘ ਟੌਹੜਾ, ਐਸ.ਜੀ.ਪੀ.ਸੀ. ਮੈਂਬਰ ਸ. ਸੁਰਜੀਤ ਸਿੰਘ ਗੜੀ, ਸ. ਬਲਵੰਤਰ ਸਿੰਘ ਰਾਮਗੜ੍ਹ, ਸ. ਸ਼ਵਿੰਦਰ ਸਿੰਘ ਸਭਰਵਾਲ, ਸ. ਸਤਵਿੰਦਰ ਸਿੰਘ ਟੌਹੜਾ, ਸ. ਜਸਮੇਰ ਸਿੰਘ ਲਾਛੜੂ, ਸ. ਲਾਭ ਸਿੰਘ ਦੇਵੀਨਗਰ, ਸ. ਕੁਲਦੀਪ ਸਿੰਘ ਨੱਸੂਪੁਰ ਤੇ ਸ. ਨਿਰਮਲ ਸਿੰਘ ਹਰਿਆਊ, ਸ. ਜਸਪਾਲ ਸਿੰਘ ਕਲਿਆਣ, ਯੂਥ ਅਕਾਲੀ ਆਗੂ ਸ. ਸਤਬੀਰ ਸਿੰਘ ਖੱਟੜਾ, ਅਕਾਲੀ ਆਗੂ ਸ. ਮੱਖਣ ਸਿੰਘ ਲਾਲਕਾ, ਸ. ਹਰਮੀਤ ਸਿੰਘ ਪਠਾਣਮਾਜਰਾ, ਪਾਵਰ ਕਾਮ ਦੇ ਪ੍ਰਬੰਧਕੀ ਡਾਇਰੈਕਟਰ ਸ਼੍ਰੀ ਗੁਰਬਚਨ ਸਿੰਘ ਬਚੀ, ਨਗਰ ਸੁਧਾਰ ਟਰਸੱਟ ਸਮਾਣਾ ਦੇ ਚੇਅਰਮੈਨ ਸ਼੍ਰੀ ਅਸ਼ੋਕ ਮੋਦਗਿੱਲ, ਨਗਰ ਕੌਂਸਲ ਸਮਾਣਾ ਦੇ ਪ੍ਰਧਾਨ ਸ਼੍ਰੀ ਕਪੂਰ ਚੰਦ ਬਾਂਸਲ, ਸ਼੍ਰੀ ਭਗਵਾਨ ਦਾਸ ਜੁਨੇਜਾ, ਸ਼੍ਰੀ ਰਵੀ ਆਹਲੂਵਾਲੀਆ, ਪੀ.ਆਰ.ਟੀ.ਸੀ. ਦੇ ਡਾਇਰੈਕਟਰ ਸ. ਸੁਖਦਰਸ਼ਨ ਸਿੰਘ ਮਿਹੌਣ, ਸ. ਐਚ.ਐਸ. ਦਿਲਬਰ, ਜਥੇਦਾਰ ਅਮਰਜੀਤ ਸਿੰਘ ਪੰਜਰਥ, ਸ. ਸੌਦਾਗਰ ਸਿੰਘ, ਸ. ਸੁਖਜੀਤ ਸਿੰਘ ਬਘੌਰਾ, ਸ਼੍ਰੀਮਤੀ ਜਸਪਾਲ ਕੌਰ ਧਾਰਨੀ, ਐਡਵੋਕੇਟ ਸ. ਪ੍ਰਿਤਪਾਲ ਸਿੰਘ ਭਿੰਡਰ, ਸ. ਜਸਵਿੰਦਰ ਸਿੰਘ ਚੀਮਾ, ਸ. ਜਸਪ੍ਰੀਤ ਸਿੰਘ ਭਾਟੀਆ, ਆਈ.ਜੀ. ਪਟਿਆਲਾ ਜੋਨ ਸ਼੍ਰੀ ਐਸ.ਐਲ. ਗੱਖੜ, ਡਵੀਜ਼ਨਲ ਕਮਿਸ਼ਨਰ ਸ਼੍ਰੀ ਐਸ.ਆਰ. ਲੱਧੜ, ਡਿਪਟੀ ਕਮਿਸ਼ਨਰ ਸ਼੍ਰੀ ਵਿਕਾਸ ਗਰਗ, ਡੀ.ਆਈ.ਜੀ. ਸ਼੍ਰੀ ਐਲ.ਕੇ. ਯਾਦਵ, ਐਸ.ਐਸ.ਪੀ. ਸ. ਗੁਰਪ੍ਰੀਤ ਸਿੰਘ ਗਿੱਲ, ਵਧੀਕ ਡਿਪਟੀ ਕਮਿਸ਼ਨਰ ਸ. ਕੁਲਦੀਪ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਅਨਿਨਦਿੱਤਾ ਮਿੱਤਰਾ, ਐਸ.ਡੀ.ਐਮ. ਸ਼੍ਰੀ ਅਨਿਲ ਗਰਗ, ਕਮਿਸ਼ਨਰ ਨਗਰ ਨਿਗਮ ਸ. ਗੁਰਲਵਲੀਨ ਸਿੰਘ ਸਿੱਧੂ ਸਮੇਤ ਵੱਡੀ ਗਿਣਤੀ ਵਿੱਚ ਵੱਖ-ਵੱਖ ਧਾਰਮਿਕ, ਸਮਾਜਿਕ ਜਥੇਬੰਦੀਆ ਦੇ ਨੁਮਾਇੰਦੇ ਅਤੇ ਇਲਾਕੇ ਦੀ ਵੱਡੀ ਗਿਣਤੀ ਵਿੱਚ ਪਹੁੰਚੀ ਸੰਗਤ ਨੇ ਸ਼ਰਧਾਂਜਲੀ ਸਮਾਰੋਹ ਵਿੱਚ ਹਾਜ਼ਰੀ ਲਵਾਈ।

Translate »